ਪਹਿਲੀ ਮਈ ਨੂੰ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਛੁੱਟੀ ਦਾ ਐਲਾਨ

Holiday Announcement

ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ 1 ਮਈ ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ (Holiday in Punjab) ਕੀਤਾ ਗਿਆ ਹੈ। ਸਰਕਾਰ ਵੱਲੋਂ ਇਹ ਐਲਾਨ ਮਈ ਦਿਵਸ (ਮਜ਼ਦੂਰ ਦਿਵਸ) ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਨੂੰ ਮੁੱਖ ਰੱਖਦਿਆਂ 1 ਮਈ ਨੂੰ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਸਰਕਾਰੀ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਬਾਰੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ ਇੱਕ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸੂਬੇ ਭਰ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਆਓ ਜਾਣੀਏ ਕਿਉਂ ਮਨਾਇਆ ਜਾਂਦੈ ਮਈ ਦਿਵਸ?

ਅੰਤਰਰਾਸ਼ਟਰੀ ਮਈ ਦਿਵਸ (May Day), ਜਿਸ ਨੂੰ ਲੇਬਰ ਡੇਅ ਤੇ ਮਜ਼ਦੂਰ ਦਿਵਸ ਵੀ ਆਖਿਆ ਜਾਂਦਾ, ਭਾਰਤ ਸਮੇਤ 80 ਮੁਲਕਾਂ ਵਿਚ ਹਰ ਸਾਲ ਪਹਿਲੀ ਮਈ ਦੇ ਦਿਨ ਹੀ ਮਨਾਇਆ ਜਾਂਦਾ। ਮਈ ਦਿਵਸ ਕਾਮਿਆਂ ਦੀ ਜ਼ਿੰਦਗੀ ਵਿਚ ਕੰਮ ਅਤੇ ਵਿਹਲ ਦੇ ਮਾਅਨੇ ਸਮਝਣ ਦਾ ਢੁੱਕਵਾਂ ਮੌਕਾ ਹੈ। ਮਜ਼ਦੂਰ ਦਿਵਸ ਭਾਵੇਂ ਦੇਸ਼ ਤੇ ਵਿਦੇਸਾਂ ਵਿਚ ਮਨਾਇਆ ਤਾਂ ਹਰ ਸਾਲ ਹੀ ਜਾਂਦਾ, ਪਰੰਤੂ ਇਹ ਦਿਵਸ ਮਜ਼ਦੂਰਾਂ ਦੀ ਤਕਦੀਰ ਬਦਲਣ ਵਿਚ ਅੱਜ ਤੱਕ ਕਾਰਗਰ ਸਾਬਿਤ ਨਹੀਂ ਹੋ ਸਕਿਆ।

ਕਿਉਂਕਿ ਗਰੀਬ ਮਜ਼ਦੂਰ ਅੱਜ ਵੀ ਅਮੀਰ ਲੋਕਾਂ ਦੀ ਗੁਲਾਮੀ ਦਾ ਸੰਤਾਪ ਭੋਗਣ ਲਈ ਮਜ਼ਬੂਰ ਹਨ। ਇਸ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਅਮਰੀਕਾ ਵਿਚ 1 ਮਈ 1886 ਤੋਂ ਇੱਕ ਅੰਦੋਲਨ ਨਾਲ ਸ਼ੁਰੂ ਹੋਈ। ਉਸ ਸਮੇਂ ਅਮਰੀਕਾ ਵਿਚ ਮਜ਼ਦੂਰ ਲੋਕ ਕੰਮ ਦਾ ਸਮਾਂ ਰੋਜ਼ਾਨਾ 15 ਘੰਟੇ ਤੋਂ ਘਟਾ ਕੇ 8 ਘੰਟੇ ਰੱਖੇ ਜਾਣ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਚਲੇ ਗਏ ਸਨ। ਰੋਜ਼ਾਨਾ 15-15 ਘੰਟੇ ਕੰਮ ਕਰਵਾਉਣ ਦੇ ਖਿਲਾਫ ਮਜ਼ਦੂਰ ਪੂਰੇ ਅਮਰੀਕਾ ਦੇਸ਼ ਦੀਆਂ ਸੜਕਾਂ ’ਤੇ ਸੰਘਰਸ਼ ਕਰਨ ਲਈ ਆ ਗਏ ਸਨ। ਉਸ ਸਮੇਂ ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿਚ ਇੱਕ ਬੰਬ ਧਮਾਕਾ ਹੋਇਆ ਸੀ।

ਮਈ ਦਿਵਸ ’ਤੇ ਵਿਸ਼ੇਸ਼ | May Day

ਇਹ ਬੰਬ ਕਿਸ ਨੇ ਸੁੱਟਿਆ, ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਸੀ। ਇਸ ਦੇ ਸਿੱਟੇ ਵਜੋਂ ਪੁਲਿਸ ਨੇ ਮਜ਼ਦੂਰਾਂ ’ਤੇ ਗੋਲੀ ਚਲਾ ਕੇ 7 ਮਜ਼ਦੂਰ ਮਾਰ ਦਿੱਤੇ। ਭਰੋਸੇਯੋਗ ਗਵਾਹਾਂ ਨੇ ਤਸਦੀਕ ਕੀਤੀ ਕਿ ਪਿਸਟਲਾਂ ਦੀਆਂ ਸਾਰੀਆਂ ਫਲੈਸ਼ਾਂ ਗਲੀ ਦੇ ਕੇਂਦਰ ਵੱਲੋਂ ਆਈਆਂ, ਜਿੱਥੇ ਪੁਲਿਸ ਖੜ੍ਹੀ ਸੀ, ਤੇ ਭੀੜ ਵੱਲੋਂ ਇੱਕ ਵੀ ਫਲੈਸ਼ ਨਹੀਂ ਆਈ। ਇਸ ਤੋਂ ਵੀ ਅਗਲੀ ਗੱਲ ਮੁੱਢਲੀਆਂ ਅਖਬਾਰੀ ਰਿਪੋਰਟਾਂ ਵਿਚ ਭੀੜ ਵੱਲੋਂ ਗੋਲੀਬਾਰੀ ਦਾ ਕੋਈ ਜ਼ਿਕਰ ਨਹੀਂ ਮਿਲਦਾ।

ਮੌਕੇ ’ਤੇ ਇਕ ਟੈਲੀਗ੍ਰਾਫ ਖੰਭਾ ਗੋਲੀਆਂ ਨਾਲ ਹੋਈਆਂ ਮੋਰੀਆਂ ਨਾਲ ਪੁਰ ਹੋਇਆ ਸੀ, ਜੋ ਸਾਰੀਆਂ ਦੀਆਂ ਸਾਰੀਆਂ ਪੁਲਿਸ ਵਾਲੇ ਪਾਸੇ ਤੋਂ ਆਈਆਂ ਸਨ। ਇਨ੍ਹਾਂ ਘਟਨਾਵਾਂ ਦਾ ਭਾਵੇਂ ਅਮਰੀਕਾ ਉੱਤੇ ਕੋਈ ਵੱਡਾ ਪ੍ਰਭਾਵ ਨਹੀਂ ਸੀ ਪਿਆ, ਪਰੰਤੂ ਉਪਰੋਕਤ ਘਟਨਾਵਾਂ ਕਰਕੇ ਹੀ ਕੁਝ ਸਮੇਂ ਬਾਅਦ ਆਪਣੇ-ਆਪ ਨੂੰ ਦੁਨੀਆਂ ਦਾ ਥਾਣੇਦਾਰ ਕਹਾਉਣ ਵਾਲੇ ਅਮਰੀਕਾ ਮੁਲਕ ਵਿਚ 1889 ਈਸਵੀ ਵਿਚ ਮਜ਼ਦੂਰਾਂ ਦਾ ਕੰਮ ਕਰਨ ਦਾ ਸਮਾਂ 8 ਘੰਟੇ ਨਿਸ਼ਚਿਤ ਕਰ ਦਿੱਤਾ ਗਿਆ। ਉਦੋਂ ਤੋਂ ਲੈਕੇ ਹੁਣ ਤੱਕ ਆਏ ਸਾਲ 1 ਮਈ ਨੂੰ ਅੰਤਰਰਾਸ਼ਟਰੀ ਮਈ ਦਿਵਸ ਮਨਾਇਆ ਜਾਣ ਲੱਗ ਪਿਆ।

ਲਾਲ ਝੰਡਾ ਲਹਿਰਾਇਆ | May Day

ਭਾਰਤ ਦੇ ਇਤਿਹਾਸ ਵਿਚ ਮਈ ਦਿਵਸ ਬਾਰੇ ਜਿਕਰ ਆਉਂਦਾ ਹੈ ਕਿ ‘‘ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ’’ ਜਿਸ ਦੇ ਲੀਡਰ ‘‘ਸਿੰਗਾਰਾਵੇਲਾ ਚਿਤੀਅਰ’’ ਸਨ, ਨੇ ਮਦਰਾਸ ਹੁਣ (ਚੇੱਨਈ) ਦੇ ਲਾਗੇ ਮਈ ਦਿਵਸ 1923 ਨੂੰ ਲਾਲ ਝੰਡਾ ਲਹਿਰਾ ਕੇ ਮਨਾਇਆ। ਉਸ ਸਮੇਂ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨਿਤ ਕਰ ਲਿਆ ਗਿਆ ਸੀ। ਇਸ ਦੇ ਨਾਲ ਹੀ ਦੁਨੀਆਂ ਦੇ ਸਾਰੇ ਮੁਲਕਾਂ ਵਿਚ ਮਜ਼ਦੂਰ ਜ਼ਮਾਤ ਸੁਚੇਤ ਹੋਣ ਲੱਗੀ।

ਭਾਰਤ ਵਿਚ ਮਦਰਾਸ ਹਾਈਕੋਰਟ ਦੇ ਸਾਹਮਣੇ ਮਜ਼ਦੂਰਾਂ ਦੇ ਇੱਕ ਵੱਡੇ ਮੁਜਾਹਰੇ ਦੌਰਾਨ ਇੱਕ ਮਤਾ ਪਾਸ ਕਰਕੇ ਇਹ ਸਹਿਮਤੀ ਬਣਾਈ ਕਿ ਇਸ ਦਿਵਸ ਨੂੰ ਭਾਰਤ ਵਿਚ ਕਾਮੇ ਦਿਵਸ ਵਜੋਂ ਮਨਾਉਣ, ਤੇ ਇਸ ਦਿਨ ਛੁੱਟੀ ਦਾ ਐਲਾਨ ਵੀ ਕੀਤਾ ਜਾਣਾ ਚਾਹੀਦਾ। ਮੌਜੂਦਾ ਸਮੇਂ ਵਿਚ ਭਾਰਤ ਅਤੇ ਹੋਰ ਮੁਲਕਾਂ ਵਿਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹੈ। ਇਸ ਲਈ ਮਈ ਦਿਵਸ ਦੁਨੀਆਂ ਦੇ ਹਰ ਮੁਲਕ ਵਿਚ ‘‘ਟਰੇਡ ਯੂਨੀਅਨਾਂ ਅਤੇ ਮਜ਼ਦੂਰਾਂ ਦੀ ਇਕਮੁੱਠਤਾ ਦਾ ਤਿਉਹਾਰ’’ ਮੰਨਿਆ ਜਾਣ ਲੱਗ ਪਿਆ। ਮਾਸਕੋ ਦੀ ਕਮਿਊਨਿਸਟ ਸਰਕਾਰ ਵੱਲੋਂ ਵੀ ਮਈ ਦਿਵਸ ਨੂੰ ਦੇਸ਼ ਦੀ ਮਿਲਟਰੀ ਤਾਕਤ ਦਾ ਪ੍ਰਦਰਸ਼ਨ ਦਿਨ ਬਣਾ ਲਿਆ ਗਿਆ। ਇਸ ਦਿਨ ’ਤੇ ਵੱਡੀਆਂ-ਵੱਡੀਆਂ ਰੈਲੀਆਂ ਕੱਢਣੀਆਂ ਵੀ ਸ਼ੁਰੂ ਕੀਤੀਆਂ ਗਈਆਂ।

ਇਸ ਦੇ ਨਾਲ ਹੀ ਰੂਹਾਨੀਅਤ ਦੇ ਰਹਿਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਸਮੇਂ ਦੌਰਾਨ ਦੁਨੀਆਂ ਨੂੰ ਜਿੱਥੇ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ, ੳੱੁਥੇ ਉਨ੍ਹਾਂ ਵੀ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਬਣਦੇ ਹੱਕਾਂ ਲਈ ਅਵਾਜ਼ ਉਠਾਈ ਸੀ, ਉਨ੍ਹਾਂ ਉਸ ਸਮੇਂ ਦੇ ਹੰਕਾਰੀ ਸ਼ਾਹੂਕਾਰ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦਾ ਹੰਕਾਰ ਤੋੜਿਆ ਸੀ, ਅਤੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ। ਉਨ੍ਹਾਂ ਗਰੀਬ ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁੱਖ ਤੋਂ ਗੁਰਮੁੱਖ ਤੱਕ ਦੀ ਯਾਤਰਾ ਕਰਨ ਦਾ ਸੰਦੇਸ ਵੀ ਦਿੱਤਾ।

ਮਿਹਨਤਕਸ਼ਾਂ ਦੀ ਭਾਵਨਾ ਨੂੰ ਸਮਝਣ ਦੀ ਲੋੜ

ਸਾਰੀ ਦੁਨੀਆਂ ਅੰਦਰ ਕਿਸੇ ਵੀ ਦੇਸ਼, ਸੰਸਥਾ ਤੇ ਉਦਯੋਗ ਵਿਚ ਮਜ਼ਦੂਰਾਂ, ਕਾਮਿਆਂ ਤੇ ਮਿਹਨਤਕਸ਼ਾਂ ਦਾ ਅਹਿਮ ਰੋਲ ਹੁੰਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਉਦਯੋਗ ਵਿਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਸਨਅਤੀ ਢਾਂਚਾ ਖੜ੍ਹਾ ਨਹੀਂ ਰਹਿ ਸਕਦਾ। ਕਿਉਂਕਿ ਮਿਹਨਤਕਸ਼ਾਂ ਦੀ ਵੱਡੀ ਸੰਖਿਆ ਆਪਣੇ ਹੱਥਾਂ, ਅਕਲ-ਇਲਮ ਅਤੇ ਤਨਦੇਹੀ ਨਾਲ ਆਪਣੇ ਕੰਮ ਵਿਚ ਜੁਟੀ ਹੁੰਦੀ ਹੈ। ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇ ਕਾਮਿਆਂ ਅਤੇ ਕਿਸਾਨਾਂ ’ਤੇ ਨਿਰਭਰ ਕਰਦੀ ਹੈ।

ਉਦਯੋਗਪਤੀ ਆਪਣੇ-ਆਪ ਨੂੰ ਮਾਲਕ ਜਾਂ ਪ੍ਰਬੰਧਕ ਸਮਝਣ ਦੀ ਬਜਾਏ ਟਰੱਸਟੀ ਸਮਝਣ। ਜਿਸ ਤਰ੍ਹਾਂ ਲੋਕਰਾਜੀ ਢਾਂਚੇ ਵਿਚ ਸਰਕਾਰ ਵੀ ਲੋਕਾਂ ਵੱਲੋਂ ਚੁਣੀ ਜਾਂਦੀ ਹੈ, ਤੇ ਵੋਟਰ ਸਿਆਸੀ ਲੋਕਾਂ ਨੂੰ ਆਪਣੇ ਦੇਸ਼ ਦੀ ਵਾਗਡੋਰ ਇੱਕ ਟਰੱਸਟੀ ਦੇ ਰੂਪ ਵਿਚ ਹੀ ਤਾਂ ਸੌਂਪਦੇ ਹਨ। ਸਿਆਸੀ ਲੋਕ ਦੇਸ਼ ਦਾ ਪ੍ਰਬੰਧ ਚਲਾਉਣ ਲਈ ਮਜ਼ਦੂਰਾਂ, ਕਾਮਿਆਂ ਤੇ ਕਿਸਾਨਾਂ ਦੀ ਬਿਹਤਰੀ, ਭਲਾਈ ਤੇ ਵਿਕਾਸ, ਅਮਨ ਤੇ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਵਚਨਬੱਧ ਹੁੰਦੇ ਹਨ। ਮਜ਼ਦੂਰਾਂ ਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਨੂੰ ਚਲਾਉਣ ਵਿਚ ਬੜਾ ਵੱਡਾ ਯੋਗਦਾਨ ਹੁੰਦਾ।

ਇਨਸਾਫ ਪ੍ਰਦਾਨ ਕਰਨਾ | May Day

ਮੌਕੇ ਦੀਆਂ ਸਰਕਾਰ ਦਾ ਰੋਲ ਉਦਯੋਗਪਤੀਆਂ ਤੇ ਮਜ਼ਦੂਰਾਂ ਦਰਮਿਆਨ ਸੁਖਾਵੇਂ, ਸ਼ਾਂਤਮਈ ਤੇ ਪਰਿਵਾਰਕ ਸਬੰਧ ਕਾਇਮ ਕਰਨਾ, ਝਗੜੇ ਤੇ ਟਕਰਾਅ ਦੀ ਸੂਰਤ ’ਚ ਉਨ੍ਹਾਂ ਦੇ ਸਮਝੌਤੇ ਤੇ ਸੁਲ੍ਹਾ ਕਰਾਉਣ ਦਾ ਪ੍ਰਬੰਧ ਕਰਨਾ, ਉਨ੍ਹਾਂ ਦੇ ਮਸਲਿਆਂ ਨੂੰ ਉਦਯੋਗਿਕ ਟਿ੍ਰਬਿਊਨਲ ਕਾਇਮ ਕਰਕੇ ਨਿਰਪੱਖਤਾ ਤੇ ਪਾਰਦਰਸ਼ੀ ਢੰਗ ਨਾਲ ਕੁਦਰਤੀ ਨਿਆਂ ਦੇ ਸਿਧਾਂਤ ਅਨੁਸਾਰ ਇਨਸਾਫ ਪ੍ਰਦਾਨ ਕਰਨਾ, ਉ੍ਹਨਾਂ ਦੀ ਬਿਹਤਰੀ ਲਈ ਸਮੇਂ-ਸਮੇਂ ਸਿਰ ਕਾਨੂੰਨੀ ਤੇ ਜਾਬਤਾ ਪ੍ਰਣਾਲੀ ਨਿਰਧਾਰਿਤ ਕਰਨਾ ਹੁੰਦਾ। ਮਈ ਦਿਵਸ ਦਾ ਇਤਿਹਾਸ ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਲਈ ਖੜੇ੍ਹ ਹੋਣ ਦੀ ਪ੍ਰੇਰਨਾ ਦਿੰਦਾ ਹੈ। ਇਹ ਦਿਵਸ ਸਾਨੂੰ ਸੁਚੇਤ ਕਰਦਾ ਹੈ ਕਿ ਮੰਗੇ ਬਿਨਾਂ ਹੱਕ ਕਦੇ ਨਹੀਂ ਮਿਲਦੇ, ਅਤੇ ਹੱਕ ਮੰਗਣ ਲਈ ਏਕਤਾ ਦੀ ਸਖ਼ਤ ਜਰੂਰਤ ਪੈਂਦੀ ਹੈ।

ਇਹ ਵੀ ਪੜ੍ਹੋ: ਟਰਾਂਸਫਾਰਮਰਾਂ ’ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਨੇ ਕਿਸਾਨ ’ਤੇ ਕੀਤਾ ਹਮਲਾ

ਅੱਜ ਦੇ ਸਮੇਂ ਵਿਚ ਮੌਜੂਦਾ ਸਰਕਾਰਾਂ ਦੀਆਂ ਮਜ਼ਦੂਰ, ਕਿਸਾਨ ਤੇ ਮੁਲਾਜਮ ਮਾਰੂ ਨੀਤੀਆਂ ਖਿਲਾਫ ਸੰਘਰਸ਼ਾਂ ਨੂੰ ਹੋਰ ਵੀ ਤੇਜ ਕਰਨ ਦੀ ਜਰੂਰਤ ਹੈ। ਚੱਲ ਰਹੇ ਮਸ਼ੀਨੀ ਯੁੱਗ ਕਾਰਨ ਮਹੀਨਿਆਂ ਵਾਲਾ ਕੰਮਾਂ ਦਿਨਾਂ ਤੇ ਘੰਟਿਆਂ ਵਿਚ ਖਤਮ ਹੋ ਜਾਣ ਕਰਕੇ ਅੱਜ ਦਾ ਮਜ਼ਦੂਰ 2 ਵਕਤ ਦੀ ਰੋਟੀ ਨੂੰ ਤਰਸਦਾ ਹੋਇਆ, ਆਪਣੇ ਸਿਰ ਚੜ੍ਹੇ ਹੋਏ ਕਰਜੇ ਦੀ ਪੰਡ ਨੂੰ ਉਤਾਰਨ ਲਈ ਮੌਕੇ ਦੀਆਂ ਸਰਕਾਰਾਂ ਵੱਲ ਦੇਖਦਾ ਹੈ। ਅਜਿਹਾ ਨਹੀਂ ਕਿ ਮਜ਼ਦੂਰ ਨੇ ਆਪਣੀ ਲਾਚਾਰ ਜ਼ਿੰਦਗੀ ਨੂੰ ਬਦਲਣ ਵਾਸਤੇ ਕੋਈ ਯਤਨ ਨਹੀਂ ਕੀਤਾ, ਆਪਣੀ ਲਾਚਾਰ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਵਿਚ ਮਿਹਨਤ ਕਰਦਿਆਂ ਨਤੀਜਾ ਇਹ ਨਿੱਕਲਿਆ ਕਿ ਗਰੀਬ ਦਿਨ-ਬ-ਦਿਨ ਹੋਰ ਵੀ ਗਰੀਬ, ਜਦੋਂਕਿ ਅਮੀਰ ਘਰਾਣੇ ਦਿਨ-ਬ-ਦਿਨ ਹੋਰ ਵੀ ਅਮੀਰ ਹੋ ਗਏ। ਇਨ੍ਹਾਂ ਹਾਲਤਾਂ ਵਿਚ ਮਜ਼ਦੂਰ ਦੀ ਜ਼ਿੰਦਗੀ ਗਰੀਬੀ ਦੀ ਦੀਵਾਰ ਨੂੰ ਭਲਾ ਕਿਵੇਂ ਪਾਰ ਕਰ ਸਕਦੀ ਐ।

ਕਰਜ਼ੇ ਮਾਫ਼ ਕੀਤੇ ਜਾਣ | May Day

ਗਰੀਬ ਮਜ਼ਦੂਰ ਤਾਂ ਅੱਜ ਵੀ ਅਮੀਰ ਲੋਕਾਂ ਦੀ ਗੁਲਾਮੀ ਦਾ ਸ਼ਿਕਾਰ ਬਣੇ ਹੋਏ ਹਨ। ਇਸ ਵਕਤ ਮਜ਼ਦੂਰਾਂ ਸਿਰ ਚੜ੍ਹੇ ਕਰਜੇ ਦਾ ਕਰੀਬ 90 ਪ੍ਰਤੀਸ਼ਤ ਹਿੱਸਾ ਪਾਈਵੇਟ ਬੈਂਕਾ ਦਾ ਹੈ, ਜਦੋਂਕਿ ਸਰਕਾਰੀ ਬੈਂਕਾਂ ਦਾ ਕਰਜਾ ਮਜ਼ਦੂਰਾਂ ਸਿਰ ਸਿਰਫ 10 ਪ੍ਰਤੀਸ਼ਤ ਹੈ। ਅੰਕੜੇ ਦੱਸਦੇ ਹਨ ਕਿ ਸਾਲ 2016-17 ਦੌਰਾਨ ਮਜ਼ਦੂਰ ਸਿਰ ਕਰੀਬ ਸੱਤਰ ਹਜ਼ਾਰ ਤੋਂ ਦੋ ਲੱਖ ਵੀਹ ਹਜਾਰ ਤੱਕ ਦਾ ਕਰਜਾ ਚੜ੍ਹਿਆ। ਜਦੋਂ ਕਿ 2010-11 ਤੱਕ ਇਹ ਕਰਜਾ ਸਿਰਫ 27000 ਤੋਂ ਲੈ ਕੇ 37500 ਹਜ਼ਾਰ ਤੱਕ ਸੀ। ਮਜ਼ਦੂਰਾਂ ਨੇ ਸਰਕਾਰ ਅੱਗੇ ਗੁਹਾਰ ਵੀ ਲਾਈ ਕਿ ਉਨ੍ਹਾਂ ਸਿਰ ਚੜ੍ਹੇ 2 ਲੱਖ ਰੁਪਏ ਕਰਜੇ ਮੁਆਫ ਕੀਤੇ ਜਾਣ।

ਜੇਕਰ ਸਰਕਾਰ ਮਜ਼ਦੂਰਾਂ ਦੇ 2 ਲੱਖ ਰੁਪਏ ਦੇ ਕਰਜੇ ਨੂੰ ਮੁਆਫ ਕਰਨ ਦੀ ਸਿਫਾਰਸ਼ ਕਰ ਦੇਵੇ ਤਾਂ ਮਜ਼ਦੂਰਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਸਾਡੇ ਦੇਸ਼ ਦੇ ਸਿਆਸੀ ਆਗੂ ਚੋਣਾਂ ਦੌਰਾਨ ਮਜ਼ਦੂਰਾਂ ਨੂੰ ਝੂਠੇ ਦਿਲਾਸਿਆਂ ਰਾਹੀਂ ਉਨ੍ਹਾਂ ਦੀ ਹਾਲਤ ਸੁਧਾਰਨ ਦੇ ਫੋਕੇ ਦਾਅਵੇ ਕਰਦੇ ਹਨ, ਪਰੰਤੂ ਸੱਤਾ ਪ੍ਰਾਪਤੀ ਤੋਂ ਬਾਅਦ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ, ਕੋਈ ਸਿਆਸੀ ਆਗੂ ਮਜ਼ਦੂਰਾਂ ਵਾਸਤੇ ਅੱਜ ਤੱਕ ਮਸੀਹਾ ਨਹੀਂ ਬਣ ਸਕਿਆ। ਜੋ ਆਰਥਿਕ ਮਜ਼ਬੂਰੀਆਂ ਤੇ ਉਦਾਸੀਆਂ ਦਾ ਨਕਾਬ ਲਾਹ ਕੇ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ਹਾਲੀ ਦਾ ਨਕਾਬ ਪਹਿਨਾ ਸਕੇ। ਜਿਸ ਕਰਕੇ ਅੱਖਾਂ ਵਿਚੋਂ ਡਿੱਗਣ ਵਾਲੇ ਹੰਝੂ ਮਜ਼ਦੂਰਾਂ ਦੀ ਰੋਜ਼ ਦੀ ਖੁਰਾਕ ਬਣ ਚੁੱਕੇ ਹਨ।

ਇਹ ਵੀ ਪੜ੍ਹੋ: ਅੱਧੀ ਦਰਜ਼ਨ ਵਿਅਕਤੀਆਂ ਆਪ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਦੇ ਪਤੀ ’ਤੇ ਕੀਤਾ ਹਮਲਾ

ਗੁਲਾਮਾਂ ਵਾਂਗ ਜ਼ਿੰਦਗੀ ਬਤੀਤ ਕਰਦੇ ਮਜ਼ਦੂਰਾਂ ਨੂੰ ਹਰ ਵਕਤ ਕੋਈ ਨਾ ਕੋਈ ਕੁਦਰਤੀ ਆਫਤ ਜਾਂ ਮੌਕੇ ਦੇ ਹਲਾਤ ਅਜਿਹੀ ਸੱਟ ਮਾਰਦੇ ਹਨ, ਕਿ ਉਨ੍ਹਾਂ ਲਈ ਸੰਭਲਣਾ ਬਹੁਤ ਔਖਾ ਹੁੰਦਾ, ਜਿਸ ਤਰ੍ਹਾਂ ਪਿਛਲੇ ਕਰੀਬ 3 ਸਾਲਾਂ ਦੌਰਾਨ ਕੋਰੋਨਾ ਮਹਾਂਮਾਰੀ ਦੇ ਸਮੇਂ ਕਿਸ ਤਰ੍ਹਾਂ ਲਾਕਡਾਊਨ ਤੇ ਕਰਫਿਊ ਦੇ ਸਮੇਂ ਵਿਚ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਕਿਸ ਤਰ੍ਹਾਂ ਉਹ ਭੁੱਖਮਰੀ ਦਾ ਸ਼ਿਕਾਰ ਹੋਏ ਤੇ ਅਨੇਕਾਂ ਇੱਕ ਸੂਬੇ ਤੋਂ ਦੂਸਰੇ ਸੂਬਿਆਂ ਆਪਣੇ ਘਰਾਂ ਨੂੰ ਪੈਦਲ ਜਾਂਦਿਆਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਗਏ। ਮੌਕੇ ਦੀਆਂ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਖਾਸਕਰ ਮਜ਼ਦੂਰ ਵਰਗ ਦੀ ਭਲਾਈ ਵਾਸਤੇ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ, ਤਾਂ ਜੋ ਮਜ਼ਦੂਰ ਲੋਕ ਵੀ ਆਮ ਲੋਕਾਂ ਵਾਂਗ ਆਪਣਾ ਜੀਵਨ ਗੁਜ਼ਾਰ ਸਕਣ।

ਇਹ ਵੀ ਪੜ੍ਹੋ: ਪੰਜਾਬ, ਹਰਿਆਣਾ ਤੇ ਰਾਜਸਥਾਨ ‘ਚ ਮੀਂਹ ਨਾਲ ਬਦਲਿਆ ਮੌਸਮ, ਤਾਪਮਾਨ ਡਿੱਗਿਆ