ਸਿਹਤ ਮੰਤਰੀ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕੀਤਾ ਦੌਰਾ

Rajindra-Hospital-Patiala
ਪਟਿਆਲਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਦੌਰਾ ਕਰਦੇ ਹੋਏ।

ਸੂਬੇ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ : ਡਾ. ਬਲਬੀਰ ਸਿੰਘ (Rajindra Hospital Patiala)

  • ਕਿਹਾ, ਸਿਹਤ ਵਿਭਾਗ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Rajindra Hospital Patiala ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੋਵਿਡ ਵਾਰਡ ਦਾ ਜਾਇਜ਼ਾ ਲੈਦਿਆਂ ਕਿਹਾ ਕਿ ਭਾਵੇਂ ਸੂਬੇ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਸਿਹਤ ਵਿਭਾਗ ਵੱਲੋਂ ਅਹਿਤਿਆਤ ਵਜੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੋਵਿਡ ਨਾਲ ਪੀੜਤ ਜੇਕਰ ਮਰੀਜ਼ ਆਉਂਦੇ ਵੀ ਹਨ ਤਾਂ ਇਸ ਸਬੰਧੀ ਸਿਹਤ, ਮੈਡੀਕਲ ਤੇ ਖੋਜ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਹਾਲੇ ਤੱਕ ਕੋਵਿਡ ਦੇ ਕਿਸੇ ਵੀ ਨਵੇਂ ਵੈਰੀਐਂਟ ਦਾ ਸੂਬੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪਡ਼੍ਹੋ : ਅੰਮ੍ਰਿਤਸਰ ‘ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਵੀ ਸਿਰਫ਼ ਸੁਚੇਤ ਰਹਿਣ ਤੇ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ ਅਤੇ ਜਿਹੜੇ ਲੋਕ ਕਿਸੇ ਵੀ ਬਿਮਾਰੀ ਤੋਂ ਪੀੜਤ ਹਨ, ਜਿਵੇਂ ਕੈਂਸਰ ਜਾਂ ਫੇਰ ਕਿਸੇ ਕਾਰਨ ਸਟੀਰੋਇਡ ਲੈਂਦੇ ਹੋਣ, ਕਿਸੇ ਦੇ ਗੁਰਦੇ ਬਦਲੇ ਹਨ ਜਾ ਫੇਰ ਸਾਹ ਦੀ ਬਿਮਾਰੀ ਨਾਲ ਪੀੜ੍ਹਤ ਹੋਣ ਉਹ ਆਪਣਾ ਧਿਆਨ ਰੱਖਣ ਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ ਜਦਕਿ ਆਮ ਲੋਕਾਂ ਨੂੰ ਹਾਲੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। (Rajindra Hospital Patiala)

ਕੋਵਿਡ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇ

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੌਜੂਦਾ ਸਥਿਤੀ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਉਹ ਸੂਬੇ ਦੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ ਤੇ ਇਸ ਸਬੰਧੀ ਮੌਕ ਡਰਿੱਲ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਐਮਰਜੈਂਸੀ ਦਵਾਈਆਂ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ ਤੇ ਆਕਸੀਜਨ ਦੇ ਪਲਾਟ ਚਲਦੇ ਹਨ ਤੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਜਾ ਰਹੇ ਹਨ ਪਰ ਹਾਲੇ ਕੇਸ ਘੱਟ ਹਨ ਅਤੇ ਹਾਲੇ ਤੱਕ ਸੂਬੇ ਅੰਦਰ ਕੋਈ ਨਵਾਂ ਵੇਰੀਐਂਟ ਰਿਪੋਰਟ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਹਾਲੇ ਤੱਕ ਕੋਵਿਡ ਦਾ ਕੋਈ ਵੀ ਮਰੀਜ਼ ਦਾਖਲ ਨਹੀਂ ਹੋਇਆ ਹੈ, ਪਰ ਫੇਰ ਵੀ ਅਹਿਤਿਆਤ ਵਜੋਂ ਕੋਵਿਡ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਡਾ. ਆਰ.ਪੀ.ਐਸ. ਸਿਬੀਆ, ਡਾ. ਰਾਜਾ ਪਰਮਜੀਤ ਸਿੰਘ, ਡਾ. ਵਿਨੋਦ ਡੰਗਵਾਲ, ਡਾ. ਸਚਿਨ ਕੌਸ਼ਲ ਵੀ ਮੌਜੂਦ ਸਨ।