ਫਾਜ਼ਿਲਕਾ (ਰਜਨੀਸ਼ ਰਵੀ) ਭਾਰਤੀ ਕਮਿਊਨਿਸਟ ਪਾਰਟੀ ਦੇ ਉੱਘੇ ਆਗੂ ਫਾਜ਼ਿਲਕਾ ਦੇ ਪਹਿਲੇ ਵਿਧਾਇਕ ਅਤੇ ਸੁਤੰਤਰਤਾ ਸੰਗਰਾਮੀ ਕਾਮਰੇਡ ਵਧਾਵਾ ਰਾਮ (Wadhwa Ram) ਦੀ ਪਤਨੀ ਬੀਬੀ ਵੀਰਾਂ ਬਾਈ ਦਾ ਕੱਲ ਸੰਖੇਪ ਬਿਮਾਰੀ ਨਾਲ ਦੇਹਾਂਤ ਹੋ ਗਿਆ ਸੀ। ਉਨਾਂ ਦਾ ਕੱਲ ਸਸਕਾਰ ਫਾਜ਼ਲਕਾ ਵਿਖੇ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਕਮਿਊਨਿਸਟ ਪਾਰਟੀਆਂ, ਵੱਖ-ਵੱਖ ਜਨਤਕ ਜਥੇਬੰਦੀਆਂ,ਹੋਰ ਰਾਜਸੀ ਪਾਰਟੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਇਸ ਮੌਕੇ ਹਾਜ਼ਰ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ,ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਗੁਰਮੇਜ ਸਿੰਘ ਗੇਜੀ, ਸੀਪੀਆਈਐਮ ਦੇ ਜ਼ਿਲ੍ਹਾ ਸਕੱਤਰ ਅਵਿਨਾਸ਼ ਚੰਦਰ ਲਾਲੋਵਾਲੀ, ਕਾਮਰੇਡ ਦਰਸ਼ਨ ਲਾਧੂਕਾ, ਕਾਮਰੇਡ ਹਰਭਜਨ ਖੁੰਗਰ, ਹਰੀਸ਼ ਕੰਬੋਜ ਅਤੇ ਵੇਦ ਪ੍ਰਕਾਸ਼ ਬਹਾਦਰ ਕੇ ਨੇ ਬੀਬੀ ਵੀਰਾ ਬਾਈ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਹਨਾਂ ਦੀ ਸਮਾਜ ਨੂੰ ਦਿੱਤੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। (Wadhwa Ram)
ਉਹਨਾਂ ਕਿਹਾ ਕਿ ਕਾਮਰੇਡ ਵਧਾਵਾ ਰਾਮ ਜਿੱਥੇ ਜੇਲ ਵਿੱਚ ਰਹਿ ਕੇ ਹਲਕੇ ਦੇ ਲੋਕਾਂ ਦੇ ਵਿਧਾਇਕ ਚੁਣੇ ਗਏ, ਉੱਥੇ ਕਿਸਾਨੀ ਅੰਦੋਲਨ ਦੀ ਅਗਵਾਈ ਕਰਦਿਆਂ ਮੁਜਾਰਾ ਲਹਿਰ ਨੂੰ ਸਿਖਰਾਂ ਤੇ ਪਹੁੰਚਾ ਕੇ ਮੁਜਾਰਿਆਂ ਨੂੰ ਜਮੀਨਾਂ ਦੇ ਹੱਕ ਦਵਾਉਣ ਲਈ ਬੀਬੀ ਵੀਰਾਂ ਬਾਈ ਦਾ ਕਾਮਰੇਡ ਵਧਾਵਾ ਰਾਮ ਨਾਲ ਅਹਿਮ ਯੋਗਦਾਨ ਹੈ। ਉਹਨਾਂ ਦੇ ਲੜਕੇ ਕਾਮਰੇਡ ਮੱਲ ਸਿੰਘ ਅਤੇ ਕਾਮਰੇਡ ਸ਼ਕਤੀ ਨੇ ਦੱਸਿਆ ਕਿ ਬੀਬੀ ਵੀਰਾਂ ਬਾਈ ਦਾ ਸ਼ਰਧਾਂਜਲੀ ਸਮਾਗਮ 13 ਅਕਤੂਬਰ ਦਿਨ ਸ਼ੁਕਰਵਾਰ ਫਾਜਿਲਕਾ ਦੇ ਆਰਬਟ ਪੈਲਸ ਵਿਖੇ ਕੀਤਾ ਜਾਵੇਗਾ।
ਸਰਹੱਦੀ ਖੇਤਰ ਤੇ ਲੋਕਾਂ ਨੂੰ ਹਜ਼ਾਰਾਂ ਏਕੜ ਜਮੀਨਾਂ ਦਾ ਮਾਲਕ ਬਣਵਾਉਣ ਵਿੱਚ ਕਾਮਰੇਡ ਵਧਾਵਾ ਰਾਮ ਅਤੇ ਉਸਦੇ ਪਰਿਵਾਰ ਦਾ ਅਹਿਮ ਯੋਗਦਾਨ ਹੈ। ਕਾਮਰੇਡ ਵਧਾਵਾ ਰਾਮ ਅਤੇ ਬੀਬੀ ਵੀਰਾ ਬਾਈ ਦੀ ਅਹਿਮੀਅਤ ਨੂੰ ਸਮਝਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨੀ ਅੰਦੋਲਨ ਦੀ ਲੜਾਈ “ਕਿਸਾਨ ਸਭਾ ਲਲਕਾਰ ਦੀ ,ਜਮੀਨ ਕਾਸ਼ਤਕਾਰ ਦੀ,” ਜਿੱਤੀ ਨਾ ਜਾਂਦੀ ਤਾਂ ਅੱਜ ਬਾਰਡਰ ਪੱਟੀ ਦੇ ਲੋਕ ਹਜ਼ਾਰਾਂ ਏਕੜ ਜਮੀਨਾਂ ਦੇ ਮਾਲਕ ਨਾ ਹੁੰਦੇ।