ਸਿਹਤ ਮੰਤਰੀ ਨੂੰ ਤੁਰੰਤ ਬਰਖਾਸਤ ਕਰੇ ਮਾਨ ਸਰਕਾਰ
ਲੋਂਗੋਵਾਲ, (ਹਰਪਾਲ)। ਰੈਵੋਲਿਊਸ਼ਨਰੀ ਸੋਸੀਲਿਸਟ ਪਾਰਟੀ (ਆਰ.ਐਸ.ਪੀ) ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਅਤੇ ਹਰਬੰਸ ਸਿੰਘ ਮਾਂਗਟ ਨੇ ਗੂਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਵਾਪਰੇ ਘਟਨਾਕ੍ਰਮ ਬਾਰੇ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸਿਹਤ ਮੰਤਰੀ ਨੂੰ ਤੁਰੰਤ ਮੰਤਰੀ ਮੰਡਲ ਵਿੱਚੋਂ ਬਾਹਰ ਕੱਢਣ ਭਗਵੰਤ ਸਿੰਘ ਮਾਨ ਕਿਉਂਕਿ ਇਹ ਡਾਕਟਰ ਰਾਜ ਬਹਾਦੁਰ ਦਾ ਅਪਮਾਨ ਨਹੀਂ ਸਗੋਂ ਸਮੂਹ ਪੰਜਾਬੀਆਂ ਦਾ ਅਪਮਾਨ ਹੈ।
ਇਸ ਤਰ੍ਹਾਂ ਦੇ ਪੁਲਸਿਆ ਅੰਦਾਜ਼ ਅਤੇ ਠਾਣੇਦਾਰੀ ਹੈਂਕੜ ਨਾਲ ਸਰਕਾਰ ਨਹੀਂ ਚੱਲ ਸਕਦੀ। ਓਹਨਾਂ ਸਮੁੱਚੇ ਪੰਜਾਬੀਆਂ ਅਤੇ ਮੈਡੀਕਲ ਭਾਈਚਾਰੇ ਨੂੰ ਸਿਹਤ ਮੰਤਰੀ ਦੇ ਖਿਲਾਫ਼ ਉਠ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਉਸਦੀ ਇਸ ਬੇਹੂਦਾ ਹਰਕਤ ਲਈ ਉਸਨੂੰ ਮੁਆਫ਼ੀ ਮੰਗਣ ਲਈ ਮਜਬੂਰ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਦਾ ਇਹ ਫੁਕਰਾਪਣ ਹਰ ਮਹਿਕਮੇ ਦੀ ਕਹਾਣੀ ਹੈ। ਸਟਾਫ ਨੂੰ ਜ਼ਲੀਲ ਕਰ ਕੇ ਮੰਤਰੀ ਸਸਤੀ ਸੋਹਰਤ ਖੱਟਣ ਦੀ ਕੋਸ਼ਿਸ ਵਿੱਚ ਰਹਿੰਦੇ ਹਨ ।
ਬੇਸ਼ੱਕ ਵਧੇਰੇ ਹਾਲਾਤ ਖਰਾਬ ਲਈ ਪਹਿਲੀਆਂ ਸਰਕਾਰਾਂ ਜਿੰਮੇਵਾਰ ਹਨ। ਪ੍ਰੰਤੂ ਹਾਲਾਤ ਠੀਕ ਕਰਨ ਦਾ ਇਹ ਕੀ ਤਰੀਕਾ ਵੀ ਸਹੀ ਨਹੀਂ ਹੈ। ਉਹਨਾਂ ਸਿਹਤ ਮੰਤਰੀ ਦੇ ਹਮਾਇਤੀਆਂ ਨੂੰ ਕਿਹਾ ਕਿ ਉਹ ਕੁਝ ਵੀ ਕਹਿਣ ਤੋਂ ਪਹਿਲਾਂ ਆਪਣੀ ਅਕਲ ਨੂੰ ਹੱਥ ਮਾਰ ਲੈਣ। ਕਿਸੇ ਹਸਪਤਾਲ ਦੇ ਕਿਸੇ ਵਾਰਡ ਵਿੱਚ ਬੈੱਡ ਉੱਤੇ ਵਿਛੇ ਗੱਦੇ ਦੀ ਮਾੜੀ ਹਾਲਤ ਲਈ ਹੈਲਥ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਭਲਾ ਕਿਸ ਤਰ੍ਹਾਂ ਜ਼ਿੰਮੇਵਾਰ ਹੈ? ਜੇਕਰ ਜ਼ਿੰਮੇਵਾਰੀਆਂ ਇਸ ਤਰ੍ਹਾਂ ਹੀ ਮਿਥਣੀਆਂ ਹਨ ਤਾਂ ਫਿਰ ਇਸਦੇ ਲਈ ਖੁਦ ਮੰਤਰੀ ਜਿੰਮੇਵਾਰ ਕਿਓਂ ਨਹੀਂ? ਹੈਲਥ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਿਸੇ ਹਸਪਤਾਲ ਦੇ ਗੱਦੇ ਬਦਲਣ ਲਈ ਜ਼ਿੰਮੇਵਾਰ ਨਹੀਂ ਹੁੰਦਾ! ਹਸਪਤਾਲ ਦੇ ਆਪਣੇ ਅਧਿਕਾਰੀ ਕਰਮਚਾਰੀ ਇਸਦੇ ਲਈ ਜ਼ਿੰਮੇਵਾਰ ਹਨ। ਉਨ੍ਹਾਂ ਸਿਹਤ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਖੁਦ ਆਪ ਕਿਉਂ ਨਹੀਂ ਲਿਟਿਆ ਉਸ ਗੱਦੇ ਉਤੇ ? ਆਖਰਕਾਰ ਇਹ ਉਸਦੀ ਆਪਣੀ ਸਰਕਾਰ ਦੇ ਹਸਪਤਾਲ ਦਾ ਗੱਦਾ ਸੀ ! ਪੰਜਾਬ ਸਰਕਾਰ ਨੂੰ ਜਿੰਮੇਵਾਰ ਅਤੇ ਸੁਹਿਰਦਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਖੁਸ਼ਹਾਲੀ ਵੱਲ ਵੱਧ ਸਕੇ।
ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ