ਬੇਰੁਜ਼ਗਾਰਾਂ ਤੋਂ 30 ਲੱਖ ਕਮਾਈ ਕਰ ‘ਗੀ ਸਰਕਾਰ, ਹਰ 205 ਉਮੀਦਵਾਰਾਂ ਵਿੱਚੋਂ ਹੋਏਗੀ ਸਿਰਫ਼ 1 ਦੀ ਚੋਣ

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਕਰਨ ਜਾ ਰਿਹਾ ਐ 25 ਫੂਡ ਸੇਫਟੀ ਅਫਸਰ ਭਰਤੀ, 5118 ਨੇ ਕੀਤਾ ਅਪਲਾਈ

ਜਨਰਲ ਕੈਟਾਗਿਰੀ ਲਈ ਰੱਖੀ ਗਈ ਐ 600 ਰੁਪਏ ਫੀਸ, 30 ਲੱਖ ਦੇ ਲਗਭਗ ਹੋਏਗੀ ਬੋਰਡ ਨੂੰ ਕਮਾਈ

ਪਰੀਖਿਆ ‘ਤੇ ਖ਼ਰਚ ਕਰਨ ਤੋਂ ਬਾਅਦ ਵੀ ਲੱਖਾਂ ਰੁਪਏ ਬਚਾ ਜਾਏਗੀ ਪੰਜਾਬ ਸਰਕਾਰ

ਕਿਥੇ ਗਿਆ ਸੁਨੀਲ ਜਾਖੜ ਦਾ ਭਰੋਸਾ, ਸੱਤਾ ਵਿੱਚ ਆਉਣ ਤੋਂ ਬਾਅਦ ਫੀਸ ਖ਼ਤਮ ਕਰਨ ਦਾ ਕੀਤਾ ਸੀ ਵਾਅਦਾ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬੇਰੁਜ਼ਗਾਰਾਂ (unemployed) ਨੂੰ ਘਰ ਘਰ ਰੁਜ਼ਗਾਰ ਦੇਣ ਦਾ ਸੁਫਨਾ ਦਿਖਾਉਣ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਇਨਾਂ ਬੇਰੁਜ਼ਗਾਰਾਂ ਤੋਂ ਹੀ ਫੀਸ ਰਾਹੀਂ ਮੋਟੀ ਰਕਮ ਲੈਂਦੇ ਹੋਏ ਆਪਣੀਆਂ ਜੇਬਾਂ ਭਰਨ ਵਿੱਚ ਲਗੀ ਹੋਈ ਹੈ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਇਸੇ ਹਫ਼ਤੇ 15 ਮਾਰਚ ਨੂੰ ਫੂਡ ਸੇਫਟੀ ਅਫਸਰ ਭਰਤੀ ਕਰਨ ਲਈ ਪਰੀਖਿਆ ਲੈਣ ਜਾ ਰਿਹਾ ਹੈ। ਜਿਸ ਰਾਹੀਂ ਪੰਜਾਬ ਸਰਕਾਰ ਨੂੰ 25 ਫੂਡ ਸੇਫਟੀ ਅਫਸਰ ਮਿਲਣਗੇ ਪਰ ਇਸ ਪਰੀਖਿਆ ਲਈ 5118 ਬੇਰੁਜ਼ਗਾਰਾਂ ਨੇ ਫਾਰਮ ਭਰਿਆ ਹੈ, ਜਿਸ ਨਾਲ 600 ਰੁਪਏ ਪ੍ਰਤੀ ਉਮੀਦਵਾਰ ਅਨੁਸਾਰ 30 ਲੱਖ ਰੁਪਏ ਦੇ ਲਗਭਗ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਸਿਰਫ਼ ਫੀਸ ਤੋਂ ਇਕੱਠੇ ਹੋ ਗਏ ਹਨ।

5118 ਉਮੀਦਵਾਰਾਂ ਵਲੋਂ ਫਾਰਮ ਭਰਨ ਦੇ ਕਰਕੇ ਫੂਡ ਸੇਫਟੀ ਅਫਸਰ ਬਣਨ ਲਈ ਕੰਪੀਟੀਸ਼ਨ ਵੀ ਕਾਫ਼ੀ ਜਿਆਦਾ ਸਖ਼ਤ ਹੈ, ਕਿਉਂਕਿ ਸਿਰਫ਼ 25 ਪੋਸਟਾਂ ਹੋਣ ਕਾਰਨ ਟੈਸਟ ਦੇਣ ਲਈ ਆਉਣ ਵਾਲੇ ਹਰ 205 ਉਮੀਦਵਾਰਾਂ ਵਿੱਚੋਂ ਸਿਰਫ਼ 1 ਉਮੀਦਵਾਰ ਨੂੰ ਹੀ ਸਫ਼ਲ ਮੰਨਿਆ ਜਾਏਗਾ, ਜਦੋਂ ਕਿ ਬਾਕੀ 204 ਉਮੀਦਵਾਰਾਂ ਨੂੰ ਅਸਫਲ ਹੋਣ ਤੋਂ ਬਾਅਦ ਅਗਲੀ ਪਰੀਖਿਆ ਦੀ ਤਿਆਰੀ ਵਿੱਚ ਨਾ ਸਿਰਫ਼ ਜੁੱਟਣਾ ਪਏਗਾ, ਸਗੋਂ ਮੁੜ ਤੋਂ ਫੀਸ ਭਰਨ ਲਈ ਪੈਸੇ ਦਾ ਜੁਗਾੜ ਵੀ ਕਰਨਾ ਪਏਗਾ।

ਜਾਣਕਾਰੀ ਅਨੁਸਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ ਤੋਂ ਲੈ ਕੇ ਪੰਜਾਬ ਵਿੱਚ ਕਈ ਥਾਂ ‘ਤੇ ਇਹ ਵਾਅਦਾ ਕੀਤਾ ਸੀ ਕਿ ਉਨਾਂ ਦੀ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਬੇਰੁਜ਼ਗਾਰਾਂ ਤੋਂ ਇੱਕ ਵੀ ਪੈਸਾ ਬਤੌਰ ਫੀਸ ਨਹੀਂ ਲਿਆ ਜਾਏਗਾ, ਕਿਉਂਕਿ ਬੇਰੁਜ਼ਗਾਰ ਤਾਂ ਪਹਿਲਾਂ ਹੀ ਪੈਸੇ ਨਹੀਂ ਹੋਣ ਕਰਕੇ ਕਾਫ਼ੀ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹੁੰਦੇ ਹਨ, ਉਪਰੋਂ ਮੋਟੀ ਫੀਸ ਭਰਨ ਦੇ ਨਾਲ ਉਨਾਂ ਨੂੰ ਹੋਰ ਜਿਆਦਾ ਮੁਸ਼ਕਿਲ ਵਿੱਚੋਂ ਗੁਜਰਨਾ ਪੈਂਦਾ ਹੈ।

ਸੁਨੀਲ ਜਾਖੜ ਨੇ ਆਪਣੇ ਇਸ ਐਲਾਨ ਦੇ ਨਾਲ ਹੀ ‘ਸੁਖਬੀਰ ਬਾਦਲ ਪੇਟੀਐਮ ਕਰੋਂ’ ਕਰਨ ਦਾ ਨਾਅਰਾ ਦਿੰਦੇ ਹੋਏ ਸੁਖਬੀਰ ਬਾਦਲ ਤੋਂ ਮੰਗ ਕੀਤੀ ਸੀ ਕਿ ਪੁਲਿਸ ਭਰਤੀ ਦੌਰਾਨ ਜਿਹੜੇ ਬੇਰੁਜ਼ਗਾਰਾਂ ਨੂੰ ਨੌਕਰੀ ਨਹੀਂ ਮਿਲੀ ਹੈ, ਉਨਾਂ ਨੂੰ ਪੇਟੀਐਮ ਰਾਹੀਂ ਫੀਸ ਦੇ ਤੌਰ ‘ਤੇ ਲਈ ਗਈ ਸਾਰੀ ਰਕਮ ਨੂੰ ਵਾਪਸ ਕੀਤਾ ਜਾਵੇ। ਸੁਨੀਲ ਜਾਖੜ ਨੇ ਕਿਹਾ ਸੀ ਕਿ ਬੈਂਕ ਰਿਕਾਰਡ ਨਾ ਹੋਣ ਦਾ ਕਾਰਨ ਤਾਂ ਸਮਝਿਆ ਜਾ ਸਕਦਾ ਹੈ ਪਰ ਹਰ ਉਮੀਦਵਾਰ ਦਾ ਮੋਬਾਇਲ ਫੋਨ ਸਰਕਾਰ ਕੋਲ ਹੈ ਅਤੇ ਹਰ ਕੋਈ ਪੇਟੀਐਮ ਵੀ ਚਲਾਉਂਦਾ ਹੈ, ਇਸ ਲਈ ਪੇਟੀਐਮ ਰਾਹੀਂ ਉਨਾਂ ਦੀ ਰਕਮ ਵਾਪਸ ਕੀਤੀ ਜਾਵੇ।

ਸੁਨੀਲ ਜਾਖੜ ਨੇ ਇਸ ਵਾਅਦੇ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਆਏ ਤਿੰਨ ਸਾਲ ਵੀ ਬੀਤ ਗਏ ਹਨ ਪਰ ਇਸ ਦੌਰਾਨ ਹੋਈ ਦਰਜਨ ਭਰ ਭਰਤੀਆਂ ਦੌਰਾਨ ਮੋਟੀ ਫੀਸ ਲਈ ਗਈ ਹੈ ਹੁਣ ਤਾਜ਼ੀ ਭਰਤੀ ਦੌਰਾਨ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਵੀ ਫੀਸ ਲਈ ਗਈ ਹੈ। ਜਿਸ ਰਾਹੀਂ ਸਰਕਾਰ ਕੋਲ 30 ਲੱਖ ਰੁਪਏ ਦੇ ਲਗਭਗ ਬੇਰੁਜ਼ਗਾਰਾਂ ਤੋਂ ਸਰਕਾਰ ਕੋਲ ਪੁੱਜ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।