ਕਿਸਾਨਾਂ ਲਈ ਆਮਦਨ ਦਾ ਵਧੀਆ ਸਾਧਨ ਬਣ ਸਕਦੇ ਨੇ ਅਮਰੂਦਾਂ ਦੇ ਬਾਗ

ਕਿਸਾਨਾਂ ਲਈ ਆਮਦਨ ਦਾ ਵਧੀਆ ਸਾਧਨ ਬਣ ਸਕਦੇ ਨੇ ਅਮਰੂਦਾਂ ਦੇ ਬਾਗ

ਪੰਜਾਬ ਦੇ ਕਿਸਾਨਾਂ ਲਈ ਬਾਗਬਾਨੀ ਦਾ ਖੇਤਰ ਆਮਦਨੀ ਦਾ ਬਹੁਤ ਵਧੀਆ ਸਾਧਨ ਬਣ ਸਕਦਾ ਹੈ। ਰਾਜ ਦੇ ਹਰ ਜਿਲੇ੍ਹ ਅੰਦਰ ਬਾਗਬਾਨੀ ਦਾ ਆਪਣਾ ਮਹੱਤਵ ਹੈ। ਕਈ ਜਿਲ੍ਹਿਆਂ ਅੰਦਰ ਬਾਗਬਾਨੀ ਦੇ ਤੌਰ ’ਤੇ ਅੰਬਾਂ ਦੇ ਬਾਗ ਲਾਏ ਜਾਂਦੇ ਹਨ। ਇਹ ਬਾਗ ਨੀਮ ਪਹਾੜੀ ਇਲਾਕੇ ਨੇੜੇ ਲੱਗਦੇ ਪੰਜਾਬ ਦੇ ਜਿਲ੍ਹਿਆਂ ਅੰਦਰ ਕਾਮਯਾਬ ਹਨ। ਕੁਝ ਜਿਲ੍ਹੇ ਲੀਚੀ ਦੇ ਬਾਗਾਂ ਨਾਲ ਮਸ਼ਹੂਰ ਹਨ। ਇਹ ਬਾਗ ਵੀ ਮੌਸਮ ਦੇ ਹਿਸਾਬ ਨਾਲ ਖਾਸ ਜਿਹੀਆਂ ਥਾਵਾਂ ’ਤੇ ਹੀ ਹੋ ਸਕਦੇ ਹਨ। ਇਸ ਤੋਂ ਇਲਾਵਾ ਕਿੰਨੂੰ, ਅੰਗੂਰ, ਆੜੂ, ਸੰਤਰਾ, ਕੇਲੇ, ਨਿੰਬੂ, ਪਿਉਂਦੀ ਬੇਰ ਆਦਿ ਸਮੇਤ ਬਹੁਤ ਸਾਰੇ ਫਲ ਬਾਗਬਾਨੀ ਦੇ ਖੇਤਰ ’ਚ ਆਉਂਦੇ ਹਨ ਪਰ ਇਹ ਫਲ ਮੌਸਮੀ ਅਤੇ ਪੂਰੇ ਸਾਲ ਵਿੱਚ ਇੱਕ ਹੀ ਫਸਲ ਦਿੰਦੇ ਹਨ।

ਇਸ ਤੋਂ ਬਾਅਦ ਬਾਗਬਾਨ ਵਿਹਲਾ ਹੋ ਜਾਂਦਾ ਹੈ। ਅਮਰੂਦ ਬਾਗਬਾਨ ਦੀ ਖੇਤੀ ਵਿੱਚ ਅਜਿਹੀ ਫਸਲ ਹੈ ਜਿਹੜੀ ਪੰਜਾਬ ਦੇ ਹਰ ਖੇਤਰ ’ਚ ਹੋ ਸਕਦੀ ਹੈ ਤੇ ਮੌਸਮ ਦੇ ਮੁਤਾਬਿਕ ਇੱਕ ਫਸਲ ਹੀ ਨਹੀ ਂਦਿੰਦੀ ਸਗੋਂ ਪੂਰਾ ਸਾਲ ਹੀ ਅਮਰੂਦ ਦੀ ਫਸਲ ਚੱਲਦੀ ਰਹਿੰਦੀ ਹੈ। ਇੱਕ ਸਾਲ ਵਿੱਚ ਤਿੰਨ ਵਾਰੀ ਅਮਰੂਦ ਦੇ ਬਾਗਾਂ ਤੋਂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਹੋਰ ਜਿਆਦਾ ਆਮਦਨ ਲੈਣੀ ਹੋਵੇ ਤਾਂ ਅਮਰੂਦ ਦੇ ਬਾਗਾਂ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਵੀ ਬੀਜੀਆਂ ਜਾ ਸਕਦੀਆਂ ਹਨ

ਬੂਟੇ ਦੀ ਕੀਮਤ ਅਤੇ ਕਿਸਮਾਂ:

ਅਮਰੂਦ ਦੇ ਬੂਟਿਆਂ ਦੀ ਸਭ ਤੋਂ ਵੱਧ ਪ੍ਰਚੱਲਿਤ ਕਿਸਮ ਨੂੰ ਹਿਸਾਰ ਸਫੈਦਾ ਕਿਹਾ ਜਾਂਦਾ ਹੈ। ਜ਼ਿਆਦਾਤਰ ਇਹੀ ਕਿਸਮ ਬਾਗਬਾਨੀ ਲਈ ਵਰਤੀ ਜਾ ਰਹੀ ਹੈ। ਪਰ ਬਾਗ ਅੰਦਰ ਕਿਸਮ ਵਧਾਉਣ ਲਈ ਐਪਲ ਗਵਾਵਾ ਕਿਸਮ ਦੇ ਕੁਝ ਬੂਟੇ ਵੀ ਲਾਏ ਜਾ ਸਕਦੇ ਹਨ। ਇਸ ਕਿਸਮ ਦੇ ਫਲ ਉੱਪਰੋਂ ਲਾਲ ਰੰਗ ਦੇ ਹੁੰਦੇ ਹਨ। ਅਮਰੂਦਾਂ ਦੀ ਤੀਸਰੀ ਕਿਸਮ ਪੰਜਾਬ ਪਿੰਕ ਹੈ। ਇਸ ਕਿਸਮ ਦੇ ਫਲਾਂ ਦਾ ਰੰਗ ਅੰਦਰੋਂ ਲਾਲ ਹੁੰਦਾ ਹੈ। ਸਰਕਾਰੀ ਤੌਰ ’ਤੇ ਅਮਰੂਦ ਦੇ ਬੂਟੇ ਦੀ ਕੀਮਤ 45 ਰੁਪਏ ਪ੍ਰਤੀ ਬੂਟਾ ਰੱਖੀ ਗਈ ਹੈ ਪਰ ਨਿੱਜੀ ਤੌਰ ’ਤੇ ਅਮਰੂਦਾਂ ਦੇ ਬੂਟੇ ਤਿਆਰ ਕਰਨ ਵਾਲੀਆਂ ਨਰਸਰੀਆਂ 100-150 ਰੁਪਏ ਪ੍ਰਤੀ ਬੂਟੇ ਦੀ ਕੀਮਤ ਰੱਖਦੀਆਂ ਹਨ।

ਹਰਿਆਣਾ ਰਾਜ ਦੇ ਕਸਬਾ ਭੂਨਾ ਅਤੇ ਕਲਾਇਤ ਵਿਖੇ ਅਮਰੂਦ ਦੇ ਬੂਟੇ ਤਿਆਰ ਕਰਨ ਵਾਲੀਆਂ ਨਰਸਰੀਆਂ ਹਨ। ਪਰ ਕਲਾਇਤ ਨੇੜੇ ਪਿੰਡ ਜਲਾਨੀਖੇੜਾ ’ਚ ਚੱਲ ਰਹੀ ਨਰਸਰੀ ਵਧੀਆ ਬੂਟੇ ਤਿਆਰ ਕਰਨ ਕਰਕੇ ਰਾਸ਼ਟਰੀ ਪੱਧਰ ’ਤੇ ਐਵਾਰਡ ਵੀ ਲੈ ਚੁੱਕੀ ਹੈ। ਜਿਸ ਕਰਕੇ ਅਮਰੂਦਾਂ ਦਾ ਬਾਗ ਲਾਉਣ ਤੋਂ ਪਹਿਲਾਂ ਬੂਟੇ ਕਿਸੇ ਭਰੋਸੇਯੋਗ ਸਰਕਾਰੀ ਜਾਂ ਗੈਰ-ਸਰਕਾਰੀ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ ਕਿਉਂਕਿ ਵਧੀਆ ਜਾਂ ਘਟੀਆ ਬੂਟਿਆਂ ਦੀ ਪਹਿਚਾਣ ਤਿੰਨ ਸਾਲ ਬਾਅਦ ਜਾ ਕੇ ਹੋਣੀ ਹੈ। ਜੇਕਰ ਗੈਰ-ਭਰੋਸੇਮੰਦ ਨਰਸਰੀ ਤੋਂ ਬੂਟੇ ਲੈ ਕੇ ਲਾ ਲਏ ਅਤੇ ਤਿੰਨ ਸਾਲ ਬਾਅਦ ਨਤੀਜੇ ਮਾੜੇ ਨਿੱਕਲੇ ਤਾਂ ਕੀਤੀ ਗਈ ਸਾਰੀ ਮਿਹਨਤ ’ਤੇ ਪਾਣੀ ਫਿਰ ਜਾਂਦੈ।

ਅਮਰੂਦ ਦੇ ਫਲਾਂ ਦੀ ਤੁੜਾਈ:

ਅਮਰੂਦ ਦੇ ਫਲਾਂ ਦੀ ਤੁੜਾਈ ਖਾਸ ਕਰਕੇ ਹਿਸਾਰ ਸਫੈਦਾ ਕਿਸਮ ਦੀ ਜੁਲਾਈ, ਨਵੰਬਰ ਅਤੇ ਮਾਰਚ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ। ਲੀਚੀ, ਅੰਬ, ਜਾਮਨ, ਅੰਗੂਰ ਆਦਿ ਵਰਗੇ ਫਲਾਂ ਦੇ ਮੁਕਾਬਲੇ ਅਮਰੂਦ ਨੂੰ ਲੰਮੇ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਤੇ ਮੰਡੀਕਰਨ ਸਮੇਂ ਫਲ ਖਰਾਬ ਵੀ ਨਹੀਂ ਹੁੰਦਾ। ਜਦੋਂਕਿ ਦੂਸਰੇ ਕੁਝ ਘੰਟਿਆਂ ਬਾਅਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਜਾਂ ਫਿਰ ਮੰਡੀ ਵਿੱਚ ਲੈ ਕੇ ਜਾਣ ਸਮੇਂ ਸਾਵਧਾਨੀ ਵਰਤਣੀ ਪੈਂਦੀ ਹੈ ਪਰ ਅਮਰੂਦ ਵਿੱਚ ਅਜਿਹੀ ਕੋਈ ਮੁਸ਼ਕਲ ਨਹੀਂ ਹੈ।

ਦੂਸਰਾ ਪੱਖ ਇਹ ਵੀ ਹੈ ਕਿ ਜੇਕਰ ਖਰਾਬ ਮੌਸਮ ਕਾਰਨ ਅਮਰੂਦ ਦਾ ਫਲ ਬੂਟਿਆਂ ਨਾਲੋਂ ਟੁੱਟ ਜਾਵੇ ਤਾਂ ਵੀ ਮੰਡੀ ਵਿੱਚ ਵੇਚਿਆ ਜਾ ਸਕਦਾ ਹੈ ਪਰ ਜਾਮਨ, ਲੀਚੀ, ਸੰਤਰਾ ਬਗੈਰਾ ਬੂਟੇ ਤੋਂ ਟੁੱਟ ਕੇ ਡਿੱਗਣ ਸਾਰ ਹੀ ਖਰਾਬ ਹੋ ਜਾਂਦੇ ਹਨ। ਜਦੋਂ ਅਸੀਂ ਅਮਰਦੂਾਂ ਦੇ ਬਾਗਾਂ ਤੋਂ ਆਮਦਨ ਹੋਣ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਆਮਦਨ ਤਿੰਨ ਕੁ ਸਾਲ ਬਾਅਦ ਸ਼ੁਰੂ ਹੋ ਜਾਂਦੀ ਹੈ। ਜਿਹੜੀ ਇੱਕ ਲੱਖ ਰੁਪਏ ਪ੍ਰਤੀ ਏਕੜ ਤੋਂ ਸ਼ੁਰੂ ਹੋ ਕੇ ਪੰਜ ਲੱਖ ਰੁਪਏ ਪ੍ਰਤੀ ਏਕੜ ਤੱਕ ਪਹੁੰਚ ਸਕਦੀ ਹੈ। ਪੰਜ ਸਾਲ ਦੇ ਬੂਟਿਆਂ ਵਾਲਾ ਬਾਗ ਪ੍ਰਤੀ ਏਕੜ 4 ਤੋਂ 5 ਲੱਖ ਰੁਪਏ ਸਾਲਾਨਾ ਠੇਕੇ ’ਤੇ ਚੜ੍ਹ ਜਾਂਦਾ ਹੈ। ਜੇਕਰ ਬਾਗ ਦਾ ਮਾਲਕ ਖੁਦ ਮੰਡੀਕਰਨ ਕਰਦਾ ਹੈ ਤਾਂ ਹੋਰ ਵੀ ਵੱਧ ਆਮਦਨ ਲੈ ਸਕਦਾ ਹੈ।

ਅਸੀਂ ਵੇਖਦੇ ਹਾਂ ਕਿ ਸੜਕਾਂ ਨੇੜੇ ਲਾਏ ਗਏ ਅਮਰੂਦਾਂ ਦੇ ਬਾਗ ਜਿਆਦਾ ਆਮਦਨ ਦਿੰਦੇ ਹਨ ਕਿਉਂਕਿ ਸੜਕ ਕਿਨਾਰੇ ਬਾਗ ਵਿੱਚੋਂ ਤੋੜੇ ਹੋਏ ਅਮਰੂਦ ਸਿੱਧਾ ਹੀ ਖਪਤਕਾਰ ਨੂੰ ਵੇਚ ਕੇ ਦੁੱਗਣੀ ਆਮਦਨ ਹੋ ਜਾਂਦੀ ਹੈ। ਅਮਰੂਦਾਂ ਦੇ ਬਾਗਾਂ ਵਿੱਚ ਪੰਜ ਸਾਲ ਦਾ ਬੂਟਾ ਸਾਲਾਨਾ ਡੇਢ ਕੁਇੰਟਲ ਫਲ ਦੇ ਸਕਦਾ ਹੈ। ਜਿਸ ਦੀ ਘੱਟੋ-ਘੱਟ ਕੀਮਤ ਅਸੀਂ ਤਿੰਨ ਹਜਾਰ ਰੁਪਏ ਲਾ ਸਕਦੇ ਹਾਂ। ਇਸੇ ਹਿਸਾਬ ਨਾਲ ਜੇਕਰ ਪ੍ਰਤੀ ਏਕੜ ’ਚ 125 ਬੂਟੇ ਵੀ ਵਧੀਆ ਫਲ ਦੇਣ ਵਾਲੇ ਹੋਣ ਤਾਂ ਕਿਸਾਨ ਆਪਣੇ ਆਪ ਹਿਸਾਬ ਲਾ ਸਕਦੇ ਹਨ ਕਿ ਕਣਕ/ਝੋਨੇ ਦੇ ਮੁਕਾਬਲੇ ਅਮਰੂਦ ਦਾ ਬਾਗ ਕਿੰਨੀ ਕਮਾਈ ਦੇ ਰਿਹਾ ਹੈ ਅਤੇ ਮਿਹਨਤ ਵੀ ਫਸਲਾਂ ਦੇ ਮੁਕਾਬਲੇ ਘੱਟ ਕਰਨੀ ਪੈਂਦੀ ਹੈ। ਪਾਣੀ ਦੀ ਬੱਚਤ ਹੋਣ ਦੇ ਨਾਲ ਹਰਿਆਵਲ ਹੋਣ ਕਰਕੇ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ।

ਬਾਗ ਵਿੱਚ ਸ਼ਹਿਦ ਦੀਆਂ ਮੱਖੀਆਂ ਅਤੇ ਸਬਜ਼ੀਆਂ:

ਅਮਰੂਦਾਂ ਦੇੇ ਬਾਗ ਅੰਦਰ ਵੇਲਾਂ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਜਿਨ੍ਹਾਂ ਵਿੱਚ ਕੱਦੂ, ਖੀਰਾ, ਤੋਰੀ, ਕਰੇਲੇ, ਤਰਾਂ ਆਦਿ ਸਮੇਤ ਕਈ ਕਿਸਮ ਦੀਆਂ ਵੇਲਾਂ ਵਾਲੀਆਂ ਸਬਜ਼ੀਆਂ ਵੀ ਬੀਜੀਆਂ ਜਾ ਸਕਦੀਆਂ ਹਨ। ਜਿਨ੍ਹਾਂ ਨੂੰ ਮੰਡੀ ਵਿੱਚ ਵੇਚ ਕੇ ਵੱਖਰੇ ਤੌਰ ’ਤੇ ਆਮਦਨ ਹੋ ਸਕਦੀ ਹੈ। ਬਾਗ ਵਿੱਚ ਲਾਈਆਂ ਗਈਆਂ ਵੇਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਵੇਲ ਅਮਰੂਦ ਦੇ ਬੂਟੇ ’ਤੇ ਨਹੀਂ ਚੜ੍ਹਨੀ ਚਾਹੀਦੀ ਸਗੋਂ ਬਾਗ ਵਿੱਚ ਉੱਗੇ ਹੋਏ ਘਾਹ-ਫੂਸ ’ਤੇ ਹੀ ਫੈਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਵੀ ਰੱਖੇ ਜਾ ਸਕਦੇ ਹਨ। ਜਿਹੜੇ ਸ਼ਹਿਦ ਦੀ ਪੈਦਾਵਾਰ ਦੇ ਨਾਲ ਹੀ ਅਮਰੂਦ ਦੇ ਬੂਟਿਆਂ ’ਤੇ ਪਰਪਰਾਗਣ ਕਿਰਿਆ ਕਰਕੇ ਫਲਾਂ ਦੇ ਝਾੜ ਵਿੱਚ ਵੀ ਵਾਧਾ ਕਰਦੇ ਹਨ। ਅਮਰੂਦਾਂ ਦੇ ਬਾਗ ਵਿੱਚ ਰੱਖੇ ਹੋਏ ਬਕਸੇ ਜ਼ਿਆਦਾ ਨਹੀਂ ਤਾਂ ਸਾਲਾਨਾ 20-25 ਕਿੱਲੋ ਸ਼ਹਿਦ ਦੀ ਪੈਦਾਵਾਰ ਦੇ ਸਕਦੇ ਹਨ

ਫਲਾਂ ਦੀ ਦੋਗਲੀ ਕਿਸਮ ਤਿਆਰ ਹੋਣ ਲੱਗੀ:

ਫਲਾਂ ਦੀ ਮੰਗ ਵਧਣ ਕਾਰਨ ਬਾਗਬਾਨੀ ਵਿਭਾਗ ਅੰਬ, ਅੰਗੂਰ ਅਤੇ ਨਿੰਬੂ ਵਰਗੇ ਫਲਾਂ ਦੀਆਂ aਦੋਗਲੀਆਂ ਕਿਸਮਾਂ ਤਿਆਰ ਕਰਨ ’ਤੇ ਕੰਮ ਕਰ ਰਿਹਾ ਹੈ। ਭਾਰਤੀ ਖੇਤੀਬਾੜੀ ਖੋਜ ਕੇਂਦਰ ਵਿਖੇ ਬਾਗਬਾਨੀ ਅਤੇ ਫਲ ਵਿਭਾਗ ਦੇ ਮੁਖੀ ਆਨੰਦ ਕੁਮਾਰ ਸਿੰਘ ਮੁਤਾਬਿਕ ਵਿਗਿਆਨੀ ਅੰਬ ਦੀਆਂ ਨਵੀਆਂ ਦੋਗਲੀਆਂ ਕਿਸਮਾਂ ਜਿਵੇਂ ਅਮਰਪਾਲੀ, ਪੂਸਾ, ਪ੍ਰਤਿਭਾ, ਪੂਸਾ ਸ੍ਰੇਸਠਾ ਅਤੇ ਪੂਸਾ ਪਿਤਾਂਬਰ ਦੀਆਂ ਦੋਗਲੀਆਂ ਕਿਸਮਾਂ ਤਿਆਰ ਕਰ ਰਹੇ ਹਨ, ਤਾਂ ਜੋ ਅੰਬਾਂ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ। ਇਨ੍ਹਾਂ ਕਿਸਮਾਂ ਦਾ ਉਤਪਾਦਨ 20 ਤੋਂ 30 ਟਨ ਪ੍ਰਤੀ ਏਕੜ ਹੋਣ ਦੀ ਸੰਭਾਵਨਾ ਹੈ।

ਦੇਸ਼ ਵਿੱਚ ਇਸ ਵੇਲੇ ਅੰਬਾਂ ਦਾ ਉਤਪਾਦਨ ਔਸਤ 6.2 ਟਨ ਪ੍ਰਤੀ ਹੈਕਟੇਅਰ ਹੈ। ਦੋਗਲੀ ਕਿਸਮ ਦੇ ਬੂਟਿਆਂ ਦਾ ਅਕਾਰ ਛੋਟਾ ਹੋਣ ਕਰਕੇ ਪ੍ਰਤੀ ਏਕੜ ਵੱਧ ਬੂਟੇ ਲਾਏ ਜਾ ਸਕਦੇ ਹਨ। ਇਸ ਵੇਲੇ ਪ੍ਰਤੀ ਏਕੜ ਵਿੱਚ ਦਸਹਿਰੀ ਕਿਸਮ ਦੇ ਅੰਬਾਂ ਦਾ ਤਕਰੀਬਨ 100 ਬੂਟਾ ਲਾਇਆ ਜਾਂਦਾ ਹੈ, ਪਰ ਦੋਗਲੀ ਕਿਸਮ ਦੇ 600 ਤੋਂ 700 ਬੂਟੇ ਪ੍ਰਤੀ ਏਕੜ ਲਾਏ ਜਾ ਸਕਦੇ ਹਨ।

ਭਾਰਤ ਸਬਜੀਆਂ ਅਤੇ ਫਲਾਂ ਦੇ ਉਤਪਾਦਨ ਵਿੱਚ ਦੂਸਰੇ ਨੰਬਰ ’ਤੇ ਹੈ ਅਤੇ ਇਸ ਦਾ ਸਾਲਾਨਾ ਉਤਪਾਦਨ 94 ਅਰਬ ਟਨ ਦੇ ਕਰੀਬ ਹੈ। ਖੇਤੀਬਾੜੀ ਵਿਗਿਆਨੀਆਂ ਨੇ ਅੰਗੂਰਾਂ ਦੀਆਂ ਤਿੰਨ ਕਿਸਮਾਂ ਵੀ ਤਿਆਰ ਕੀਤੀਆਂ ਹਨ। ਜਿਹੜੀਆਂ ਜੂਨ ਮਹੀਨੇ ਵਿੱਚ ਹੀ ਪੱਕ ਕੇ ਤਿਆਰ ਹੋ ਜਾਇਆ ਕਰਨਗੀਆਂ। ਇਸ ਤੋਂ ਪਹਿਲਾਂ ਵਾਲੀਆਂ ਅੰਗੂਰਾਂ ਦੀਆਂ ਕਿਸਮਾਂ ਜੁਲਾਈ ਦੇ ਪਹਿਲੇ ਹਫਤੇ ਪੱਕਦੀਆਂ ਸਨ। ਜਿਨ੍ਹਾਂ ਦਾ ਬਰਸਾਤ ਕਾਰਨ ਕਾਫੀ ਨੁਕਸਾਨ ਹੋ ਜਾਂਦਾ ਸੀ। ਇਸੇ ਤਰ੍ਹਾਂ ਹੀ ਨਿੰਬੂ ਦੀ ਨਵੀਂ ਕਿਸਮ ਜੋ ਕਿ ਅਕਾਰ ਵਿੱਚ ਵੀ ਵੱਡੀ ਹੈ, ਵੀ ਤਿਆਰ ਹੋ ਚੁੱਕੀ ਹੈ। ਜਿਹੜੀ ਮਈ-ਜੂਨ ਵਿੱਚ ਪੱਕ ਕੇ ਤਿਆਰ ਹੋਵੇਗੀ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ ਰੋਡ, ਪਾਤੜਾਂ, ਪਟਿਆਲਾ
ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।