ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਦਰਦਨਾਕ ਹਾਦਸੇ ਤੇ ਸਰਕਾਰਾਂ ਦੇ ਪ੍ਰਬੰਧ

Governmental, Arrangements, Traumatic, Accidents, Careless, Animals

ਹਰਦਿੰਦਰ ਦੀਪਕ

ਸਮੇਂ ਦੀ ਤੇਜ ਰਫਤਾਰ ਨਾਲ ਰਲ਼ਣ ਦੀ ਕੋਸ਼ਿਸ਼ ਵਿੱਚ ਇਨਸਾਨ ਇਸ ਕਦਰ ਰੁੱਝ ਚੁੱਕਿਆ ਹੈ ਕਿ ਉਸਨੂੰ ਕੋਈ ਸੁੱਧ-ਬੁੱਧ ਨਹੀਂ ਰਹੀ ਕਿ ਸਰਕਾਰ ਜੋ ਵੀ ਫੈਸਲੇ ਲੈਂਦੀ ਹੈ ਉਸਦਾ ਨਾਗਰਿਕ ਦੀ ਜਿੰਦਗੀ ’ਤੇ ਕਿੰਨਾ ਪ੍ਰਭਾਵ ਪੈਂਦਾ ਹੈ। ਜਿੱਥੇ ਇਨਸਾਨ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦਾ ਉਹਨਾਂ ਦੀ ਹਰ ਜਰੂਰਤ ਪੂਰੀ ਕਰਦਾ ਹੈ, ਉੱਥੇ ਸਮਾਜ ਵਿੱਚ ਕੀ ਹੋ ਰਿਹਾ ਇਸਨੂੰ ਜਾਣਨ ਦੀ ਜਰੂਰਤ ਨਹੀਂ ਸਮਝਦਾ। ਸਰਕਾਰ ਚੁਣਨ ਤੋਂ ਬਾਅਦ ਸਰਕਾਰ ਦੁਆਰਾ ਜੋ ਫੈਸਲੇ ਲਏ ਜਾ ਰਹੇ ਹਨ ਉਸ ਨਾਲ ਕੋਈ ਸਰੋਕਾਰ ਨਹੀਂ ਰੱਖਦਾ। ਇਹ ਵੀ ਹੋ ਸਕਦੈ ਕਿ ਰਾਜਨੀਤੀ ਆਪਣੀ ਛਵੀ ਏਨੀ ਖਰਾਬ ਕਰ ਚੁੱਕੀ ਹੈ ਜਿਸ ਕਾਰਨ ਇਨਸਾਨ ਇਸ ਝੰਜਟ ਵਿਚ ਪੈਣਾ ਹੀ ਨਾ ਚਾਹੁੰਦਾ ਹੋਵੇ। ਪਰ ਇਨਸਾਨ ਨੂੰ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਸਰਕਾਰ ਕੀ ਕਰ ਰਹੀ ਹੈ। ਉਹ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿ ਸਰਕਾਰ ਦੁਆਰਾ ਟੈਕਸ ਦੇ ਨਾਂਅ ’ਤੇ ਜੋ ਵੀ ਵਸੂਲੀ ਕੀਤੀ ਜਾਂਦੀ ਹੈ ਉਸ ਵਸੂਲ ਕੀਤੀ ਰਕਮ ਦਾ ਇਸਤੇਮਾਲ ਕਿਸ ਜਗ੍ਹਾ ਕੀਤਾ ਗਿਆ? ਸਰਕਾਰ ਜੋ ਵੀ ਟੈਕਸ ਲਾੳਂੁਦੀ ਹੈ ਉਸਦਾ ਕਾਰਨ ਜਨਤਾ ਨੂੰ ਲਾਭ ਦੇਣਾ ਹੁੰਦਾ ਹੈ। ਪਰ ਕਈ ਵਾਰ ਸਰਕਾਰ ਵਸੂਲੀ ਤਾਂ ਕਰਦੀ ਹੈ ਪਰ ਇਸਦਾ ਲਾਭ ਜਨਤਾ ਨੂੰ ਨਹੀਂ ਮਿਲ ਪਾਉਂਦਾ।

ਇਨਸਾਨੀ ਜੀਵਨ ਨਾਲ ਜੁੜੀ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਇਸ ਵੇਲੇ ਭਿਆਨਕ ਰੂਪ ਧਾਰ ਰਹੀ ਹੈ ਜਿਸ ਬਾਰੇ ਚਰਚਾ ਹੋਣੀ ਜ਼ਰੂਰੀ ਹੈ ਕਿਉਂਕਿ ਬੇਸਹਾਰਾ ਗਊਆਂ ਤੇ ਸਾਨ੍ਹਾਂ ਤੋਂ ਲੋਕ ਪਰੇਸ਼ਾਨ ਤਾਂ ਬਹੁਤ ਨੇ ਪਰ ਅੱਗੇ ਆ ਕੇ ਬੋਲ ਕੋਈ ਵੀ ਨਹੀਂ ਰਿਹਾ। ਹਰ ਕੋਈ ਉਮੀਦ ਲਾਈ ਬੈਠਾ ਹੈ ਕਿ ਕਦੇ ਤਾਂ ਪ੍ਰਸ਼ਾਸਨ ਦਾ ਇਸ ਸਮੱਸਿਆ ’ਤੇ ਧਿਆਨ ਜਾਵੇਗਾ। ਹੋ ਸਕਦਾ ਕੋਈ ਸਮਾਜ ਸੇਵੀ ਪੈਦਾ ਹੋ ਜਾਵੇ ਤੇ ਸਰਕਾਰ ਦੇ ਧਿਆਨ ਵਿਚ ਇਹ ਸਮੱਸਿਆ ਲਿਆ ਕੇ ਇਸਦਾ ਹੱਲ ਕਰਾ ਦੇਵੇ। ਪਰ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਹਰ ਵਿਅਕਤੀ ਨੂੰ ਤਿਆਰ ਰਹਿਣਾ ਚਾਹੀਦਾ ਹੈ। ਸਭ ਨੂੰ ਇਕੱਠੇ ਹੋ ਕੇ ਆਪਣੀਆਂ ਪਰੇਸ਼ਾਨੀਆਂ ਦੇ ਹੱਲ ਲਈ ਸਰਕਾਰ ਸਾਹਮਣੇ ਮੰਗ ਰੱਖਣੀ ਚਾਹੀਦੀ ਹੈ।

ਹੁਣ ਅਵਾਰਾ ਸਾਨ੍ਹਾਂ ਕਾਰਨ ਵਾਪਰ ਰਹੀਆਂ ਘਟਨਾਵਾਂ ਵਿਚ ਰਾਹਗੀਰਾਂ ਦੀ ਜਾਨ ਤਲੀ ’ਤੇ ਰਹਿਣ ਲੱਗੀ ਹੈ ਇਸਦੇ ਹੱਲ ਲਈ ਸਰਕਾਰ ਦੁਆਰਾ ਇੱਕ ਅਜਿਹਾ ਟੈਕਸ ਜਨਤਾ ’ਤੇ ਲਾਇਆ ਗਿਆ ਜੋ ਅਵਾਰਾ ਪਸ਼ੂਆਂ ਦੀ ਦੇਖ-ਰੇਖ, ਉਨ੍ਹਾਂ ਦੇ ਪਾਲਣ-ਪੋਸ਼ਣ ’ਤੇ ਖਰਚੇ ਜਾਣ ਲਈ ਵਸੂਲਿਆ ਜਾਂਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਵਿੱਚ 2 ਪ੍ਰਤੀਸ਼ਤ ਤੋਂ 20 ਪ੍ਰਤੀਸ਼ਤ ਤੱਕ ਲਾਇਆ ਗਿਆ। ਇਹ ਟੈੈਕਸ ਗਊ ਸੈੱਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪਰ ਆਮ ਤੌਰ ’ਤੇ ਜੋ ਗਊ ਸੈੱਸ ਦੇ ਨਾਂਅ ’ਤੇ ਸਰਕਾਰ ਵੱਲੋਂ ਭਾਰੀ ਵਸੂਲੀ ਕੀਤੀ ਜਾ ਰਹੀ ਹੈ। ਜਦਕਿ ਮਹਿੰਗਾਈ ਦੇ ਦੌਰ ਵਿਚ ਔਖੇ ਹੋ ਕੇ ਗੁਜ਼ਾਰਾ ਕਰ ਰਹੇ ਲੋਕ ਪਹਿਲਾਂ ਹੀ ਹਰ ਚੀਜ਼ ’ਤੇ ਟੈਕਸ ਭਰ ਰਹੇ ਹਨ। ਇਹ ਜੋ ਟੈਕਸ ਵਸੂਲੇ ਜਾਂਦੇ ਹਨ ਉਸਦਾ ਲਾਭ ਜਨਤਾ ਨੂੰ ਪੂਰਾ ਨਹੀਂ ਮਿਲ ਰਿਹਾ।

ਗਊ ਸੈੱਸ ਲੱਗਣ ਤੋਂ ਬਾਅਦ ਵੀ ਹਾਲਾਤ ਏਨੇ ਬੁਰੇ ਹਨ ਕਿ ਅਵਾਰਾ ਗਊਆਂ ਵੱਛੜਿਆ ਦੁਆਰਾ ਕਿਸਾਨਾਂ ਦੀਆਂ ਫਸਲਾਂ ਉਜਾੜਨ ਕਾਰਨ ਕਿਸਾਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਕਿਸਾਨਾਂ ਨੂੰ ਅਕਸਰ ਮਾਲੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਹੁਣ ਇਹਨਾਂ ਅਵਾਰਾ ਪਸ਼ੂਆਂ ਦੀ ਗਿਣਤੀ ਏਨੀ ਵਧ ਚੁੱਕੀ ਹੈ ਕਿ ਰੋਜ਼ਾਨਾ ਇਹਨਾਂ ਨੂੰ ਸੜਕਾਂ ’ਤੇ ਘੁੰਮਦਿਆ ਦੇਖਿਆ ਜਾ ਸਕਦਾ ਹੈ। ਇਹਨਾਂ ਅਵਾਰਾ ਪਸ਼ੂਆਂ ਦੁਆਰਾ ਰਾਹਗੀਰਾਂ ਉੱਤੇ ਕਈ ਜਾਨਲੇਵਾ ਹਮਲੇ ਹੋ ਰਹੇ ਹਨ। ਅਵਾਰਾ ਜਾਨਵਰਾਂ ਵੱਲੋਂ ਕੀਤੇ ਹਮਲਿਆਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਵੀ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਅਵਾਰਾ ਪਸ਼ੂਆਂ ਦੁਆਰਾ ਅਚਾਨਕ ਰਾਹਗੀਰਾਂ ਦੇ ਵਾਹਨਾਂ ਸਾਹਮਣੇ ਆਉਣ ਨਾਲ ਵਾਪਰਦੇ ਹਾਦਸੇ, ਰਾਹਗੀਰਾਂ ’ਤੇ ਹਮਲਾ ਕਰਨ ਦੀਆਂ ਘਟਨਾਵਾਂ ਦਿਨ-ਪਰ-ਦਿਨ ਵਧਦੀਆਂ ਜਾ ਰਹੀਆਂ ਹਨ।  ਜਿਸਦੇ ਨਾਲ ਹੁਣ ਤੱਕ ਕਈ ਇਨਸਾਨ ਆਪਣੀ ਜਾਨ ਗਵਾ ਚੁੱਕੇ ਹਨ। ਕਈ ਵਾਰ ਤਾਂ ਸਾਨ੍ਹਾਂ ਦਾ ਭੇੜ ਵਾਹਨਾਂ ਦੀ ਤੋੜ-ਭੰਨ੍ਹ ਤੋਂ ਬਾਅਦ ਖਤਮ ਹੋ ਜਾਂਦਾ ਹੈ ਅਤੇ ਕਈ ਵਾਰ ਐਨਾ ਲੰਮਾ ਹੋ ਜਾਂਦਾ ਹੈ ਕਿ ਤੋੜ-ਭੰਨ੍ਹ ਤੋਂ ਬਾਅਦ ਵੀ ਚੱਲਦਾ ਰਹਿੰਦਾ ਹੈ। ਕੰਮਾਂ-ਕਾਰਾਂ ਵਾਲੇ ਲੋਕ ਸਮੇੲ ਸਿਰ ਆਪਣੇ ਕੰਮ ’ਤੇ ਨਹੀਂ ਪਹੁੰਚ ਪਾਉਂਦੇ ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸ਼ਾਹਮਣਾ ਕਰਨਾ ਪੈਂਦਾ ਹੈ।

ਗਊ ਸੈੱਸ ਕਰ ਵਸੂਲੀ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਟੈਕਸ ਇਹਨਾਂ ਘਟਨਾਵਾਂ ਨੂੰ ਰੋਕਣ ਅਤੇ ਇਹਨਾਂ ਅਵਾਰਾ ਘੁੰਮ ਰਹੇ ਪਸ਼ੂਆਂ ਦਾ ਪਾਲਣ-ਪੋਸ਼ਣ ਕਰਨ ਲਈ ਲਾਇਆ ਗਿਆ ਸੀ ਤਾਂ ਜੋ ਇਸ ਟੈਕਸ ਦੇ ਪੈਸੈ ਨਾਲ ਇਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਸਕੇ। ਜੇਕਰ ਗਊ ਸੈਸ ਨਾ ਵੀ ਲੱਗਾ ਹੁੰਦਾ ਤਾਂ ਵੀ ਲੋਕਾਂ ਦੀ ਜਿੰਦਗੀ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਅਤੇ ਇਹਨਾਂ ਅਵਾਰਾ ਪਸ਼ੂਆਂ ਦੇ ਰਹਿਣ ਤੇ ਚਾਰੇ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸਰਕਾਰ ਦੀ ਸਹਾਇਤਾ ਨਾਲ ਜੇਕਰ ਕਿਤੇ ਗਊਸ਼ਾਲਾਵਾਂ ਖੋਲ੍ਹੀਆਂ ਵੀ ਗਈਆਂ ਹਨ ਤਾਂ ਇਸਦਾ ਸੱਚ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ। ਜਦੋਂ ਕੋਈ ਵਿਆਕਤੀ ਇਹਨਾਂ ਕੋਲ ਵੱਛੇ ਜਾਂ ਗਾਂ ਨੂੰ ਛੱਡਣ ਜਾਂਦਾ ਹੈ ਤਾਂ ਉਸਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਉਹਨਾਂ ਕੋਲ ਜਗ੍ਹਾ ਦੀ ਕਮੀ ਹੈ ਅਸਲੀਅਤ ਵਿਚ ਓਥੇ ਉਹਨਾਂ ਗਾਂਵਾਂ ਨੂੰ ਹੀ ਰੱਖਿਆ ਜਾਂਦਾ ਹੈ ਜੋ ਦੁੱਧ ਦਿੰਦੀਆਂ ਹਨ।

ਹੁਣ ਤੱਕ ਦੇਖਿਆ ਜਾਵੇ ਤਾਂ ਸਰਕਾਰ ਇਹਨਾਂ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਕੋਈ ਵੀ ਨੀਤੀ ਬਣਾਉਣ ਵਿਚ ਅਸਫਲ ਰਹੀ ਹੈ। ਅੱਜ ਤੱਕ ਅਜਿਹੀ ਕੋਈ ਖ਼ਬਰ ਵੀ ਦੇਖਣ-ਸੁਣਨ ਵਿਚ ਨਹੀਂ ਆਈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਦੇ ਇਹਨਾਂ ਅਵਾਰਾ ਪਸ਼ੂਆਂ ਨੂੰ ਫੜਨ ਦੀ ਕੋਈ ਮੁਹਿੰਮ ਚਲਾਈ ਗਈ ਹੋਵੇ।  ਆਖਿਰ ਕਦੋਂ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇਗੀ? ਇਸ ਮਸਲੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਲਦੀ ਹੀ ਕੋਈ ਨੀਤੀ ਬਣਾਉਣ ਤੇ ਇਸ ਵਿਸ਼ੇ ’ਤੇ ਵਿਚਾਰ ਕਰਨ ਦੀ ਜਰੂਰਤ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨਾ ਵਾਪਰਨ ਜੋ ਕਿਸੇ ਕਿਸੇ ਦਾ ਘਰ ਉਜਾੜ ਦੇਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।