ਹੜ੍ਹਾਂ ਦਾ ਕਹਿਰ : ਪਟਿਆਲਾ ਜ਼ਿਲ੍ਹੇ ਅੰਦਰ ਸੜਕਾਂ, ਪੁਲਾਂ ਆਦਿ ਦਾ 55 ਕਰੋੜ ਤੋਂ ਵੱਧ ਦਾ ਨੁਕਸਾਨ

Floods
ਪਟਿਆਲਾ: ਜ਼ਿਲ੍ਹੇ ’ਚ ਹੜ੍ਹ ਦੇ ਪਾਣੀ ਕਾਰਨ ਟੁੱਟੀ ਸੜਕ ਦਾ ਦਿ੍ਰਸ਼।

ਦਿਹਾਤੀ ਖੇਤਰਾਂ ’ਚ ਅਜੇ ਵੀ ਬਹੁਤੇ ਪਿੰਡਾਂ ਦੇ ਸੰਪਰਕ ਟੁੱਟੇ ਹੋਏ, ਲੋਕ ਹੋ ਰਹੇ ਨੇ ਪ੍ਰੇੇਸ਼ਾਨ | Floods

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਅੰਦਰ ਹੜ੍ਹਾਂ ਕਾਰਨ ਜਿੱਥੇ ਲੋਕਾਂ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਝੱਲਣਾ ਪਿਆ ਹੈ, ਉੱਥੇ ਹੀ ਸਰਕਾਰ ਨੂੰ ਵੀ ਵੱਡਾ ਨੁਕਸਾਨ ਸਹਿਣਾ ਪਿਆ ਹੈ। ਜ਼ਿਲ੍ਹੇ ਅੰਦਰ ਹੜ੍ਹਾਂ ਕਾਰਨ 365 ਸੜਕਾਂ ਤੇ ਬਿ੍ਰਜ ਨੁਕਸਾਨੇ ਗਏ ਹਨ, ਜਿਸ ਕਾਰਨ 55.24 ਕਰੋੜ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ। ਪਿੰਡਾਂ ਅੰਦਰ ਅਜੇ ਵੀ ਸੰਪਰਕ ਟੁੱਟੇ ਹੋਏ ਹਨ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (Floods)

ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਅਤੇ ਵੱਡੀ ਨਦੀ ਵੱਲੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਟਾਂਗਰੀ ਨਦੀ ਸਮੇਤ ਮਾਰਕੰਡਾ ਨਦੀ ਵੀ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਲਈ ਮਾਰੂ ਸਾਬਤ ਹੋਈਆਂ ਹਨ। ਪਟਿਆਲਾ ਜ਼ਿਲ੍ਹੇ ਦੇ ਘਨੌਰ, ਸਨੌਰ, ਸਮਾਣਾ, ਸ਼ੁਤਰਾਣਾ ਹਲਕਿਆਂ ਅੰਦਰ ਆਮ ਲੋਕਾਂ ਨੂੰ ਹੜ੍ਹਾਂ ਨੇ ਵੱਡੀ ਆਰਥਿਕ ਸੱਟ ਮਾਰੀ ਹੈ। ਇਨ੍ਹਾਂ ਹਲਕਿਆਂ ਅੰਦਰ ਪੇਂਡੂ ਖੇਤਰਾਂ ਨੂੰ ਜਾਂਦੀਆਂ ਸੜਕਾਂ ਕਈ ਕਈ ਫੁੱਟ ਪਾਣੀ ਵਿੱਚ ਡੁੱਬੀਆਂ ਰਹੀਆਂ ਅਤੇ ਤੇਜ਼ ਪਾਣੀ ਦੇ ਵਹਾਅ ਨੇ ਸੜਕਾਂ ਨੂੰ ਵਿਚਕਾਰੋਂ ਹੀ ਤੋੜ ਦਿੱਤਾ ਗਿਆ ਅਤੇ ਸੜਕਾਂ ਵਿੱਚ ਵੱਡੇ ਵੱਡੇ ਪਾੜ ਪਾ ਦਿੱਤੇ ਗਏ।

ਸੜਕਾਂ ਨੂੰ ਸਭ ਤੋਂ ਵੱਧ ਨੁਕਸਾਨ | Floods

ਹਲਕਾ ਸ਼ੁਤਰਾਣਾ ਅਤੇ ਸਨੌਰ ਦੇ ਦੁਧਨਸਾਧਾ ਖੇਤਰ ਅੰਦਰ ਸੜਕਾਂ ਨੂੰ ਸਭ ਤੋਂ ਵੱਧ ਨੁਕਸਾਨ ਪੁੱਜਾ ਹੈ। ਵੱਡੀ ਗਿਣਤੀ ਵਿੱਚ ਸੜਕਾਂ ਦੇ ਟੁੱਟਣ ਕਾਰਨ ਲੋਕਾਂ ਨੂੰ ਦੂਰ ਦੁਰਾਡੇ ਖੇਤਰਾਂ ਤੋਂ ਲੰਮੀ ਵਾਟ ਤਹਿ ਕਰਕੇ ਪਿੰਡਾਂ ਵਿੱਚ ਪੁੱਜਣਾ ਪੈ ਰਿਹਾ ਹੈ। ਸੜਕਾਂ ਦੇ ਕਿਨਾਰੇ ਵੀ ਪਾਣੀ ਕਾਰਨ ਬੁਰੀ ਤਰ੍ਹਾਂ ਟੁੱਟ ਗਏ ਹਨ। ਭਾਵੇਂ ਕਿ ਪਟਿਆਲਾ ਦੀ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਟੁੱਟੀਆਂ ਸੜਕਾਂ ਬਣਾਉਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਅਜੇ ਪਿੰਡਾਂ ਅੰਦਰ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ।

ਬਹੁਤੇ ਪਿੰਡਾਂ ਦੇ ਲੋਕਾਂ ਅਤੇ ਸਮਾਜ ਸੇਵੀਆਂ ਵੱਲੋਂ ਆਪਣੇ ਤੌਰ ਤੇ ਸੜਕਾਂ ਦੇ ਪਾੜ ਪੂਰ ਕੇ ਆਰਜ਼ੀ ਤੌਰ ’ਤੇ ਰਸਤਾ ਜ਼ਰੂਰ ਤਿਆਰ ਕੀਤਾ ਗਿਆ ਹੈ। ਦੁਧਨਸਾਧਾ ਇਲਾਕੇ ਦੇ ਮਲਕੀਤ ਸਿੰਘ, ਗੁਰਦੀਪ ਸਿੰਘ, ਰਾਜਾ ਰਾਮ ਨੇ ਦੱਸਿਆ ਕਿ ਇਸ ਖੇਤਰ ਅੰਦਰ ਦਰਜ਼ਨਾਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਟੁੱਟ ਚੁੱਕੀਆਂ ਹਨ ਅਤੇ ਕਈ ਸੜਕਾਂ ਅੱਗੇ ਹਰਿਆਣਾ ਰਾਜ ਨੂੰ ਮਿਲਾਉਂਦੀਆ ਸਨ, ਇਹ ਸੰਪਰਕ ਟੁੱਟੇ ਪਏ ਹਨ। ਇਸੇ ਤਰ੍ਹਾਂ ਹੀ ਸ਼ੁਤਰਾਣਾ ਹਲਕੇ ਅੰਦਰ ਵੀ ਦਿਹਾਤੀ ਖੇਤਰਾਂ ਨੂੰ ਜਾਂਦੀਆਂ ਸੜਕਾਂ ਟੁੱਟਣ ਕਾਰਨ ਪਿੰਡਾਂ ਦੇ ਸੰਪਰਕ ਟੁੱਟੇ ਹੋਏ ਹਨ। ਹੜ੍ਹਾਂ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਸਰਕਾਰੀ ਅਤੇ ਆਮ ਲੋਕਾਂ ਨੂੰ ਭਾਰੀ ਖਮਿਆਜਾ ਭੁਗਤਣਾ ਪਿਆ ਹੈ।

ਹੜ੍ਹਾਂ ਕਾਰਨ ਸੜਕਾਂ ਅਤੇ ਪੁਲਾਂ ਆਦਿ ਦਾ ਭਾਰੀ ਨੁਕਸਾਨ ਹੋਇਆ: ਡੀਸੀ

ਪਟਿਆਲਾ ਦੀ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਜੋ ਹੁਣ ਤੱਕ ਸੜਕਾਂ, ਪੁਲ, ਪੁਲੀਆਂ ਆਦਿ ਦੀ ਅਸੈਸਮੈਂਟ ਪੁੱਜੀ ਹੈ, ਉਸ ਅਨੁਸਾਰ ਜ਼ਿਲ੍ਹੇ ਅੰਦਰ 55.24 ਕਰੋੜ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਜ਼ਿਲ੍ਹੇ ਦੇ ਇਨਫਰਾਸਟੱਕਚਰ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਪਾਣੀ ਕਾਰਨ ਡੈਮੇਜ਼ ਹੋਈਆਂ ਸੜਕਾਂ ਆਦਿ ਨੂੰ ਬਣਾਉਣ ਲਈ ਸਬੰਧਿਤ ਵਿਭਾਗ ਵੱਲੋਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਡਾਕਖਾਨੇ ਦੀ ਇਹ ਸਕੀਮ ਦੇਵੇਗੀ 2 ਲੱਖ 90 ਹਜ਼ਾਰ ਰੁਪਏ, ਜਾਣੋ ਕੀ ਹੈ ਸਕੀਮ?