ਝੋਨੇ ਦੀ ਸਰਕਾਰੀ ਖਰੀਦ ਭਲਕ ਤੋਂ, ਮੰਡੀਆਂ ’ਚ ਪ੍ਰਬੰਧ ਅਧੂਰੇ

ਪਟਿਆਲਾ ਅਨਾਜ ਮੰਡੀ ਵਿੱਚ ਸਫ਼ਾਈ ਪ੍ਰਬੰਧਾਂ ਦੀਆਂ ਤਸਵੀਰਾਂ

ਜਿਆਦਾਤਰ ਮੰਡੀਆਂ ਅਜੇ ਵੀ ਲੱਗੇ ਹੋਏ ਨੇ ਕੂੜੇ ਕਰਕਟ ਤੇ ਢੇਰ | Government

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਝੋਨੇ ਦੀ ਖਰੀਦ ਦਾ ਕੰਮ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਪਰ ਜ਼ਿਲ੍ਹੇ ਅੰਦਰ ਜਿਆਦਾਤਰ ਮੰਡੀਆਂ ਵਿੱਚ ਅਜੇ ਵੀ ਪ੍ਰਬੰਧ ਮੁਕੰਮਲ ਨਹੀਂ ਹਨ। ਮੰਡੀਆਂ ਅੰਦਰ ਸਾਫ਼ ਸਫ਼ਾਈ ਅਜੇ ਵੀ ਅਧੂਰੀ ਹੈ ਜਦਕਿ ਜ਼ਿਲ੍ਹੇ ਦੀਆਂ ਕਈ ਮੰਡੀਆਂ ਅੰਦਰ ਬਾਸਪਤੀ ਝੋਨੇ ਦੀ ਖਰੀਦ ਵੀ ਹੋ ਰਹੀ ਹੈ। (Government)

ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਅੰਦਰ 109 ਮੰਡੀਆਂ ਅੰਦਰ ਝੋਨੇ ਦੀ ਖਰੀਦ ਹੋਵੇਗੀ ਅਤੇ ਜ਼ਿਲ੍ਹੇ ਅੰਦਰ ਝੋਨੇ ਹੇਠ ਰਕਬਾ 2 ਲੱਖ 32 ਹਜਾਰ ਹੈਕਟੇਅਰ ਹੈ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਖਰੀਦ ਹੋਣ ਦਾ ਐਲਾਨ ਕੀਤਾ ਗਿਆ ਹੈ, ਪਰ ਮੰਡੀਆਂ ਵਿੱਚ ਕੁਝ ਦਿਨਾਂ ਬਾਅਦ ਝੋਨਾ ਆਉਣਾ ਸ਼ੁਰੂ ਹੋਵੇਗਾ। ਅੱਜ ਜਦੋਂ ਸਰਹਿੰਦ ਰੋਡ ਤੇ ਸਥਿਤ ਪਟਿਆਲਾ ਅਨਾਜ਼ ਮੰਡੀ ਦਾ ਦੌਰਾ ਕੀਤਾ ਗਿਆ ਤਾ ਦੇਖਿਆ ਕਿ ਕੁਝ ਥਾਂਈ ਬਾਸਪਤੀ ਝੋਨਾ ਆਇਆ ਪਿਆ ਸੀ। (Government)

ਜ਼ਿਲ੍ਹੇ ਦੀਆਂ 109 ਮੰਡੀਆਂ, 2 ਲੱਖ 32 ਹਜਾਰ ਹੈਕਟੇਅਰ ਝੋਨੇ ਦਾ ਰਕਬਾ

ਜਿੱਥੇ ਜਿੱਥੇ ਬਾਸਪਤੀ ਝੋਨਾ ਪਿਆ ਸੀ, ਉਸ ਥਾਂ ਤੇ ਸਫ਼ਾਈ ਕੀਤੀ ਦਿਖਾਈ ਦਿੱਤੀ ਜਦਕਿ ਮੰਡੀ ਦੇ ਮੁੱਖ ਸੈਂਡ ਹੇਠਾ ਅਤੇ ਬਾਹਰ ਕੂੜਾ ਕਰਕਟ ਖਿਲਰਿਆ ਪਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਦਿਹਾਤੀ ਮੰਡੀਆਂ ਅੰਦਰ ਵੀ ਸਫ਼ਾਈ ਪ੍ਰਬੰਧਾਂ ਦੀਆਂ ਅਜਿਹੀਆਂ ਹੀ ਰਿਪੋਰਟਾਂ ਹਾਸਲ ਹੋਈਆਂ ਹਨ। ਕਿਸਾਨਾਂ ਨੂੰ ਹਰ ਵਾਰ ਪਾਣੀ ਅਤੇ ਬਾਥਰੂਮ ਆਦਿ ਪ੍ਰਬੰਧਾਂ ਦੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਦਾ ਹੈ ਜੋਂ ਕਿ ਅਜੇ ਮੰਡੀ ਅੰਦਰ ਕੰਮ ਸ਼ੁਰੂ ਹੋਣ ਤੋਂ ਬਾਅਦ ਸਾਹਮਣੇ ਆਵੇਗੀ।

ਪਟਿਆਲਾ ਜ਼ਿਲ੍ਹੇ ਅੰਦਰ ਸਨੌਰ, ਸਮਾਣਾ, ਸੁਤਰਾਣਾ, ਪਟਿਆਲਾ ਦਿਹਾਤੀ, ਘਨੌਰ ਆਦਿ ਥਾਵਾਂ ਤੇ 35 ਹਜਾਰ ਹੈਕਟੇਅਰ ਤੋਂ ਜਿਆਦਾ ਰਕਬਾ ਹੜ੍ਹਾਂ ਕਾਰਨ ਪ੍ਰਭਾਵਿਤ ਹੋਇਆ ਸੀ, ਜਿਸ ਕਾਰਨ ਕਿਸਾਨਾਂ ਵੱਲੋਂ ਇੱਥੇ ਝੋਨਾ ਦੂਜੀ-ਤੀਜੀ ਵਾਰ ਲਗਾਇਆ ਗਿਆ ਹੈ। ਝੋਨਾ ਲੇਟ ਲੱਗਣ ਕਾਰਨ ਇੱਥੇ ਝੋਨੇ ਦੀ ਕਟਾਈ ਕੁਝ ਪੱਛੜ ਕੇ ਹੋਵੇਗੀ, ਜਦਕਿ ਜਿੱਥੇ ਹੜ੍ਹਾਂ ਕਾਰਨ ਬਚਾਅ ਰਿਹਾ, ਉੱਥੇ ਕੁਝ ਦਿਨਾ ਬਾਅਦ ਮੰਡੀਆਂ ਵਿੱਚ ਝੋਨਾ ਆ ਜਾਵੇਗਾ।

ਕਿਸਾਨ ਕੁਲਵਿੰਦਰ ਸਿੰਘ ਅਤੇ ਕਿਸਾਨ ਜੋਰਾ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਅਧਿਕਾਰੀ ਤਾ ਹਰ ਵਾਰ ਆਪਣੇ ਪ੍ਰਬੰਧ ਪੂਰੇ ਹੋਣ ਦੀ ਦੁਹਾਈ ਦਿੰਦੇ ਹਨ ਪਰ ਕਿਸਾਨਾਂ ਨੂੰ ਆਪਣਾ ਝੋਨਾ ਢੱਕਣ ਲਈ ਤਰਪਾਲਾਂ ਵੀ ਨਸੀਬ ਨਹੀਂ ਹੁੰਦੀਆ ਅਤੇ ਮੀਂਹ ਦੇ ਮੌਸਮ ਦੌਰਾਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਹਰ ਵਾਰ ਭਿੱਜਦੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਮੰਡੀਆਂ ਅਤੇ ਫੜ੍ਹਾਂ ਅੰਦਰ ਦਾ ਕਿਸਾਨਾਂ ਨੂੰ ਵੱਡੀਆਂ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ਅੰਦਰ ਪਾਣੀ, ਬਾਥਰੂਮਾਂ, ਤਰਪਾਲਾਂ, ਬਾਰਦਾਨੇ ਆਦਿ ਦੇ ਪ੍ਰਬੰਧ ਪੂਰੇ ਹੋਣੇ ਚਾਹੀਦੇ ਹਨ।

ਕਈ ਕਮੀ ਪੇਸ਼ੀ ਹੈ ਤਾ ਪੂਰੀ ਕਰ ਦਿੱਤੀ ਜਾਵੇਗੀ : ਡੀਐਫਐਸਸੀ

ਇਸ ਸਬੰਧੀ ਜਦੋਂ ਡੀਐਫਐਸਸੀ ਡਾ. ਰਵਿੰਦਰ ਕੌਰ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਾਫ਼ ਸਫ਼ਾਈ ਆਦਿ ਦੇ ਪ੍ਰਬੰਧ ਪੂਰੇ ਹਨ। ਮੰਡੀ ਬੋਰਡ ਵੱਲੋਂ ਵੀ ਆਪਣੇ ਪ੍ਰਬੰਧ ਪੂਰੇ ਕੀਤੇ ਹੋਏ ਹਨ। ਜਦੋਂ ਉਨ੍ਹਾਂ ਨੂੰ ਪਟਿਆਲਾ ਅਨਾਜ ਮੰਡੀ ਸਬੰਧੀ ਦੱਸਿਆ ਤਾ ਉਨ੍ਹਾਂ ਕਿਹਾ ਕਿ ਜੇਕਰ ਕਿਤੇ ਕਮੀ ਪੇਸੀ ਹੈ ਤਾ ਉਹ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ- ਡਿਪਟੀ ਕਮਿਸ਼ਨਰ

ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਜ਼ਿਲ੍ਹਾ 1 ਅਕਤੂਬਰ ਤੋਂ ਝੋਨੇ ਦੀ ਖਰੀਦ ਲਈ ਪੂਰੀ ਤਰ੍ਹਾਂ ਤਿਆਰ ਹੈ। ਜੇਕਰ ਕਿੱਧਰੇ ਸਾਫ਼ ਸਫ਼ਾਈ ਸਮੇਤ ਹੋਰ ਦਿੱਕਤਾ ਹਨ ਤਾ ਉਨ੍ਹਾਂ ਨੂੰ ਅੱਜ ਰਾਤ ਤੱਕ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਬੰਧਾਂ ਤਹਿਤ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਪ੍ਰਕਾਰ ਦੀ ਮੁਸਕਿਲ ਨਾ ਆਉਣ ਸਬੰਧੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੁੱਕੀ ਝੋਨੇ ਦੀ ਫਸਲ ਹੀ ਮੰਡੀਆਂ ਵਿੱਚ ਲਿਆਉਣ। (Government)

ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ