ਹਿੰਦੂ ਇੰਜੀਨੀਅਰਿੰਗ ਕਲਾ ਦੀ ਸਿਖ਼ਰ, ਮਹਿਰੌਲੀ (ਦਿੱਲੀ) ਦੀ ਲੋਹੇ ਦੀ ਲਾਠ
ਸੰਸਾਰ ਵਿੱਚ ਪ੍ਰਾਚੀਨ ਕਾਲ ਸਮੇਂ ਇਸ ਲਾਠ ਵਰਗੀ ਕੋਈ ਹੋਰ ਕ੍ਰਿਤ ਤਿਆਰ ਨਹੀਂ ਕੀਤੀ ਜਾ ਸਕੀ ਤੇ ਇਸ ਵੇਲੇ ਵੀ ਦੁਨੀਆਂ ਵਿੱਚ ਅਜਿਹੇ ਗਿਣੇ-ਚੁਣੇ ਕਾਰਖਾਨੇ ਹਨ ਜਿੱਥੇ ਏਨਾ ਵੱਡਾ ਲੋਹੇ ਦਾ ਪੀਸ ਢਾਲਿਆ ਜਾ ਸਕਦਾ ਹੋਵੇ। ਇਸ ਦੀ ਢਲਾਈ ਗੁਪਤ ਵੰਸ਼ ਦੇ ਮਹਾਨ ਸਮਰਾਟ ਚੰਦਰ ਗੁਪਤ ਵਿਕਰਮਾਦਿੱਤਿਆ (ਰਾਜ 375 ਤੋਂ 415 ਈਸਵੀ ਤੱਕ) ਦੇ ਸਮੇਂ ਕੀਤੀ ਗਈ ਸੀ।
ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ 1600 ਸਾਲ ਬਾਅਦ ਵੀ ਅਜੇ ਤੱਕ ਇਸ ਨੂੰ ਜੰਗਾਲ ਨਹੀਂ ਲੱਗਾ। ਇਸ ਦੀ ਲੰਬਾਈ 23 ਫੁੱਟ 8 ਇੰਚ ਅਤੇ ਭਾਰ 3000 ਕਿੱਲੋ ਤੋਂ ਵੱਧ ਹੈ। ਇਸ ਨੂੰ ਜੰਗਾਲ ਤੋਂ ਬਚਾਉਣ ਲਈ ਫਾਸਫੋਰਸ ਭਰਪੂਰ ਇਸਪਾਤ ਨਾਲ ਢਾਲ ਕੇ ਉੱਪਰ ਵਿਸ਼ੇਸ਼ ਧਾਤ (ਕਰਿਸਟਾਲਾਈਨ ਆਇਰਨ) ਦਾ ਮੁਲੰਮਾ ਚੜ੍ਹਾਇਆ ਗਿਆ ਹੈ। ਇਸ ‘ਤੇ ਸਮਰਾਟ ਚੰਦਰ ਗੁਪਤ ਦੀ ਤਾਰੀਫ ਵਿੱਚ ਸੰਸਕ੍ਰਿਤ ਦੇ ਸਲੋਕ ਉੱਕਰੇ ਹੋਏ ਹਨ।
ਇਸ ਲਾਠ ਦੀ ਧਾਤ ਦੇ ਬੇਹੱਦ ਜਟਿਲ ਮਿਸ਼ਰਣ ਬਾਰੇ 2005 ਵਿੱਚ ਆਈ.ਆਈ.ਟੀ. ਕਾਨ੍ਹਪੁਰ ਦੇ ਵਿਗਿਆਨੀਆਂ ਨੇ ਪ੍ਰੋਫੈਸਰ ਆਰ. ਬਾਲਾ ਸੁਬਰਾਮਣੀਅਮ ਦੀ ਅਗਵਾਈ ਹੇਠ ਦੋ ਸਾਲ ਦੇ ਪ੍ਰੀਖਣ ਤੋਂ ਬਾਅਦ ਆਪਣਾ ਖੋਜ ਪੱਤਰ ‘ਕਰੰਟ ਸਾਇੰਸ’ ਨਾਮਕ ਮੈਗਜ਼ੀਨ ਵਿੱਚ ਛਪਵਾਇਆ ਸੀ।
ਸਮਰਾਟ ਚੰਦਰ ਗੁਪਤ ਵਿਕਰਮਾਦਿੱਤਿਆ ਦਾ ਸਮਾਂ ਭਾਰਤ ਦਾ ਸੁਨਹਿਰੀ ਯੁੱਗ ਸੀ। ਉਸ ਦੇ ਰਾਜ ਕਾਲ ਦੌਰਾਨ ਭਾਰਤ ਨੇ ਵਿਗਿਆਨ, ਕਲਾ ਅਤੇ ਵਣਜ ਵਿੱਚ ਬੇਮਿਸਾਲ ਤਰੱਕੀ ਕੀਤੀ ਸੀ। ਕਾਲੀਦਾਸ (ਵਿਸ਼ਵ ਪ੍ਰਸਿੱਧ ਲੇਖਕ), ਧਨਵੰਤਰੀ (ਮਹਾਨ ਵੈਦ), ਅਮਰਸਿਮਾ (ਵਿਆਕਰਨ), ਵਰਾਹਮਿਹਰ (ਖਗੋਲ ਸ਼ਾਸ਼ਤਰੀ), ਵਾਰਾਰੁਚੀ (ਗਰਾਮਰ), ਵੇਤਾਲ ਭੱਟ (ਕਾਨੂੰਨਦਾਨ), ਘਟੱਕਰਾਪਰ (ਫਿਲਾਸਫਰ), ਕਸ਼ਾਪਾਨਕ (ਕੂਟਨੀਤਕ) ਅਤੇ ਸ਼ੰਕੂ (ਵਿਗਿਆਨੀ) ਵਰਗੇ ਨੌਂ ਰਤਨ ਉਸ ਦੇ ਦਰਬਾਰ ਦਾ ਸ਼ਿੰਗਾਰ ਸਨ। ਇਹ ਲਾਠ ਉਦੇਗਿਰੀ ਗੁਫਾ ਮੰਦਰਾਂ (ਜਿਲ੍ਹਾ ਵਿਦੀਸ਼ਾ), ਮੱਧ ਪ੍ਰਦੇਸ਼ ਦੇ ਅਹਾਤੇ ਵਿੱਚ ਸਥਾਪਿਤ ਕੀਤੀ ਗਈ ਸੀ
ਜਿਸ ਨੂੰ ਸੰਨ 1211 ਈਸਵੀ ਵਿੱਚ ਵਿਦੀਸ਼ਾ ਦੀ ਜਿੱਤ ਤੋਂ ਬਾਅਦ ਟਰਾਫੀ ਵਜੋਂ ਸੁਲਤਾਨ ਕੁਤਬਦੀਨ ਐਬਕ (ਰਾਜ 1210 ਤੋਂ 1236 ਈਸਵੀ) ਦਿੱਲੀ ਲੈ ਆਇਆ ਤੇ ਕੁਤਬ ਮੀਨਾਰ ਦੇ ਨਜ਼ਦੀਕ ਦਿੱਲੀ ਦੀ ਪਹਿਲੀ ਮਸਜਿਦ ਕੁੱਵਤ ਅਲ ਇਸਲਾਮ ਦੇ ਸਾਹਮਣੇ ਗੱਡ ਦਿੱਤਾ। ਉਸ ਵੇਲੇ ਕੁਤਬ ਮੀਨਾਰ ਦੀ ਉਸਾਰੀ ਚੱਲ ਰਹੀ ਸੀ ਜੋ ਕੁਤਬਦੀਨ ਐਬਕ ਦੀ ਮੌਤ ਤੋਂ ਬਾਅਦ ਉਸ ਦੇ ਵਾਰਸ ਅਤੇ ਜਵਾਈ ਅਲਤਮਸ਼ ਨੇ ਪੂਰੀ ਕਰਵਾਈ।
ਇਸ ਲਾਠ ‘ਤੇ ਧਰਤੀ ਤੋਂ ਕਰੀਬ 13 ਫੁੱਟ ਦੀ ਉਚਾਈ ‘ਤੇ ਤੋਪ ਦਾ ਗੋਲਾ ਵੱਜਣ ਦਾ ਇੱਕ ਨਿਸ਼ਾਨ ਹੈ ਜੋ ਸੰਨ 1739 ਈਸਵੀ ਵਿੱਚ ਆਪਣੀ ਦਿੱਲੀ ਜਿੱਤ ਤੋਂ ਬਾਅਦ ਇਸ ਨੂੰ ਨਸ਼ਟ ਕਰਨ ਲਈ ਨਾਦਰ ਸ਼ਾਹ ਨੇ ਚਲਵਾਇਆ ਸੀ। ਪਰ ਉਹ ਗੋਲਾ ਤਿਲਕ ਕੇ ਸਾਹਮਣੇ ਕੁੱਵਤ ਅਲ ਇਸਲਾਮ ਮਸਜਿਦ ਨੂੰ ਜਾ ਵੱਜਾ ਤੇ ਨਾਦਰ ਸ਼ਾਹ ਨੂੰ ਗੋਲਾਬਾਰੀ ਰੋਕਣੀ ਪਈ। ਇਸ ਤੋਂ ਬਾਅਦ ਉਸ ਨੇ ਇਸ ਦੇ ਸਜਾਵਟੀ ਸਿਖਰ ਨੂੰ ਹੀਰੇ ਜਵਾਹਰਾਤ ਲੱਭਣ ਲਈ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਇਹ ਲਾਠ ਅੱਜ ਵੀ ਆਪਣੀ ਸ਼ਾਨ ਨਾਲ ਖੜ੍ਹੀ ਹੈ ਤੇ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ।
ਬਲਰਾਜ ਸਿੰਘ ਸਿੱਧੂ ਐਸ.ਪੀ.,
ਪੰਡੋਰੀ ਸਿੱਧਵਾਂ
ਮੋ. 95011-00062
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।