ਧਰਤੀ ਦਾ ਸਵਰਗ ਕਸ਼ਮੀਰ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ

Kashmir

ਅਕਸਰ ਕਸ਼ਮੀਰ (Kashmir) ਦੀ ਧਰਤੀ ਸਵਰਗ ਸੁਣਨ ਨੂੰ ਮਿਲਦਾ ਸੀ, ਪੜ੍ਹਾਈ ਤੇ ਨੌਕਰੀ ਦੌਰਾਨ ਕਦੇ ਵੀ ਅੱਗੇ ਕੁਦਰਤੀ ਨਜਾਰੇ ਵੇਖਣ ਲਈ ਸਮਾਂ ਨਹੀਂ ਲੱਗਾ ਪਰ ਇਸ ਵਾਰ ਗਰਮੀ ਦੀਆਂ ਛੁੱਟੀਆਂ ਦੌਰਾਨ ਪਰਿਵਾਰ ਤੇ ਸਾਥੀਆਂ ਨਾਲ ਕਸ਼ਮੀਰ ਜਾਣ ਦਾ ਮੌਕਾ ਮਿਲਿਆ ਸਾਥੀਆਂ ਨਾਲ ਨਿੱਜੀ ਗੱਡੀਆਂ ਰਾਹੀਂ ਰਾਤ ਨੂੰ ਚੱਲ ਪਏ। ਸਵੇਰੇ ਜੰਮੂ ਪਹੁੰਚ ਗਏ। ਜੰਮੂ ਥੋੜ੍ਹਾ ਸਮਾਂ ਰੁਕ ਕੇ ਚਾਹ ਪੀਤੀ ਤੇ ਅਰਾਮ ਕੀਤਾ। ਇਸ ਤੋਂ ਬਾਅਦ ਸੁਨਹਿਰੀ ਸਫਰ ਦੀ ਸ਼ੁਰੂਆਤ ਹੋਈ।

ਨਜ਼ਾਰਿਆਂ ਨਾਲ ਭਰਪੂਰ: | Kashmir

ਸਭ ਤੋਂ ਪਹਿਲਾਂ ਜਿਲ੍ਹਾ ਰਾਮਬਨ ਪਹੁੰਚ ਕੇ ਸੰਪਰਕ ਕਰਨ ਲਈ ਸਿੰਮ ਖਰੀਦੀ ਤੇ ਬਾਕੀ ਸਾਥੀਆਂ ਨਾਲ ਸੰਪਰਕ ਕੀਤਾ ਗਿਆ, ਤਕਰੀਬਨ 10 ਮਿੰਟ ਵਿੱਚ ਹੀ ਫੋਨ ਚੱਲ ਪਿਆ, ਇਸ ਤੋਂ ਬਾਅਦ ਅਸੀਂ ਅੱਗੇ ਵਧੇ ਇੱਕ ਅਜੀਬ ਜਿਹੀ ਗੱਲ ਬਹੁਤ ਜਗ੍ਹਾ ਹੋਈ, ਅਕਸਰ ਅਸੀਂ ਢਾਬੇ ਜਾਂ ਹੋਟਲ ’ਤੇ ਖਾਣਾ ਖਾਂਦੇ ਤਾਂ ਬਿੱਲ ਦੀ ਅਦਾਇਗੀ ਕਰਦੇ ਪਰ ਸਾਥੀ ਜੱਸੀ ਮਾਨਸਾ ਦੀ ਆਦਤ ਸੀ ਕਿ ਉਹ ਰੇਟ ਅਤੇ ਪੂਰੇ ਬਿੱਲ ਦਾ ਹਿਸਾਬ ਵੇਖਦਾ, ਤਾਂ ਕਾਫੀ ਫਰਕ ਨਿੱਕਲ ਪੈਂਦਾ ਸੀ ਇਹ ਗੱਲ ‘ਕਸ਼ਮੀਰ ਸਫਰ’ ਦੌਰਾਨ ਕਾਫੀ ਵਾਰ ਹੋਈ, (Kashmir)

ਇਸ ਲਈ ਬਾਹਰ ਜਾਣ ਸਮੇਂ ਅਦਾਇਗੀ ਸਮੇਂ ਲਿਸਟ ਤੇ ਜੋੜ ਜਰੂਰ ਚੈੱਕ ਕਰੋ, ਇਸ ਤੋਂ ਬਾਅਦ ਕਮਰੇ ਲੈਣ ਸਮੇਂ ਥੋੜ੍ਹੀ ਜਿਹੀ ਪੜਤਾਲ ਕਰੋ, ਕਦੇ ਵੀ ਦਲਾਲ ਨਾਲ ਗੱਲ ਨਾ ਕਰੋ, ਹੋਟਲ ਵਿੱਚ ਸਿੱਧਾ ਪਹੁੰਚ ਕੇ ਘੱਟ ਰੇਟ ਵਿੱਚ ਕਮਰਾ ਪ੍ਰਾਪਤ ਹੋ ਜਾਂਦਾ ਹੈ, ਕਸ਼ਮੀਰ ਵਿੱਚ ਵੱਖ-ਵੱਖ ਜਗ੍ਹਾ ਜਾਣ ਦੀ ਜਾਣਕਾਰੀ ਲੈਣਾ ਬਹੁਤ ਔਖਾ ਹੈ। ਹਰ ਕਿਸੇ ਦੀ ਸਲਾਹ, ਜਾਣਕਾਰੀ ਟੂਰਿਸਟ ਤੋਂ ਲਾਭ ਵਾਲੀ ਹੁੰਦੀ ਹੈ, ਬਾਕੀ ਆਮ ਲੋਕ ਵਧੀਆ ਗੱਲਬਾਤ ਕਰਦੇ ਹਨ, ਨਾਲ ਹੀ ਸਬੰਧਿਤ ਜਗ੍ਹਾ ਸਬੰਧੀ ਇਤਿਹਾਸਕ ਜਾਣਕਾਰੀ ਪ੍ਰਦਾਨ ਕਰਦੇ ਹਨ ਆਉ ਗੱਲ ਕਰੀਏ ਕੁੱਝ ਮਹੱਤਵ ਸਥਾਨਾਂ ਦੀ, ਜੋ ਕੁਦਰਤ ਦਾ ਅਜੂਬਾ ਹਨ। (Kashmir)

ਊਧਮਪੁਰ ਦਾ ਇਤਿਹਾਸ: | Kashmir

ਕਰਿਮਚੀ ਮੰਦਿਰ ਕਰਿਮਚੀ ਪਿੰਡ ਵਿੱਚ 8ਵੀਂ 9ਵੀਂ ਸਦੀ ਵਿੱਚ ਬਣਿਆ ਮਹਾਂਭਾਰਤ ਦੇ ਪਾਂਡਵ ਨੇ ਬਣਾਇਆ ਸੀ। ਇਸ ਤੋਂ ਇਲਾਵਾ ਪਟਨੀਟਾਪ ਹਿੱਲ ਸਟੇਸ਼ਨ ਊਧਮਪੁਰ ਦੀ ਸ਼ਾਨ ਹੈ। ਬਰਫਬਾਰੀ ਸਮੇਂ ਕਾਫੀ ਬਰਫ ਪੈਂਦੀ ਹੈ, ਕੁਦਰਤੀ ਨਜਾਰੇ ਨਾਲ ਭਰਪੂਰ ਇਹ ਸਥਾਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ, ਪ੍ਰਾਚੀਨ ਸ਼ਿਵ ਮੰਦਿਰ ਜੋ ਪਟਨੀਟਾਪ ਵਿਖੇ ਸਥਿਤ ਹੈ, ਭਾਰਤੀ ਸੰਸਕਿ੍ਰਤੀ ਦੀ ਧਰੋਹਰ ਹੈ।

ਅਨੰਤਨਾਗ (ਅਵੰਤੀਪੁਰਾ): | Kashmir

ਇਸ ਤੋਂ ਬਾਅਦ ਗੱਡੀ ਅੱਗੇ ਵਧਾਈ ਤੇ ਅਨੰਤਨਾਗ ਪਹੁੰਚ ਗਏ। ਖੂਬਸੂਰਤ ਵਾਦੀਆਂ ਤੇ ਮੈਦਾਨਾਂ ਨਾਲ ਭਰਪੂਰ ਅਨੰਤਨਾਗ ਮਨਮੋਹਕ ਦਿ੍ਰਸ਼ ਪੇਸ਼ ਕਰ ਰਿਹਾ ਸੀ, ਜੂਨ ਦੇ ਮਹੀਨੇ ਵਿੱਚ ਬਰਫ ਵਰਗੀਆਂ ਠੰਢੀਆਂ ਹਵਾਵਾਂ ਸ਼ਾਂਤੀ ਪ੍ਰਦਾਨ ਕਰਦੀਆਂ ਸਨ, ਪੁਰਾਣੇ ਸਮੇਂ ਅਨੰਤਨਾਗ ਨੂੰ ਉੜੀਸਾ ਦੇ ਰਾਜ ਤੋਂ ਆਏ ਅਵੰਤੀਵਰਮਨ ਰਾਜਾ ਦੇ ਨਾਂਅ ਤੇ ਅਵੰਤੀਪੁਰਾ ਪਿਆ ਸੀ। ਨੈਸ਼ਨਲ ਹਾਈਵੇ ਤੋਂ ਥੋੜ੍ਹਾ ਹਟ ਕੇ ਨੌਵੀਂ ਸਦੀ ਦੀ ਧਰੋਹਰ ਪ੍ਰਾਚੀਨ ਵਿਸ਼ਨੂੰ ਮੰਦਿਰ ਤੇ ਸ਼ਿਵ ਮੰਦਿਰ ਨੌਵੀਂ ਸਦੀ ਦੀ ਉਸ ਕਲਾ ਸੰਸਕਿ੍ਰਤੀ ਨੂੰ ਪੇਸ਼ ਕਰਦੇ ਹਨ ਜਦੋਂ ਬਿਨਾਂ ਕਿਸੇ ਕੈਮੀਕਲ, ਚੂਨੇ ਸੀਮਿੰਟ ਤੋਂ ਪੱਥਰ ਜੋੜ ਕੇ ਮੰਦਿਰਾਂ ਦਾ ਨਿਰਮਾਣ ਕੀਤਾ ਜਾਂਦਾ ਸੀ, ਪੁਰਾਤੱਤਵ ਵਿਭਾਗ ਨੇ ਇਹਦੀ ਪਹਿਚਾਣ 1861 ਈ: ਵਿੱਚ ਕੀਤੀ। ਥੰਮ੍ਹ, ਦੀਵਾਰ, ਮੂਰਤੀਆਂ ਦੇ ਅਵਸ਼ੇਸ਼ ਵੇਖੇ ਜਾ ਸਕਦੇ ਹਨ। (Kashmir)

ਕਸ਼ਮੀਰ ਦੀ ਸੁੰਦਰਤਾ:

ਇਸ ਸਥਾਨ ਦੀ ਅਦਭੁੱਤ ਕਲਾ ਦੇਖਣ ਤੋਂ ਬਾਅਦ ਸੁਹਾਵਨੇ ਸਫਰ ਲਈ ਚਾਲੇ ਪਾ ਦਿੱਤੇ। ਜਿਵੇਂ-ਜਿਵੇਂ ਅੱਗੇ ਜਾ ਰਹੇ ਸੀ ਤਾਂ ਜਿਹਲਮ ਦਰਿਆ ਦੀ ਸੁੰਦਰਤਾ, ਵਾਦੀਆਂ ਦੀ ਹਰਿਆਲੀ, ਬਰਫ ਨਾਲ ਲੱਦੇ ਠੰਢੇ ਪਹਾੜ, ਮਿੱਠੀ ਤੇ ਕੌਸੀ ਜਿਹੀ ਧੁੱਪ ਕਿਸੇ ਹੋਰ ਦੁਨੀਆਂ ਦਾ ਅਨੁਭਵ ਕਰਾ ਰਹੀ ਸੀ। ਸ੍ਰੀਨਗਰ ਪਹੁੰਚ ਕੇ, ਸੰਘਰਸ਼ ਦੀ ਦਾਸਤਾਨ ਤੇ ਕਸ਼ਮੀਰ ਦੀਆਂ ਸਰਗਰਮੀਆਂ ਦਾ ਕੇਂਦਰ ਲਾਲ ਚੌਂਕ ਵੇਖਿਆ, ਜਿੱਥੇ ਪ੍ਰਾਚੀਨ ਗਦਾਧਰ ਮੰਦਿਰ ਵੀ ਸਥਿਤ ਹੈ।

ਲਾਲ ਚੌਂਕ ਤੇ ਗੁਫਾਰ ਮਾਰਕੀਟ:

ਲਾਲ ਚੌਂਕ ਦੀ ਮਾਰਕੀਟ ਸ੍ਰੀਨਗਰ ਦਾ ਦਿਲ ਹੈ, ਜਿੱਥੇ ਹਰ ਕੰਪਨੀ ਦੇ ਸ਼ੋਅ-ਰੂਮ ਅਤੇ ਕਸ਼ਮੀਰ ਦੀ ਕਲਾਕਿ੍ਰਤੀ ਨਾਲ ਸਬੰਧਿਤ ਕੱਪੜਾ, ਲੱਕੜ ਦਾ ਸਮਾਨ ਆਦਿ ਮਿਲਦਾ ਹੈ, ਗੁਫਾਰ ਮਾਰਕੀਟ ਹੌਜਰੀ ਦਾ ਧੁਰਾ ਹੈ ਕੱਪੜੇ, ਸ਼ਾਲ, ਕੰਬਲ ਕਸ਼ਮੀਰੀ ਕਢਾਈ ਵਾਲੇ ਸੂਟ ਆਦਿ ਸਾਮਾਨ ਮਿਲਦਾ ਹੈ, ਰੇਟ ਵੀ ਬਹੁਤ ਹੀ ਘੱਟ ਹਨ, ਡੱਲ ਝੀਲ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਮੁਗਲ ਗਾਰਡਨ ਤੇ ਬੋਟੈਨੀਕਲ ਪਾਰਕ:

ਸ੍ਰੀਨਗਰ ਦਾ ਮੁਗਲ ਗਾਰਡਨ ਤੇ ਬੋਟੈਨੀਕਲ ਪਾਰਕ ਕੁਦਰਤੀ ਪ੍ਰਕਿਰਤੀ ਦਾ ਨਮੂਨਾ ਹਨ, ਚਿਨਾਰ ਦੇ ਦਰੱਖਤ ਅਤੇ ਮੌਸਮੀ ਫੁੱਲਾਂ ਦੀਆਂ ਅਨੇਕਾਂ ਕਿਸਮਾਂ ਖਿੱਚ ਦਾ ਕੇਂਦਰ ਹਨ, ਸਥਾਨਕ ਲੋਕ ਛੁੱਟੀ ਤੇ ਖਾਲੀ ਸਮਾਂ ਇੱਥੇ ਹੀ ਬਤੀਤ ਕਰਦੇ ਹਨ, ਮੁਗਲ ਗਾਰਡਨ ਦਾ ਨਿਰਮਾਣ ਮੁਗਲ ਬਾਦਸ਼ਾਹ ਜਹਾਂਗੀਰ ਦੇ ਸਾਲੇ ਮਿਰਜਾ ਗੁਲਾਮ ਦੀ ਦੇਖਰੇਖ ਹੇਠ 1619 ਵਿੱਚ ਤਿਆਰ ਕਰਵਾਇਆ, ਉਸ ਸਮੇਂ ਇਹ ਰਾਜ ਸ਼ਾਹੀ ਬਾਗ ਸੀ, ਬੋਟੈਨੀਕਲ ਪਾਰਕ ਜਾਂ ਚਸ਼ਮੇ ਸ਼ਾਹੀ 1987 ਵਿੱਚ ਤਿਆਰ ਕੀਤਾ ਗਿਆ, ਸਾਹਮਣੇ ਡੱਲ ਲੇਕ ਦਾ ਦਿ੍ਰਸ਼ ਹੋਰ ਵੀ ਆਕਰਸ਼ਿਤ ਕਰਦਾ ਹੈ।

ਡੱਲ ਲੇਕ: | Kashmir

ਡੱਲ ਲੇਕ ਕਸ਼ਮੀਰ ਦੀ ਸੁੰਦਰਤਾ ਦਾ ਕੇਂਦਰ ਹੈ, ਸ਼ਿਕਾਰੇ ਰਾਹੀਂ ਪੂਰੀ ਲੇਕ ਨੂੰ ਵੇਖਿਆ ਜਾ ਸਕਦਾ ਤੇ ਲੇਕ ਦੇ ਅੰਦਰ ਹੀ ਕੱਪੜੇ ਅਤੇ ਅਖਰੋਟ ਦੀ ਲੱਕੜ ਤੋਂ ਇਲਾਵਾ ਕਸ਼ਮੀਰੀ ਕਰਾਫਟ ਦਾ ਬਜਾਰ ਹੈ, ਡੱਲ ਲੇਕ ਦੇ ਅੰਦਰ ਕਈ ਜਗ੍ਹਾ ਤੈਰਦਾ ਪਾਰਕ ਜਿਸ ਵਿੱਚ ਸਬਜੀਆਂ ਪੈਦਾ ਕੀਤੀਆਂ ਜਾਂਦੀਆਂ ਹਨ, ਰਾਤ ਸਮੇਂ ਰਹਿਣ ਲਈ ਵਿਸ਼ੇਸ਼ ਬੋਟ ਹਾਊਸ ਵੀ ਸੁੰਦਰਤਾ ਦਾ ਨਮੂਨਾ ਹਨ, ਪਿਛਲੇ ਪਾਸੇ ਕੰਢੇ ’ਤੇ ਪਿੰਡ ਹਨ। ਭਗਵਾਨ ਸ਼ਿਵ ਦੇ ਸ਼ੰਕਰਾਚਾਰੀਆ ਮੰਦਰ, ਇੰਦਰਾ ਗਾਂਧੀ ਟਿਊਲਿਪ ਗਾਰਡਨ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਨ।

ਗੁਲਮਰਗ ਤੇ ਸੋਨਮਰਗ ਦੀ ਸੈਰ:

ਕਸ਼ਮੀਰ ਸਫਰ ਦੌਰਾਨ ਅਸੀਂ ਗੁਲਮਰਗ ਪਹੁੰਚੇ, ਜੋ ਸ੍ਰੀਨਗਰ ਤੋਂ ਕਰੀਬ 50 ਕਿਲੋਮੀਟਰ ਦੂਰ ਹੈ। ਗੁਲਮਰਗ ਸ੍ਰੀਨਗਰ ਦੇ ਮੁਕਾਬਲੇ ਠੰਢਾ ਹੈ ਪਰ ਗੁਲਮਰਗ ਦੀ ਸੈਰ ਤਾਂ ਹੀ ਹੋ ਸਕਦੀ ਹੈ ਜੇਕਰ ਪਹਿਲਾਂ ਤੋਂ ਆਨਲਾਈਨ ਬੁਕਿੰਗ ਹੋਈ ਹੋਵੇ। ਗੁਲਮਰਗ ਟੈਕਸੀ ਸਟੈਂਡ ਦੇ ਸਾਹਮਣੇ ਘਾਹ ਦੇ ਮੈਦਾਨ ਤੇ ਉਚਾਈ ’ਤੇ ਸਥਿਤ ਪ੍ਰਾਚੀਨ ਮੰਦਿਰ ਖਿੱਚ ਦਾ ਕੇਂਦਰ ਹੈ, ਗੁਲਮਰਗ ਵਿਖੇ ਗੰਢੋਲਾ ਕੇਬਲ ਕਾਰ ਲਈ ਆਨਲਾਈਨ ਬੁਕਿੰਗ ਪਹਿਲਾਂ ਹੀ ਹੁੰਦੀ ਹੈ, ਬੁਕਿੰਗ ਤੋਂ ਬਿਨਾਂ ਤੁਸੀਂ ਅੱਗੇ ਨਹੀਂ ਜਾ ਸਕਦੇ। ਗੰਢੋਲਾ ਲੱਗਭੱਗ 3979 ਫੁੱਟ ਉਚਾਈ ਤੇ ਸਥਿਤ ਹੈ। ਜੋ ਡਾਗੂ ਗਲੇਸ਼ੀਅਰ ਤੱਕ ਜਾਂਦੀ ਹੈ। ਜਿੱਥੇ ਬਰਫ ਦੀ ਚਿੱਟੀ ਚਾਦਰ ਜੂਨ ਵਿੱਚ ਨਜ਼ਰ ਆਉਂਦੀ ਹੈ। ਬਿਨਾਂ ਬੁਕਿੰਗ ਤੋਂ ਘੋੜਿਆਂ ਰਾਹੀਂ ਮਹਾਰਾਜਾ ਪੈਲੇਸ, ਪ੍ਰਾਚੀਨ ਚਰਚ, ਬਾਗ ਹੀ ਦੇਖੇ ਜਾ ਸਕਦੇ ਹਨ।

ਸੋਨਮਰਗ: ਗੁਲਮਰਗ ਦੀ ਪਹਾੜੀ ਯਾਤਰਾ ਤੋਂ ਬਾਅਦ ਸਾਡਾ ਕਾਫਲਾ ਸੋਨਮਰਗ ਵੱਲ ਵਧ ਗਿਆ। ਸੋਨਮਰਗ ਦੀ ਖੂਬਸੂਰਤੀ ਹੋਰ ਵੀ ਆਕਰਸ਼ਿਤ ਸੀ, ਜਿਹਲਮ ਦੇ ਨਾਲ-ਨਾਲ ਸੜਕ ਰਾਹੀਂ ਸੋਨਮਰਗ ਦੇ ਮੈਦਾਨ ਵਿੱਚ 82 ਕਿਲੋਮੀਟਰ ਪਹੁੰਚੇ। ਜਿੱਥੇ ਚਨਾਰ ਦੇ ਵੱਡੇ-ਵੱਡੇ ਰੁੱਖ ਕੁਦਰਤ ਦੀ ਖੂਬਸੂਰਤੀ ਬਿਆਨ ਕਰ ਰਹੇ ਸਨ ਤੇ ਭਾਰਤੀ ਸੈਨਾ ਦੁਆਰਾ ਲਗਾਇਆ ਦੇਸ਼ ਦੀ ਸ਼ਾਨ ਤਿਰੰਗਾ ਉੱਚਾਈ ਤੋਂ ਲਹਿਰਾ ਕੇ ਭਾਰਤੀ ਖੁਸ਼ਹਾਲੀ, ਤਰੱਕੀ, ਸ਼ਾਂਤੀ ਦਾ ਸੰਦੇਸ਼ ਦੇ ਰਿਹਾ ਸੀ, ਇਸ ਨੂੰ ਬੀ.ਐਸ.ਐਫ. ਨੇ ਸੈਲਫੀ ਬਿੰਦੂ ਦੇ ਤੌਰ ’ਤੇ ਵਿਕਸਿਤ ਕੀਤਾ ਹੈ। ਜਿੱਥੇ ਸਾਰਾ ਸੋਨਮਰਗ ਨਜਰ ਆਉਂਦਾ ਹੈ, ਚਾਰੇ ਪਾਸੇ ਬਰਫ ਦੀ ਚਿੱਟੀ ਚਾਦਰ ਦੇ ਪਹਾੜ ਉੱਪਰ ਪੈਂਦੀਆਂ ਸੂਰਜ ਦੀਆਂ ਕਿਰਨਾਂ ਕਿਸੇ ਅਲੌਕਿਕ ਦਿ੍ਰਸ਼ ਤੋਂ ਘੱਟ ਨਹੀਂ।

ਕੇਸਰ ਤੇ ਸੁੰਦਰਤਾ ਦਾ ਪਹਿਲਗਾਮ:

ਪਹਿਲਗਾਮ ਦਾ ਮੌਸਮ ਜੰਨਤ ਤੋਂ ਘੱਟ ਨਹੀਂ। ਸ੍ਰੀਨਗਰ ਤੋਂ ਕਰੀਬ 90 ਕਿਲੋਮੀਟਰ, ਪਠਾਨਕੋਟ ਵੱਲ ਆਉਂਦੇ ਸਮੇਂ ਪਿੰਡਾਂ ਰਾਹੀਂ ਅਸੀਂ ਰਾਤ ਨੂੰ ਪਹਿਲਗਾਮ ਪਹੁੰਚੇ, ਜਿਹਲਮ ਦੇ ਨਾਲ-ਨਾਲ ਚੱਲਦੇ ਤਕਰੀਬਨ 20 ਕਿਲੋਮੀਟਰ ਉਚਾਈ ਰਾਹੀਂ ਪਹਿਲਗਾਮ ਦੀ ਯਾਤਰਾ ਸ਼ੁਰੂ ਹੋਈ, ਪਹਿਲਗਾਮ ਅਪਣੀ ਵੱਖਰੀ ਸੁੰਦਰਤਾ ਤੇ ਕੇਸਰ ਦੀ ਫਸਲ ਕਾਰਨ ਵਿਲੱਖਣ ਹੈ। ਪਹਿਲਗਾਮ ਵਿੱਚ ਹਰ ਜਗ੍ਹਾ ਕੇਸਰ, ਡਰਾਈਫਰੁਟ, ਕਸ਼ਮੀਰ ਲੱਕੜ ਦਾ ਸਮਾਨ, ਕਸ਼ਮੀਰੀ ਕ੍ਰਾਫਟ, ਕਸ਼ਮੀਰੀ ਕੱਪੜਾ ਆਦਿ ਦੀਆਂ ਦੁਕਾਨਾਂ ਮੌਜੂਦ ਹਨ।

ਆਰੂ ਵੈਲੀ, ਬੇਤਾਬ ਵੈਲੀ, ਵਾਈਸਰਨ ਵੈਲੀ, ਚੰਦਨਵਾੜੀ: ਪਹਿਲਗਾਮ ਤੋਂ ਹੀ ਬਾਲੀਵੁੱਡ ਦੀ ਦੁਨੀਆਂ ਵਿੱਚ ਮਸ਼ਹੂਰ ਵੈਲੀਆਂ ਦਾ ਸਫਰ ਸ਼ੁਰੂ ਹੁੰਦਾ ਹੈ। ਆਰੂ ਵੈਲੀ ਦੇ ਨਾਲ ਹੀ ਦਰਿਆ ਚੱਲਦਾ ਹੈ। ਸਫੈਦ ਪਹਾੜਾਂ ਵਿੱਚ ਇਹ ਵੈਲੀ ਸਥਿਤ ਹੈ। ਬੇਤਾਬ ਵੈਲੀ ਇਸ ਤੋਂ ਬਾਅਦ ਦੂਸਰਾ ਪੜਾਅ ਹੈ। ਜਿੱਥੇ ਹਿੰਦੀ ਫਿਲਮ ਬੇਤਾਬ ਦੀ ਸ਼ੂਟਿਗ ਹੋਈ ਸੀ। ਬਾਈਸਰਨ ਵੈਲੀ ਲਈ ਸਿਰਫ ਪਹਾੜਾਂ ਵਿੱਚ ਦੀ ਘੋੜੇ ਰਾਹੀਂ ਯਾਤਰਾ ਹੋ ਸਕਦੀ ਹੈ ਆਖਰੀ ਪੜਾਅ ਕਸ਼ਮੀਰ ਸਫਰ ਦਾ ਚੰਦਨਵਾੜੀ ਸੀ। ਜਿੱਥੇ ਪਹਾੜਾਂ ’ਤੇ ਬਰਫ ਤੱਕ ਜਾਇਆ ਜਾ ਸਕਦਾ ਹੈ, ਚੰਦਨਵਾੜੀ ਦੀਆਂ ਪੌੜੀਆਂ ਤੋਂ ਸ੍ਰੀ ਅਮਰਨਾਥ ਯਾਤਰਾ ਕਰੀਬ 28 ਕਿਲੋਮੀਟਰ ਹੈ, ਚੰਦਨਵਾੜੀ ਅਮਰਨਾਥ ਯਾਤਰਾ ਦਾ ਜ਼ੀਰੋ ਪੁਆਇੰਟ ਹੈ।

ਬਾਂਦੀਪੋਰਾ ਦੇ ਜੰਗਲ:

ਉੱਤਰੀ ਕਸ਼ਮੀਰ ਦਾ ਬਾਂਦੀਪੋਰਾ ਸੈਲਾਨੀਆਂ ਲਈ ਨਵੀਂ ਪਛਾਣ ਹੈ। ਇੱਥੇ ਵੂਲਰ ਝੀਲ ਦੇ ਕਿਨਾਰੇ ਸਥਿਤ ਜੁਰੀਮੰਜ ਹੋਵੇ ਜਾਂ ਫਿਰ ਮਕਬੂਜਾ ਕਸ਼ਮੀਰ ਤੇ ਜੰਮੂ ਕਸ਼ਮੀਰ ਨੂੰ ਅਲੱਗ ਕਰਨ ਵਾਲੀ ਕੰਟਰੋਲ ਰੇਖਾ ਨਾਲ ਲੱਗਿਆ ਗੁਰੇਜ ਹੋਵੇ। ਜਿੱਥੇ ਸੈਲਾਨੀ ਜਾ ਕੇ ਕੁਦਰਤ ਦਾ ਅਨੰਦ ਮਾਣ ਸਕਦੇ ਹਨ। ਇਸ ਤਰ੍ਹਾਂ ਕਸ਼ਮੀਰ ਸਫਰਨਾਮੇ ਦੌਰਾਨ ਕੁਦਰਤ ਦੇ ਸਵਰਗ ‘ਕਸ਼ਮੀਰ’, ਜੋ ਹਰ ਪੱਖੋਂ ਕੁਦਰਤੀ ਸਾਧਨਾਂ ਨਾਲ ਭਰਪੂਰ ਹੈ, ਪ੍ਰਵਾਸ ਦੌਰਾਨ ਸੁਰੱਖਿਆ ਲਈ ਭਾਰਤੀ ਸੈਨਾ, ਸੈਲਾਨੀਆਂ ਦੇ ਕੰਮ ਵਿੱਚ ਲੱਗੇ ਸਥਾਨਕ ਲੋਕ ਬਹੁਤ ਖਿਆਲ ਰੱਖਦੇ ਹਨ। ਅੰਤ ਸਾਡੇ ਸਾਥੀਆਂ ਨਾਲ ਅਸੀਂ ਇਸ ਸਫਰ ਦਾ ਆਨੰਦ ਮਾਣਿਆ।

ਅਵਨੀਸ਼ ਲੌਂਗੋਵਾਲ
ਮੋ. 78883-46465