ਸ਼ਬਦਾਂ ਦਾ ਵਣਜਾਰਾ : ਨਰਿੰਦਰ ਸਿੰਘ ਕਪੂਰ

ਸ਼ਬਦਾਂ ਦਾ ਵਣਜਾਰਾ : ਨਰਿੰਦਰ ਸਿੰਘ ਕਪੂਰ

ਪ੍ਰੋ. ਨਰਿੰਦਰ ਸਿੰਘ ਕਪੂਰ ਆਧੁਨਿਕ ਪੰਜਾਬੀ ਵਾਰਤਕ ਵਿਚ ਇੱਕ ਕਹਿੰਦਾ-ਕਹਾਉਂਦਾ ਨਾਂਅ ਹੈ, ਬੇਸ਼ੱਕ ਉਸ ਨੇ ਅਧਿਆਪਨ ਦਾ ਕਾਰਜ ਅੰਗਰੇਜ਼ੀ ਭਾਸ਼ਾ ਤੋਂ ਸ਼ੁਰੂ ਕੀਤਾ ਹੈ ਅਤੇ ਉਹ ਤਿੰਨ ਵਿਸ਼ਿਆਂ (ਅੰਗਰੇਜ਼ੀ, ਫ਼ਿਲਾਸਫ਼ੀ ਅਤੇ ਪੰਜਾਬੀ) ਵਿਚ ਐੱਮ. ਏ. ਹੈ, ਪਰ ਉਸਦੇ ਵਧੇਰੇ ਪਾਠਕ ਪੰਜਾਬੀ ਦੇ ਹਨ ਤੇ ਇਹ ਪਾਠਕ ਅਕਸਰ ਉਹਦੇ ਅਖ਼ਬਾਰ ਵਿਚ ਛਪਦੇ ਲੇਖਾਂ ਨੂੰ ਬੜੀ ਸ਼ਿੱਦਤ ਨਾਲ ਉਡੀਕਦੇ ਰਹਿੰਦੇ ਹਨ। ਉਸ ਨੇ ਫਰੈਂਚ ਜਰਨਲਿਜ਼ਮ, ਐੱਲ.ਐੱਲ.ਬੀ., ਲਾਇਬ੍ਰੇਰੀ ਸਾਇੰਸ ਆਦਿ ਵਿਸ਼ਿਆਂ ਵਿਚ ਵੀ ਛੋਟੀਆਂ-ਵੱਡੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹੋਈਆਂ ਹਨ ਅਤੇ ਇਨ੍ਹਾਂ ਪ੍ਰੀਖਿਆਵਾਂ ਵਿਚ ਉਹਨੇ ਯੂਨੀਵਰਸਿਟੀ ‘ਚੋਂ ਹਮੇਸ਼ਾ ਹੀ ਪਹਿਲੇ ਤਿੰਨ ਦਰਜਿਆਂ ‘ਚੋਂ ਕੋਈ ਸਥਾਨ ਪ੍ਰਾਪਤ ਕੀਤਾ ਹੈ।

ਉਹਨੇ ਕਾਲਜਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਅਤੇ ਪੱਤਰਕਾਰੀ ਵਿਭਾਗਾਂ ਵਿਚ ਪ੍ਰੋਫ਼ੈਸਰ ਅਤੇ ਮੁਖੀ ਦੀ ਸੇਵਾ ਨਿਭਾਈ ਹੈ ਅਤੇ ਆਪਣੇ ਕਰੀਬ 38 ਵਰ੍ਹਿਆਂ ਦੇ ਅਧਿਆਪਨ ਕਾਰਜ ਦੌਰਾਨ ਸੈਂਕੜੇ ਐੱਮ. ਫਿਲ ਤੇ ਪੀ.ਐੱਚ.ਡੀ. ਦੇ ਵਿਦਿਆਰਥੀਆਂ ਦਾ ਯੋਗ ਮਾਰਗਦਰਸ਼ਨ ਕੀਤਾ ਹੈ।

ਪ੍ਰੋਫ਼ੈਸਰ ਕਪੂਰ ਦਾ ਜੀਵਨ ਬੜਾ ਸੰਘਰਸ਼ਮਈ ਰਿਹਾ ਹੈ। ਕਪੂਰ ਦਾ ਜਨਮ ਲਹਿੰਦੇ ਪੰਜਾਬ ਦੇ ਪਿੰਡ ਆਧੀ, ਜ਼ਿਲ੍ਹਾ ਰਾਵਲ ਪਿੰਡੀ (ਪਾਕਿਸਤਾਨ) ਵਿਚ 6 ਮਾਰਚ, 1944 ਨੂੰ ਇੱਕ ਗ਼ਰੀਬ ਪਰਿਵਾਰ ਵਿਚ ਹੋਇਆ। 1947 ਵਿਚ ਦੇਸ਼ ਵੰਡ ਦੀਆਂ ਮੁਸੀਬਤਾਂ ਝਾਗਦਾ ਹੋਇਆ ਇਨ੍ਹਾਂ ਦਾ ਪਰਿਵਾਰ ਭਾਰਤ ਵਿਚ ਪਹਿਲਾਂ ਅੰਬਾਲੇ ਮਗਰੋਂ ਪਟਿਆਲੇ ਆ ਕੇ ਵੱਸ ਗਿਆ। ਉਸ ਸਮੇਂ ਕਪੂਰ ਲਗਭਗ ਢਾਈ ਸਾਲ ਦਾ ਸੀ। ਉਨ੍ਹਾਂ ਦੀ ਮਾਤਾ ਮਾਤਾ ਪੜ੍ਹੇ-ਲਿਖੇ ਖ਼ੁਸ਼ਹਾਲ ਪਰਿਵਾਰ ਵਿਚੋਂ ਸਨ, ਜਿਨ੍ਹਾਂ ਨੇ ਆਰਥਿਕ ਮਜ਼ਬੂਰੀਆਂ ਦੇ ਬਾਵਜੂਦ ਉਸ ਨੂੰ ਕੰਮ ਕਰਨ ਲਈ ਵੀ ਪ੍ਰੇਰਿਆ ਅਤੇ ਪੜ੍ਹਨ ਵਾਲੇ ਪਾਸੇ ਵੀ ਲਾਈ ਰੱਖਿਆ।

ਉਸਨੂੰ ਹਮੇਸ਼ਾ ਹੀ ਕੰਮ ਕਰਨ ਦਾ ਸ਼ੌਂਕ ਰਿਹਾ ਹੈ। ਉਸ ਨੇ ਕਦੇ ਵੀ ਕਿਸੇ ਕੰਮ ਨੂੰ ਛੋਟਾ ਨਹੀਂ ਮੰਨਿਆ। ਡਾਕਟਰ ਦੀ ਦੁਕਾਨ ਦੀ ਸਫ਼ਾਈ, ਮੰਜੇ-ਪਾਵਿਆਂ ਵਾਲੇ ਕਾਰੋਬਾਰੀ ਦੀ ਦੁਕਾਨ ‘ਤੇ ਕੰਮ, ਅਖ਼ਬਾਰ ਦੇ ਦਫ਼ਤਰ ਵਿਚ ਕੰਮ ਇਹ ਸਾਰੇ ਕੰਮ ਕਰਦਿਆਂ ਵੀ ਉਹਦੀ ਰੁਚੀ ਪੜ੍ਹਨ ਵਿਚ ਲਗਾਤਾਰ ਬਣੀ ਰਹੀ ਅਤੇ ਉਹਨੇ ਯੂਰਪੀ ਤੇ ਅੰਗਰੇਜ਼ੀ ਸਾਹਿਤ ਦਾ ਡੂੰਘਾ ਅਧਿਐਨ ਕੀਤਾ।

ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਆਲੋਚਨਾ, ਖੋਜ ਅਤੇ ਅਨੁਵਾਦ ਦੇ ਨਾਲ-ਨਾਲ ਪੰਜਾਬੀ ਵਿਚ ਨਿਵੇਕਲੇ ਵਿਸ਼ਿਆਂ ਨਾਲ ਸਬੰਧਿਤ ਲਗਭਗ 16 ਵਾਰਤਕ ਪੁਸਤਕਾਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਵਿਚੋਂ ਕੁਝ ਪੁਸਤਕਾਂ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਐੱਮ.ਏ. ਦੇ ਸਿਲੇਬਸ ਦਾ ਹਿੱਸਾ ਬਣੀਆਂ ਹੋਈਆਂ ਹਨ। ਉਸਨੇ ਲਗਭਗ ਪੌਣੀ ਸਦੀ ਪਹਿਲਾਂ ਅਖ਼ਬਾਰਾਂ ਲਈ ਲਿਖਣਾ ਸ਼ੁਰੂ ਕੀਤਾ ਤੇ ਅੱਜ ਵੀ ਲਿਖਣਾ ਜਾਰੀ ਹੈ। ਉਸ ਦੇ ਨਿਬੰਧ ਅਕਸਰ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ, ਜੋ ਹਰ ਵਰਗ ਦੇ ਪਾਠਕਾਂ ਵਿਚ ਬਹੁਤ ਮਕਬੂਲ ਹਨ।

ਪ੍ਰੋ. ਕਪੂਰ ਨਿਵੇਕਲੇ ਸ਼ੈਲੀਕਾਰ ਹਨ, ਉਨ੍ਹਾਂ ਦੀ ਵਾਰਤਕਸ਼ੈਲੀ ਵਿਗਿਆਨਕ ਨੁਕਤੇ ਤੋਂ ਅਹਿਮ ਹੈ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਮਗਰੋਂ ਸਮਕਾਲੀ ਪੰਜਾਬੀ ਵਾਰਤਕ ਲੇਖਕਾਂ ਵਿਚੋਂ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਵਾਰਤਕਕਾਰ ਹਨ। ਪ੍ਰੀਤਲੜੀ ਵਾਂਗ ਕਪੂਰ ਕੋਲ ਸ਼ਬਦਾਂ ‘ਚ ਜਾਦੂ ਜਗਾਉਣ ਦੀ ਜੁਗਤ ਵੀ ਅਤੇ ਅਰਥਾਂ ਨੂੰ ਚਮਕਾਉਣ ਦਾ ਤਰੀਕਾ ਵੀ ਹੈ।

ਉਨ੍ਹਾਂ ਦੀ ਵਾਰਤਕ ਦਾ ਹਰੇਕ ਵਾਕ ਅੱਗੜ-ਪਿੱਛੜ ਇੱਕ-ਦੂਜੇ ਦੀ ਕੰਨੀ ਫ਼ੜ ਕੇ ਤੁਰਦਾ ਹੈ। ਰੋਚਕਤਾ ਨੂੰ ਉਹ ਆਪਣੀ ਕਲਮ ਤੋਂ ਦੂਰ ਨਹੀਂ ਹੋਣ ਦਿੰਦਾ। ਉਸਦੀ ਵਾਰਤਕ ਬੱਸ ਉਸਦੀ ਹੀ ਹੈ ਜੋ ਹੋਰ ਕਿਸੇ ਵਰਗੀ ਨਹੀਂ ਹੋ ਸਕਦੀ। ਇਹ ਪ੍ਰਮਾਣਕ ਸ਼ੈਲੀਕਾਰ ਦਾ ਪ੍ਰਮੁੱਖ ਲੱਛਣ ਹੁੰਦਾ ਹੈ।

ਕਪੂਰ ਦੀਆਂ ਵਾਰਤਕ ਪੁਸਤਕਾਂ ਦੇ ਸਿਰਲੇਖ ਢੁੱਕਵੇਂ ਅਤੇ ਜ਼ਿੰਦਗੀ ਦੇ ਅਹਿਮ ਪੱਖਾਂ ਬਾਰੇ ਜਾਣਕਾਰੀ ਦਿੰਦੇ ਹਨ। ਜਿਵੇਂ ‘ਰਾਹ-ਰਸਤੇ’, ‘ਅੰਤਰਝਾਤ’, ‘ਬੂਹੇ-ਬਾਰੀਆਂ’, ‘ਡੂੰਘੀਆਂ-ਸਿਖ਼ਰਾਂ’, ‘ਦਰ-ਦਰਵਾਜ਼ੇ’, ‘ਆਹਮੋ-ਸਾਹਮਣੇ’, ‘ਸੁਖਨ-ਸੁਨੇਹੇ’, ‘ਮਾਲ਼ਾ-ਮਣਕੇ’ ਆਦਿ ਸਿਰਲੇਖ ਅਨੁਸਾਰ ਹੀ ਢੁੱਕਵੇਂ ਗਿਆਨਮਈ ਵਿਸ਼ੇ ਚੁਣੇ ਗਏ ਹਨ।

ਇਹ ਕਈ ਸਮੱਸਿਆਵਾਂ ਨਾਲ ਵਾਕਫ਼ੀਅਤ ਕਰਵਾਉਂਦੇ ਹਨ। ਨੌਕਰੀ ਪੇਸ਼ਾ ਪਤੀ-ਪਤਨੀ ਵਿਚਕਾਰ ਦੂਰ-ਦੁਰਾਡੇ ਥਾਵਾਂ ਉੱਤੇ ਨੌਕਰੀ ਮਿਲਣ ਕਾਰਨ ਪਈ ਦੂਰੀ ਨੂੰ ਬਿਆਨਦਾ ਉਸਦੇ ਨਿਬੰਧ ਦਾ ਸਿਰਲੇਖ ‘ਤੂੰ ਆਰ ਚੰਨ ਵੇ ਮੈਂ ਪਾਰ ਚੰਨ ਵੇ’, ਔਰਤ ਤੇ ਮਰਦ ਨੂੰ ਇੱਕ-ਦੂਜੇ ਦੇ ਪੂਰਕ ਮੰਨਦਾ ਹੋਇਆ ਉਸਦਾ ਨਿਬੰਧ ‘ਆਵਾਜ਼ ਤੇ ਗੂੰਜ’, ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਨੂੰ ਬਿਆਨਦਾ ਨਿਬੰਧ ‘ਇਕੱਤੀ ਐਤਵਾਰਾਂ ਵਾਲਾ ਮਹੀਨਾ’, ਹੰਕਾਰੇ ਹੋਏ ਲੋਕਾਂ ਦੀ ਮਾਨਸਿਕਤਾ ਨੂੰ ਉਲੀਕਦਾ ਨਿਬੰਧ ‘ਨਾਢੂ ਖਾਂ ਤੇ ਪਾਟੇ ਖਾਂ’, ਪਾਣੀ ਦੀ ਅਜਾਈਂ ਵਰਤੋਂ ਕਾਰਨ ਭਵਿੱਖ ਵਿਚ ਪੇਸ਼ ਆਉਣ ਵਾਲੀ ਪਾਣੀ ਦੀ ਕਿੱਲਤ ਤੋਂ ਜਾਣੂ ਕਰਵਾਉਂਦਾ ਨਿਬੰਧ ‘ਸੁੱਕ ਗਏ ਦਰਿਆਵਾਂ ਦੇ ਪਾਣੀ’ ਆਦਿ ਨਿਬੰਧ ਆਪਣੇ ਚੁਣੇ ਹੋਏ ਦਿਲਖਿੱਚਵੇਂ ਸਿਰਲੇਖਾਂ ਵਾਂਗ ਅੰਦਰੋਂ ਵੀ ਗਿਆਨਮਈ ਪ੍ਰਭਾਵਾਂ ਨਾਲ ਭਰਪੂਰ ਹਨ।

ਜਦੋਂ ਅਸੀਂ ਕਪੂਰ ਦੀ ਵਾਰਤਕ ਦਾ ਅਧਿਐਨ ਕਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਹ ਕਈ ਤਰ੍ਹਾਂ ਦੀਆਂ ਸ਼ੈਲੀਗਤ ਜੁਗਤਾਂ ਦੀ ਵਰਤੋਂ ਕਰਦਾ ਹੈ। ਲੇਖਕ ਦੇ ਸਾਹਮਣੇ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜਿਆ ਸਾਧਾਰਨ ਪਾਠਕ ਵਰਗ ਹੈ ਜਿਸ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਸੰਬੋਧਨੀ ਸ਼ੈਲੀ, ਪ੍ਰਸ਼ਨੋਤਰੀ ਸ਼ੈਲੀ, ਵਾਰਤਾਲਾਪੀ ਜਾਂ ਸੰਵਾਦੀ ਸ਼ੈਲੀ ਰਾਹੀਂ ਨਾਲ ਲੈ ਕੇ ਤੁਰਦਾ ਹੈ। ਕਪੂਰ ਨੇ ਆਪਣੇ ਨਿਬੰਧ ਵਿਚ ਵੱਡੇ ਵਾਕਾਂ ਦੀ ਤੁਲਨਾ ਵਿਚ ਨਿੱਕੇ-ਨਿੱਕੇ ਵਾਕ ਵਧੇਰੇ ਵਰਤੇ ਹਨ, ਉਹ ਇਨ੍ਹਾਂ ਨਿੱਕੇ-ਨਿੱਕੇ ਵਾਕਾਂ ਨੂੰ ਸਪੱਸ਼ਟ ਕਰਦੇ ਹੋਏ ਲਿਖਦੇ ਹਨ :

‘ਨਿੱਕੀਆਂ-ਨਿੱਕੀਆਂ ਖੁਸ਼ੀਆਂ ਜਿੰਦਗੀ ਨੂੰ ਥੱਕਣ ਨਹੀਂ ਦਿੰਦੀਆਂ।’
‘ਸੁਪਨੇ ਮਨੁੱਖੀ ਜੀਵਨ ਦੀ ਬੁਝਾਰਤ ਹਨ।’

ਨਰਿੰਦਰ ਸਿੰਘ ਕਪੂਰ ਨੇ ਸਾਧਾਰਨ, ਦਾਰਸ਼ਨਿਕ, ਇਤਿਹਾਸਕ, ਸਾਹਿਤਕ, ਬਿਰਤਾਂਤਕ, ਸਮਾਜਿਕ, ਸੱਭਿਆਚਾਰ, ਧਾਰਮਿਕ ਹਰ ਕਿਸਮ ਦੇ ਵਿਸ਼ਿਆਂ ਉੱਤੇ ਹੱਥ ਅਜ਼ਮਾਇਆ ਹੈ। ਉਸ ਨੇ ਜੋ ਲਿਖਿਆ ਸੋਚ-ਸਮਝ ਕੇ ਲਿਖਿਆ। ਉਹ ਜਿਸ ਵਿਸ਼ੇ ‘ਤੇ ਵੀ ਲਿਖਦੇ ਹਨ, ਪਹਿਲਾਂ ਉਸ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਨ, ਫੇਰ ਮਨ ਵਿਚ ਯੋਜਨਾ ਬਣਾਉਂਦੇ ਹਨ ਤੇ ਫਿਰ ਲਿਖਣ ਲਈ ਬੈਠਦੇ ਹਨ।

ਨਰਿੰਦਰ ਸਿੰਘ ਕਪੂਰ ਨਿਵੇਕਲੇ ਮੁਹਾਂਦਰੇ ਵਾਲੇ ਸ਼ੈਲੀਕਾਰ ਹਨ। ਉਹ ਅਜਿਹੇ ਸ਼ੈਲੀਕਾਰ ਹਨ ਜਿਨ੍ਹਾਂ ਦੀ ਲਿਖਤ ਬੋਲਦੀ ਹੈ ਕਿ ਮੈਂ ਫਲਾਣੇ ਲੇਖਕ ਦੀ ਲਿਖਤ ਹਾਂ। ਉਹ ਬੋਲਣ ਸਮੇਂ ਤਾਂ ਲਾਊਡ ਨਹੀਂ ਹੁੰਦਾ ਪਰ ਹਾਂ, ਲੇਖਣ ਸਮੇਂ ਆਪਣੇ ਵਿਚਾਰਾਂ ਨੂੰ ਜ਼ਰੂਰ ਇੱਕ ਬੱਝਵੀਂ ਤਰਤੀਬ ਵਿਚ ਰੱਖ ਕੇ ਬੜੇ ਸਟੀਕ ਤੇ ਅਸਰਦਾਰ ਢੰਗ ਨਾਲ ਰੇਖਾਂਕਿਤ ਕਰਦਾ ਹੈ।

ਉਹ ਅਕਸਰ ਆਮ ਜਿਹੇ ਅਤੇ ਸਿੱਧੇ-ਸਾਦੇ ਵਿਸ਼ਿਆਂ ਉੱਤੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਅਤੇ ਇਹ ਵਿਚਾਰ ਇੰਨੇ ਨਿਵੇਕਲੇ ਤੇ ਕਲਾਤਮਕ ਢੰਗ ਨਾਲ ਪ੍ਰਗਟਾਏ ਗਏ ਹੁੰਦੇ ਹਨ ਕਿ ਪਾਠਕਾਂ ਦੇ ਸਿੱਧਾ ਦਿਲ ਵਿਚ ਲਹਿ ਜਾਂਦੇ ਹਨ। ਸਾਹਿਰ ਲੁਧਿਆਣਵੀ ਦੀਆਂ ਇਹ ਕਾਵਿ ਪੰਗਤੀਆਂ :-

”ਦੁਨੀਆ ਨੇ ਤਜ਼ਰਬਾਤੋ ਹਵਾਇਸ ਕੀ ਸ਼ਕਲ ਮੇਂ,
ਜੋ ਕੁਝ ਮੁਝੇ ਦੀਆ ਲੌਟਾ ਰਹਾ ਹੂੰ ਮੈਂ।”
ਇਹੀ ਗੱਲ ਨਰਿੰਦਰ ਸਿੰਘ ਕਪੂਰ ‘ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।

ਡਾ. ਚਰਨਜੀਤ ਕੌਰ
ਪੰਜਾਬੀ ਵਿਭਾਗ,
ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਰਸਾ (ਹਰਿਆਣਾ) ਮੋ. 98784-47758

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।