ਕਰਤਾਰਪੁਰ ਲਾਂਘੇ ਬਾਰੇ ਹਰਸਿਮਰਤ ‘ਤੇ ਪਲਟਵਾਰ

Harsimrat on Kartarpur corridor platoon

ਹਰਸਿਮਰਤ ਦੇ ਝੂਠ ਨੂੰ ਬੇਨਕਾਬ ਕਰਨ ਲਈ ਵਿਸਤ੍ਰਤ ਜਾਣਕਾਰੀ ਦਿੱਤੀ

ਚੰਡੀਗੜ(ਅਸ਼ਵਨੀ ਚਾਵਲਾ) | ਕਰਤਾਰਪੁਰ ਲਾਂਘੇ ਦੇ ਮਾਮਲੇ ਉੱਤੇ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਦੇ ਮਾਮਲੇ ਵਿਚ ਗੇਂਦ ਪੂਰੀ ਤਰਾਂ ਕੇਂਦਰ ਦੇ ਪਾਲੇ ਵਿਚ ਹੈ ਅਤੇ ਸੂਬਾ ਸਰਕਾਰ ਨੇ ਇਸ ਮਾਮਲੇ ਉੱਤੇ 11 ਦਿਨ ਪਹਿਲਾਂ ਗ੍ਰਹਿ ਮੰਤਰਾਲੇ (ਐਮ.ਐਚ.ਏ) ਨੂੰ ਪਹਿਲਾਂ ਹੀ ਇੱਕ ਯਾਦ ਪੱਤਰ ਭੇਜ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਲਈ ਇਸ ਅਤਿ ਮਹੱਤਵਪੂਰਨ ਧਾਰਮਿਕ ਮੁੱਦੇ ਉੱਤੇ ਹਰਸਿਮਰਤ ਨੇ ਬਿਨਾਂ ਕੋਈ ਜਾਣਕਾਰੀ ਹਾਸਲ ਕੀਤੇ ਬਿਨ੍ਹਾਂ ਸਿਰ ਪੈਰ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਨਾਲ ਉਹ ਆਪਣੇ ਭਰਮ ਫੈਲਾਉਣ ਵਾਲੇ ਬਿਆਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਦ੍ਰਿਸ਼ ਉੱਤੇ ਆਉਣ ਲਈ ਨਿਰਾਸ਼ਾ ਵਿਚ ਹੱਥ ਪੈਰ ਮਾਰ ਰਹੇ ਬਾਦਲਾਂ ਦੇ ਸੌੜੇ ਹਿੱਤਾਂ ਲਈ ਹਰਸਿਮਰਤ ਕੌਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦਾ ਘਿਨੌਣਾ ਕਾਰਜ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਇਸ ਸਬੰਧ ਵਿਚ 12 ਦਸੰਬਰ, 2018 ਨੂੰ ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿਚ ਰੱਖਿਆ ਮੰਤਰਾਲੇ, ਸੀਮਾ ਸੁਰੱਖਿਆ ਬੱਲ (ਬੀ.ਐਸ.ਐਫ), ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ), ਬਿਊਰੋ ਆਫ ਇੰਮੀਗ੍ਰੇਸ਼ਨ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਉਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਜ਼ਮੀਨ ਨੂੰ ਐਕੁਆਇਰ ਕਰਨ ਦਾ ਕੋਈ ਵੀ ਕਦਮ ਕੇਵਲ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਅਤੇ ਇਸ ਜ਼ਮੀਨ ਦੇ ਲੋੜੀਂਦੇ ਟੁਕੜੇ ਨੂੰ ਐਕੁਆਇਰ ਕਰਨ ਵਾਸਤੇ ਫੰਡ ਪ੍ਰਾਪਤੀ ਤੋਂ ਬਾਅਦ ਹੀ ਚੁੱਕਿਆ ਜਾ ਸਕਦਾ ਹੈ।
ਉਨਾਂ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੂੰ 1 ਜਨਵਰੀ, 2019 ਨੂੰ ਵੀ ਇੱਕ ਯਾਦ ਪੱਤਰ ਭੇਜਿਆ ਗਿਆ ਜਿਸ ਵਿਚ ਇਹ ਪ੍ਰਾਜੈਕਟ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਕਾਰਵਾਈ ਕਰਨ ਵਾਸਤੇ ਆਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਨਵੰਬਰ ਮਹੀਨੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਪ੍ਰਾਜੈਕਟ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਉਨਾਂ ਦੀ ਸਰਕਾਰ ਤੇ ਉਹ ਨਿੱਜੀ ਤੌਰ ‘ਤੇ ਬਹੁਤ ਜ਼ਿਆਦਾ ਉਤਸੁਕ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ