ਚੌਥਾ ਦਰਜਾ ਮੁਲਾਜਮਾਂ ਨੇ ਪਾਵਰਕੌਮ ਦਫ਼ਤਰਾਂ ਅੱਗੇ ਫੂਕੇ ਬਿਜਲੀ ਬਿੱਲ

ਬਿਜਲੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ

ਬਿਜਲੀ ਮੁਲਾਜਮਾਂ ਦੇ ਸੰਘਰਸ਼ਾਂ ਦੀ ਹਮਾਇਤ-ਲੁਬਾਣਾ, ਰਾਣਵਾ

ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬ ਵਿਚਲੇ ਸਰਕਾਰੀ-ਅਰਧ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ ਕਰਮਚਾਰੀਆਂ, ਕੰਟਰੈਕਟ, ਆਊਟ ਸੋਰਸ, ਡੇਲੀਵੇਜ਼ਿਜ਼ ਅਤੇ ਪਾਰਟ ਟਾਇਮ ਕਰਮੀਆਂ ਨੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ‘ਚ ਪਾਵਰਕੌਮਦਫਤਰਾਂ ਅੱਗੇ ਗੇਟ ਰੈਲੀਆਂ ਕਰਕੇ ਖਪਤਕਾਰਾਂ ਨੂੰ ਭੇਜੇ ਗਏ ਵੱਡੇ-ਵੱਡੇ ਬਿਜਲੀ ਬਿੱਲਾਂ ਨੂੰ ਫੂਕਿਆ ਗਿਆ ਅਤੇ ਬਿਜਲੀ ਮੈਨੇਜਮੈਂਟ ਦਾ ਜੋਰਦਾਰ ਪਿੱਟ ਸਿਆਪਾ ਕੀਤਾ ਗਿਆ।ਇਸ ਮੌਕੇ ਮੁੱਖ ਮੰਤਰੀ ਤੇ ਚੇਅਰਮੈਨ ਪਾਵਰਕੌਮ ਦੇ ਨਾਂਅ ਇੱਕ ਮੈਮੋਰੰਡਮ ਵੀ ਦਿੱਤਾ ਗਿਆ।

ਇਸ ਮੌਕੇ ਮੁਲਾਜ਼ਮ ਆਗੂਆਂ ਚੇਅਰਮੈਨ ਸੱਜਣ ਸਿੰਘ, ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਤੇ ਸੀਨੀਅਰ ਉਪ ਪ੍ਰਧਾਨ ਜਸਵਿੰਦਰ ਪਾਲ Àੁੱਗੀ ਨੇ ਇਨ੍ਹਾਂ ਰੈਲੀਆਂ ਦੀ ਅਗਵਾਈ ਕਰਦਿਆ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਜਿਸ ਦਾ ਪ੍ਰਕੋਪ ਜਾਰੀ ਹੈ ਸਰਕਾਰ ਨੂੰ ਮੁਲਾਜਮਾਂ, ਮਜ਼ਦੂਰਾਂ, ਦਲਿਤਾਂ ਤੇ ਛੋਟੇ ਵਰਗਾਂ ਦੇ ਘਰਾਂ ਨੂੰ ਬਿਜਲੀ ਬਿੱਲਾਂ ਵਿੱਚ ਛੋਟਾਂ ਦੇਣੀਆਂ ਚਾਹੀਦੀਆਂ ਸਨ, ਪਰੰਤੂ ਦਸ-ਦਸ ਹਜ਼ਾਰ ਰੁਪਏ ਤੋਂ ਉੱਪਰ ਅਦਾਇਗੀ ਯੋਗ ਬਿੱਲ ਭੇਜ ਦਿੱਤੇ ਹਨ ਅਤੇ ਪਾਵਰਕੌਮ ਦਫ਼ਤਰ ਇਨ੍ਹਾਂ ਦੀਆਂ ਕਿਸ਼ਤਾਂ ਕਰਨ ਨੂੰ ਵੀ ਤਿਆਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਆਰਥਿਕ ਤੰਗੀ ਵਿੱਚੋਂ ਲੰਘ ਰਹੇ ਕਾਮਿਆਂ ਵੱਲੋਂ ਬਿੱਲ ਭਰਨ ਦੀ ਸਮਰਥਾ ਵਿੱਚ ਨਹੀਂ ਹਨ। ਇਸ ਮੌਕੇ ਬਿਜਲੀ ਮੁਲਾਜਮਾਂ ਦੇ ਸੰਘਰਸ਼ਾਂ ਦੀ ਹਮਾਇਤ ਕਰਦੇ ਹੋਏ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ 2003 ਵਿੱਚ ਅਟੱਲ ਬਿਹਾਰੀ ਦੀ ਸਰਕਾਰ ਨੇ ਬਿਜਲੀ ਬਿੱਲ 2003 ਲਿਆ ਕੇ ਦੇਸ਼ ਦੇ ਬਿਜਲੀ ਬੋਰਡ ਨੂੰ ਤੋੜਿਆ ਸੀ, ਹੁਣ ਮੋਦੀ ਸਰਕਾਰ ਨੇ ਲੋਕ ਵਿਰੋਧ, ਮੁਲਾਜਮ ਵਿਰੋਧੀ ਬਿਜਲੀ ਬਿੱਲ 2020 ਲਿਆਕੇ ਪਬਲਿਕ ਸੈਕਟਰ ਦਾ ਮੁਕੰਮਲ ਸਫਾਇਆ ਕਰਨ ਦਾ ਫੈਸਲਾ ਲੈਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਯੂਨੀਅਨ ਬਿਜਲੀ ਮੁਲਾਜਮਾਂ ਦੇ ਸੰਘਰਸ਼ਾਂ ਨਾਲ ਖੜੀ ਹੈ ਅਤੇ ਕੇਂਦਰ ਸਰਕਾਰ ਦੀ ਨਿੰਦਾ ਕਰਦੀ ਹੈ। ਦੱਸਣਯੋਗ ਹੈ ਕਿ ਪਟਿਆਲਾ ਵਿਚਲੇ ਚੋਥਾ ਦਰਜਾ ਕਰਮਚਾਰੀ ਸਵੇਰੇ ਬਾਰਾਦਰੀ ਬਾਗ ਵਿਖੇ ਇਕੱਤਰ ਹੋਏ, ਜਿੱਥੇ ਉਨ੍ਹਾਂ ਨੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਉਥੋਂ ਹੀ ਮਾਰਚ ਕਰਕੇ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਪਹੁੰਚਕੇ ਪਿੱਟ ਸਿਆਪਾ ਕੀਤਾ ਤੇ ਵੱਡੇ-ਵੱਡੇ ਬਿਜਲੀ ਬਿੱਲਾਂ ਦੀਆਂ ਫੋਟੋ ਕਾਪੀਆਂ ਫੂਕੀਆਂ ਅਤੇ ਮੰਗ ਕੀਤੀ ਇਨ੍ਹਾਂ ਵਿੱਚ ਛੋਟਾਂ ਦਿੱਤੀਆਂ ਜਾਣ ਤੇ ਬਿੱਲ ਕਿਸ਼ਤਾਂ ਵਿੱਚ ਭਰਵਾਏ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।