ਪੰਜਾਬ ਅੰਦਰ ਭਾਜਪਾ ਆਪਣੇ ਬਲਬੂਤੇ ’ਤੇ ਲੜੇਗੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ: ਗਰੇਵਾਲ

Punjab-BJP
ਪੰਜਾਬ ਅੰਦਰ ਭਾਜਪਾ ਆਪਣੇ ਬਲਬੂਤੇ ’ਤੇ ਲੜੇਗੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ: ਗਰੇਵਾਲ

(ਡੀ.ਪੀ. ਜਿੰਦਲ) ਭੀਖੀ। ਭਾਜਪਾ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਪਰਚਮ ਫਹਿਰਾ ਕੇ ਦੱਸ ਦਿੱਤਾ ਹੈ ਕਿ ਕੇਂਦਰ ਵਿੱਚ ਆਉਣ ਵਾਲੀ ਸਰਕਾਰ ਭਾਰੀ ਬਹੁਮਤ ਨਾਲ ਮੁੜ ਭਾਜਪਾ ਦੀ ਅਗਵਾਈ ਵਾਲੀ ਹੀ ਬਣੇਗੀ। ਇਹ ਪ੍ਰਗਟਾਵਾ ਭਾਜਪਾ ਦੇ ਨੈਸ਼ਨਲ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਥਾਨਕ ਸਿਲਵਰ ਵਾਟਿਕਾ ਸਕੂਲ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। (Punjab BJP)

ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ’ਤੇ ਚੋਣਾਂ ਲੜੇਗੀ ਅਤੇ ਪੰਜਾਬ ਵਿੱਚ ਵੀ ਭਾਜਪਾ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਸੂਬੇ ਅੰਦਰ ਕਿਸੇ ਵੀ ਪਾਰਟੀ ਨਾਲ ਕੋਈ ਗਠਜੋੜ ਤੋਂ ਸਾਫ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ ਅਤੇ ਹੁਣ ਆਪ ਨੂੰ ਪਰਖ ਕੇ ਦੇਖ ਲਿਆ ਹੈ। ਪ੍ਰੰਤੂ ਰੰਗਲਾ ਪੰਜਾਬ ਬਣਾਉਣ ਵਾਲੀ ਆਪ ਹੁਣ ਲੀਹ ਤੋਂ ਥਿੜਕ ਚੁੱਕੀ ਹੈ ਅਤੇ ਲੋਕ ਹੁਣ ਭਾਜਪਾ ਨੂੰ ਅਗਲੇ ਬਦਲ ਵਜੋਂ ਦੇਖ ਰਹੇ ਹਨ। (Punjab BJP)

ਇਹ ਵੀ ਪੜ੍ਹੋ : ਪੀਏਯੂ ਦੇ ਪੁਰਾਣੇ ਵਿਦਿਆਰਥੀ ਦਿਲਜੀਤਪਾਲ ਸਿੰਘ ਬਰਾੜ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਬਣੇ ਸਪੀਕਰ

ਉਨ੍ਹਾਂ ਕਿਹਾ ਕਿ ਰੇਤ ਮਾਫੀਆ ਦੇ ਚੱਲਦਿਆਂ ਹੁਣ ਰੇਤ ਦੇ ਭਾਅ ਅਸਮਾਨੀ ਚੜੇ ਹੋਏ ਹਨ ਅਤੇ ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਦਿਨ-ਬ-ਦਿਨ ਸੂਬੇ ਅੰਦਰ ਮਾੜੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਅਤੇ ਆਮ ਆਦਮੀ ਦਾ ਜਿਊਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਦਾ ਬੋਲਬਾਲਾ ਸਿਖਰਾਂ ’ਤੇ ਹੈ ਅਤੇ ਭਿ੍ਰਸ਼ਟਾਚਾਰ ਵੀ ਹੱਦਾਂ ਬੰਨੇ ਟੱਪ ਚੁੱਕਿਆ ਹੈ।

ਭਾਰਤ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਇਕੋਨਮੀ ਨੂੰ ਮਜ਼ਬੂਤ ਕੀਤਾ

ਸ੍ਰ. ਗਰੇਵਾਲ ਨੇ ਕਿਹਾ ਕਿ ਸੂਬੇ ਅੰਦਰ ਹਾਲਾਤ ਇਸ ਤਰ੍ਹਾਂ ਬਣਦੇ ਜਾ ਰਹੇ ਹਨ ਕਿ ਸੂਬੇ ਅੰਦਰ ਆਰਥਿਕ ਐਮਰਜੰਸੀ ਲਾਉਣੀ ਪੈ ਸਕਦੀ ਹੈ। ਉਨ੍ਹਾਂ ਪੰਜਾਬ ਦੇ ਰਾਜਪਾਲ ਵੱਲੋਂ ਮਾਨਯੋਗ ਰਾਸ਼ਟਰਪਤੀ ਨੂੰ ਭੇਜੇ ਗਏ ਬਿਲਾਂ ਦੀ ਪ੍ਰੋੜਤਾ ਕੀਤੀ ਅਤੇ ਕਿਹਾ ਕਿ ਰਾਜਪਾਲ ਦਾ ਇਹ ਫੈਸਲਾ ਸਹੀ ਹੈ। ਉਨਾ ਕਿਹਾ ਕਿ ਸੂਬੇ ਦਾ ਵਿਕਾਸ ਹੁਣ ਠੱਪ ਹੋ ਕੇ ਰਹਿ ਗਿਆ ਹੈ ਅਤੇ ਵਿਕਾਸ ਸਿਰਫ ਐਡਵਰਟਾਇਜਮੈਂਟਾਂ ਤੱਕ ਸੀਮਿਤ ਹੋ ਗਿਆ ਹੈ। ਉਨਾਂ ਕਿਹਾ ਕਿ ਭਾਰਤ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਇਕੋਨਮੀ ਨੂੰ ਮਜ਼ਬੂਤ ਕੀਤਾ ਹੈ। ਇਸ ਮੌਕੇ ਭਾਜਪਾ ਦੇ ਜਿਲਾ ਪ੍ਰਧਾਨ ਰਾਕੇਸ਼ ਜੈਨ, ਜਿਲਾ ਉਪ ਪ੍ਰਧਾਨ ਰਾਜਿੰਦਰ ਰਾਜੀ, ਸਤਵੰਤ ਸਿੰਘ ਪੂਨੀਆ, ਸੂਬੇਦਾਰ ਭੋਲਾ ਸਿੰਘ ਹਸਨਪੁਰ, ਕੁਲਦੀਪ ਸਿੰਘ ਬੱਪੀਆਣਾ, ਰੋਬਿਨ ਜਿੰਦਲ, ਦਲਜੀਤ ਸਿੰਘ ਦਰਸ਼ੀ, ਰਿਸਵ ਸਿੰਗਲਾ, ਨਮਨ ਸਿੰਗਲਾ ਵੀ ਹਾਜ਼ਰ ਸਨ।