ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਨੀਤੀ ਲਾਗੂ ਕਰਨ ਬਾਰੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਦਿੱਤੇ ਸੁਝਾਅ

techer o, GOVERNMENT SCHOOL TEACHERS

ਸਪੈਸ਼ਲ ਕੈਟਾਗਰੀਆਂ ਵਾਲੇ ਅਧਿਆਪਕਾਂ ਅਤੇ ਬਾਹਰਲੇ ਜ਼ਿਲ੍ਹਿਆਂ ’ਚ ਨਿਯੁਕਤ ਅਧਿਆਪਕਾਂ ਦੀਆਂ ਬਦਲੀਆਂ ਪਹਿਲ ਦੇ ਆਧਾਰ ਤੇ ਕੀਤੇ ਜਾਣ ਦੀ ਮੰਗ

ਫਰੀਦਕੋਟ, (ਸੁਭਾਸ਼ ਸ਼ਰਮਾ)। ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਦੀਆਂ ਬਦਲੀਆਂ ਦੀ ਨੀਤੀ ਲਾਗੂ ਕਰਨ ਤੋਂ ਪਹਿਲਾਂ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਸੁਝਾਅ ਮੰਗੇ ਗਏ ਸਨ। ਇਸ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ, ਸਲਾਹਕਾਰ ਬਲਕਾਰ ਵਲਟੋਹਾ, ਪ੍ਰੇਮ ਚਾਵਲਾ ਅਤੇ ਸੂਬਾ ਸਕੱਤਰ ਜਿੰਦਰ ਪਾਇਲਟ ਨੇ ਦੱਸਿਆ ਹੈ ਕਿ ਜੱਥੇਬੰਦੀ ਦੇ ਵੱਖ-ਵੱਖ ਆਗੂਆਂ ਨਾਲ਼ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕਈ ਮਹੱਤਵਪੂਰਨ ਨੁਕਤੇ ਸਿੱਖਿਆ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦੇ ਗਏ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਆਪਣੇ ਰਿਹਾਇਸ਼ੀ ਸਥਾਨਾਂ ਤੋਂ ਦੂਰ-ਦੁਰੇਡੇ ਦੇ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਭਾਵ ਅੰਤਰ ਜ਼ਿਲ੍ਹਾ ਬਦਲੀ ਨੂੰ ਅਤਿ ਜ਼ਰੂਰੀ ਸਮਝਦਿਆਂ ਹਰ ਵਰਗ (ਕੈਟਾਗਰੀ) ਦੇ ਅਧਿਆਪਕ ਨੂੰ ਰਿਹਾਇਸ਼ੀ ਜਿਲ੍ਹੇ ਵਿੱਚ ਬਿਨ੍ਹਾਂ ਸ਼ਰਤ ਬਦਲੀ ਕਰਵਾਉਣ ਦੀ ਪਹਿਲ ਦਿੱਤੀ ਜਾਵੇ।

ਸਕੂਲ ਵਿੱਚ 50 ਫ਼ੀਸਦੀ ਸਟਾਫ਼ ਹੋਣ ਦੀ ਲਗਾਈ ਗਈ ਸ਼ਰਤ ਖ਼ਤਮ ਕੀਤੀ ਜਾਵੇ

ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਮੁੱਖ ਅਧਿਆਪਕ, ਪ੍ਰਿੰਸੀਪਲ ਤੇ ਹੋਰ ਵੱਖ-ਵੱਖ ਵਰਗਾਂ ਦੇ ਅਧਿਆਪਕ ਜੋ ਜ਼ਿਲ੍ਹਿਆਂ ਤੋਂ ਬਾਹਰ ਨਿਯੁਕਤ ਹਨ ਉਨ੍ਹਾਂ ਨੂੰ ਜ਼ਿਲ੍ਹਿਆਂ ਵਿੱਚ ਬਿਨ੍ਹਾਂ ਸ਼ਰਤ ਬਦਲੀ ਕਰਵਾਉਣ ਦੀ ਪਹਿਲ ਦਿੱਤੀ ਜਾਵੇ, ਹਰ ਵਰਗ ਦੀ ਬਦਲੀ ਲਈ ਰਿਹਾਇਸ਼ ਤੋਂ ਨਿਯੁਕਤੀ ਸਥਾਨ ਦੀ ਦੂਰੀ ਅਤੇ ਮੌਜੂਦਾ ਨਿਯੁਕਤੀ ਸਥਾਨ ’ਤੇ ਲੰਮੀ ਠਹਿਰ ਨੂੰ ਪਹਿਲ ਦਿੱਤੀ ਜਾਵੇ, ਅਧਿਆਪਕ ਦੀ ਰਿਹਾਈਸ਼ ਤੋਂ ਨਿਯੁਕਤੀ ਸਥਾਨ ਦੀ ਦੂਰੀ ਅਤੇ ਲੰਬੀ ਠਹਿਰ ਦੀਆਂ 4-5 ਕੈਟਾਗਰੀਆਂ ਬਣਾ ਕੇ ਤਾਂ ਇਨ੍ਹਾਂ ਦੋਵਾਂ ਕੈਟਾਗਰੀਆਂ ਦੀ ਬਕਾਇਦਾ ਤੌਰ ’ਤੇ ਵੇਟਿਜ ਦਿੱਤੀ ਜਾਵੇ, ਜ਼ਿਲ੍ਹਿਆਂ ਤੋਂ ਬਾਹਰ ਨਿਯੁਕਤ ਅਧਿਆਪਕਾਂ ਨੂੰ ਬਦਲੀ ਉਪਰੰਤ ਫਾਰਗ ਕਰਨ ਦੀਆਂ ਸਾਰੀਆਂ ਸ਼ਰਤਾਂ ਤੋਂ ਛੋਟ ਦਿੱਤੀ ਜਾਵੇ ਭਾਵ ਬਦਲੀ ਵਾਲੇ ਸਕੂਲ ਵਿੱਚ 50 ਫ਼ੀਸਦੀ ਸਟਾਫ਼ ਹੋਣ ਦੀ ਲਗਾਈ ਗਈ ਸ਼ਰਤ ਖ਼ਤਮ ਕੀਤੀ ਜਾਵੇ ।

ਅਧਿਆਪਕ ਆਗੂਆਂ ਨੇ ਅੱਗੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਵੱਖ-ਵੱਖ ਕੈਟਾਗਰੀਆਂ ਅਧੀਨ ਅਪਲਾਈ ਕਰਨ ਵਾਲੇ ਅਧਿਆਪਕਾਂ ਦੀਆਂ ਬਦਲੀਆਂ ਪਹਿਲ ਦੇ ਅਧਾਰ ਤੇ ਕੀਤੀਆਂ ਜਾਣ ਜਿਵੇਂ;- ਅੰਗਹੀਣ ਕਰਮਚਾਰੀ 40 ਫ਼ੀਸਦੀ ਮੈਡੀਕਲ ਸਰਟੀਫਿਕੇਟ ਦੇ ਆਧਾਰ ’ਤੇ, ਨੇਤਰਹੀਣ ਕਰਮਚਾਰੀ, ਕੁਆਰੀਆਂ ਲੜਕੀਆਂ ,ਵਿਧਵਾ ਕੇਸ, ਕਪਲ ਕੇਸ, ਅਣਹੈਪੀ ਕੇਸ, ਕੈਂਸਰ, ਹਾਰਟ ਤੇ ਹੋਰ ਕਰਾਨਿਕ/ਸਪਾਇਨਲ ਬੀਮਾਰੀਆਂ ਤੋਂ ਪੀਡ਼ਤ ਅਧਿਆਪਕ , ਮੰਦਬੁੱਧੀ ਦੇ ਸ਼ਿਕਾਰ ਬੱਚਿਆਂ ਦੇ ਮਾਤਾ-ਪਿਤਾ ਆਦਿ।

ਇਹ ਵੀ ਮੰਗ ਕੀਤੀ ਗਈ ਕਿ ਪ੍ਰਬੰਧਕੀ ਆਧਾਰ ’ਤੇ ਅਧਿਆਪਕਾਂ ਦੀਆ ਬਦਲੀਆਂ ਦੀ ਪੜਤਾਲ ਵਿੱਚ ਦੋਸ਼ੀ ਪਾਏ ਜਾਣ ਦੀ ਸੂਰਤ ਵਿੱਚ ਹੀ ਕੀਤੀਆਂ ਜਾਣ, ਬਦਲੀ ਕਰਵਾਉਣ ਲਈ ਸਟੇਸ਼ਨ ਠਹਿਰ ਦਾ ਸਮਾਂ ਇੱਕ ਸਾਲ ਕੀਤਾ ਜਾਵੇ, ਆਪਸੀ ਬਦਲੀਆਂ ਪਹਿਲ ਦੇ ਆਧਾਰ ’ਤੇ ਕੀਤੀਆਂ ਜਾਣ ,ਜੇਕਰ ਬਦਲੀ ਦੇ ਚਾਹਵਾਨ ਅਧਿਆਪਕਾਂ ਵੱਲੋਂ ਮੰਗੇ ਗਏ ਸਟੇਸ਼ਨ ਖਾਲੀ ਹੋਣ ’ਤੇ ਅਧਿਆਪਕ ਦੀ ਬਦਲੀ ਦੀ ਮੈਰਿਟ ਬਣਦੀ ਹੋਵੇ ਤਾਂ ਉੱਪਰਲੀ ਮੈਰਿਟ ਵਾਲੇ ਅਧਿਆਪਕਾਂ ਨੂੰ ਨੰਬਰ 1 ਜਾਂ 2 ਤੇ ਮੰਗਿਆ ਗਿਆ ਸਟੇਸ਼ਨ ਦਿੱਤਾ ਜਾਵੇ, ਜੇਕਰ ਕਿਸੇ ਕਾਰਨ ਸਕੂਲ ਦੇ ਸਾਰੇ ਅਧਿਆਪਕ ਆਨਲਾਈਨ ਸਿਸਟਮ ਰਾਹੀਂ ਬਦਲੀਆਂ ਅਪਲਾਈ ਕਰ ਦੇਣ ’ਤੇ ਇਹ ਬਦਲੀਆਂ ਹੋ ਵੀ ਜਾਣ ਤਾਂ ਸਿੱਖਿਆ ਵਿਭਾਗ ਪੰਜਾਬ ਇਹ ਬਦਲੀਆਂ ਲਾਗੂ ਕਰਨ ਸਮੇਂ ਕੀ ਰਣਨੀਤੀ ਅਪਣਾਏਗਾ।

ਬਦਲੀਆਂ ਦੀ ਨੀਤੀ ਜਾਰੀ ਕਰਨ ਸਮੇਂ ਸਪੱਸ਼ਟ ਕੀਤਾ ਜਾਵੇ, ਅਧਿਆਪਕਾਂ ਦੇ ਸਾਰੇ ਵਰਗਾ ਅਤੇ ਬਦਲੀਆਂ ਦੇ ਸਾਰੇ ਪੜਾਅ 31 ਜੁਲਾਈ 2022 ਤੱਕ ਪੂਰੇ ਕਰ ਲਏ ਜਾਣ, ਜੇਕਰ ਕਿਤੇ ਬਦਲੀ ਲਈ ਵਿਦਿਆਰਥੀਆਂ ਦੀ ਗਿਣਤੀ ਜਾਂ ਸਾਲਾਨਾ ਗੁਪਤ ਰਿਪੋਰਟ ਵਿੱਚ ਅੰਕਾਂ ਦੀ ਸਥਿਤੀ ਦੀ ਲੋੜ ਹੋਵੇ ਤਾਂ ਵਿਦਿਆਰਥੀਆਂ ਦੀ ਗਿਣਤੀ 15 ਜੁਲਾਈ 2022 ਅਨੁਸਾਰ ਅਤੇ ਸਾਲ 2021-22 ਦੀ ਸਾਲਾਨਾ ਗੁਪਤ ਰਿਪੋਰਟ ਦੀ ਦਰਜਾਬੰਦੀ ਦਾ ਸਥਾਨ ਵਿਚਾਰ ਲਿਆ ਜਾਵੇ।

ਸੁਝਾਵਾਂ ਲਈ ਵਟਸਐਪ ਨੰਬਰ ਤੇ ਈਮੇਲ ਆਈਡੀ ਜਾਰੀ ਕੀਤੀ ਜਾਵੇ

ਇਸ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਕਿ ਜੱਥੇਬੰਦੀਆਂ ਦੇ ਆਗੂਆਂ ਤੋਂ ਮੰਗੇ ਗਏ ਸੁਝਾਵਾਂ ਲਈ ਲਿਖਤੀ ਰੂਪ ਵਿੱਚ ਭੇਜਣ ਲਈ ਸਿੱਖਿਆ ਵਿਭਾਗ ਵੱਲੋਂ ਵਟਸਐਪ ਨੰਬਰ ਅਤੇ ਈ-ਮੇਲ ਐਡਰੈੱਸ ਅੱਜ ਹੀ ਦਿੱਤਾ ਜਾਵੇ, ਬਦਲੀਆਂ ਸ਼ੁਰੂ ਕਰਨ ਤੋਂ ਪਹਿਲਾਂ ਪਿਛਲੇ ਸਾਲ ਬਦਲੀ ਕਰਵਾ ਚੁੱਕੇ ਅਧਿਆਪਕਾਂ ਜਿੰਨ੍ਹਾਂ ਦੀ ਬਦਲੀ ਕਿਸੇ ਕਾਰਨ ਲਾਗੂ ਨਹੀਂ ਹੋ ਸਕੀ, ਇਨ੍ਹਾਂ ਸਾਰੇ ਅਧਿਆਪਕਾਂ ਨੂੰ ਆਪਣੀ ਬਦਲੀ ਵਾਲੀ ਥਾਂ ਤੇ ਪਹਿਲਾਂ ਹਾਜ਼ਰ ਕਰਵਾ ਲਿਆ ਜਾਵੇ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਟਹਿਲ ਸਿੰਘ ਸਰਾਭਾ,ਮਨਦੀਪ ਸਿੰਘ ਥਿੰਦ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਮੇਘਇੰਦਰ ਸਿੰਘ ਬਰਾੜ ਤੇ ਬਲਜੀਤ ਟੌਮ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸ਼ਾਮਲ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ