ਕਣਕ ਦੀ ਫਸਲ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਨੇ ਦਿੱਤੀ ਜ਼ਰੂਰੀ ਸਲਾਹ

Wheat Crop

ਕੀੜੇ, ਬਿਮਾਰੀਆਂ ਅਤੇ ਵੱਧ ਤਾਪਮਾਨ ਤੋਂ ਬਚਾਉਣ ਲਈ ਕਿਸਾਨ ਕਣਕ ਦੀ ਫਸਲ ਦਾ ਸਰਵੇਖਣ ਕਰਦੇ ਰਹਿਣ

ਮੋਹਾਲੀ (ਐੱਮ ਕੇ ਸ਼ਾਇਨਾ)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨ ਭਰਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਣਕ ਦੀ ਫਸਲ ਦਾ ਨਿਰੰਤਰ ਸਰਵੇਖਣ ਕਰਦੇ ਰਹਿਣ ਤਾਂ ਜੋ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲੇ ਹੋਣ ਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਸਪਰੇਅ ਕੀਤੀ ਜਾ ਸਕੇ। ਪਿੰਡ ਸ਼ਾਹਪੁਰ ਵਿਖੇ ਸਰਦਾਰ ਸੁਖਵਿੰਦਰ ਸਿੰਘ ਦੀ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਡਾ: ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਹਾਲੀ ਨੇ ਦੱਸਿਆ ਕਿ ਤਾਪਮਾਨ ਦੇ ਵਧਣ ਕਾਰਨ ਕਣਕ ਦੀ ਫਸਲ ਤੇ ਪੀਲੀ ਕੁੰਗੀ, ਚਿੱਟੋ ਦਾ ਰੋਗ ਅਤੇ ਚੇਪੇ ਦਾ ਹਮਲਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਇਸ ਲਈ ਕਿਸਾਨ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਫਸਲ ਵਿੱਚ ਵੜ ਕੇ ਚੰਗੀ ਤਰ੍ਹਾਂ ਬੂਟਿਆਂ ਦੇ ਪੱਤੇ ਵੇਖਦੇ ਰਹਿਣ। ਕਣਕ ਦੀ ਕਿਸਮ ਡੀ.ਬੀ.ਡਬਲਿਊ 303 ਫਸਲ ਦਾ ਨਿਰੀਖਣ ਕਰਦੇ ਹੋਏ ਡਾ: ਗੁਰਬਚਨ ਸਿੰਘ ਨੇ ਕਿਸਾਨ ਭਰਾਵਾਂ ਨੂੰ ਦੱਸਿਆ ਹੈ ਕਿ ਇਹ ਚਿੱਟੋ ਦਾ ਰੋਗ ਦੀ ਬਿਮਾਰੀ ਜੋ ਜਿਆਦਾਤਰ ਬਾਗਾਂ, ਦਰੱਖਤਾਂ, ਨੀਮ ਪਹਾੜੀ ਇਲਾਕਿਆਂ ਅਤੇ ਅਗੇਤੀ ਬੀਜੀ ਕਣਕ ਦੀ ਫਸਲ ਤੇ ਆਉਂਦੀ ਹੈ। ਇਸ ਰੋਗ ਨਾਲ ਪੌਦੇ ਦੇ ਪੱਤਿਆਂ ਉਤੇ ਚਿੱਟੇ ਆਟੇ ਵਰਗੇ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿੱਚ ਸਲੇਟੀ ਜਾਂ ਲਾਲ ਭੂਰੇ ਰੰਗ ਦੇ ਹੋ ਜਾਂਦੇ ਹਨ।

Wheat Crop

ਇਸ ਦੀ ਰੋਕਥਾਮ ਲਈ 120 ਗ੍ਰਾਮ ਨਟੀਵੋ 75 ਡਬਲਿਯੂ ਜੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ। ਇਸ ਤੋਂ ਇਲਾਵਾ ਕਣਕ ਦੀ ਫਸਲ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਅਤੇ ਝਾੜ ਵਧਾਉਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) 200 ਲੀਟਰ ਪਾਣੀ ਵਿੱਚ ਘੋਲਕੇ ਪ੍ਰਤੀ ਏਕੜ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ/ਬੂਰ ਪੈਣ ਸਮੇਂ ਅਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ। ਤਾਪਮਾਨ ਦੇ ਵੱਧਣ ਕਾਰਨ ਫਸਲ ਨੂੰ ਲੋੜ ਮੁਤਾਬਿਕ ਹਲਕਾ ਪਾਣੀ ਦਿੱਤਾ ਜਾਵੇ। ਇਸ ਮੌਕੇ ਕਿਸਾਨ ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਵਿਭਾਗ ਦੇ ਸਵਿੰਦਰ ਕੁਮਾਰ ਏ.ਟੀ.ਐਮ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ