ਜ਼ੇਲ੍ਹ ‘ਚ ਆਤਮ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ‘ਚ ਦੋ ਗੈਂਗਸਟਰਾਂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ਼

ਜ਼ੇਲ੍ਹ ‘ਚ ਆਤਮ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ‘ਚ ਦੋ ਗੈਂਗਸਟਰਾਂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ਼

ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੀ ਕੇਂਦਰੀ ਜ਼ੇਲ੍ਹ ‘ਚ ਬੰਦ ਦੋ ਗੈਂਗਸਟਰਾਂ ਸਮੇਤ ਚਾਰ ਜਣਿਆਂ ਖਿਲਾਫ਼ ਆਤਮ ਹੱਤਿਆ ਕਰਨ ਦੀ ਕੋਸ਼ਿਸ਼, ਜੇਲ ਨਿਯਮਾਂ ਦੇ ਨਾਲ-ਨਾਲ ਜ਼ੇਲ੍ਹ ਅਧਿਕਾਰੀਆਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ਼ ਕੀਤਾ ਹੈ ਕੇਂਦਰੀ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਨਵਦੀਪ ਸਿੰਘ ਵੱਲੋਂ ਥਾਣਾ ਕੈਂਟ ‘ਚ ਦਰਜ਼ ਕਰਵਾਈ ਸ਼ਿਕਾਇਤ ਅਨੁਸਾਰ ਗੈਂਗਸਟਰ ਹਵਾਲਾਤੀ ਸੁਖਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਥਾੜੇਵਾਲਾ, ਗੈਂਗਸਟਰ ਹਵਾਲਾਤੀ ਮਨੋਜ ਕੁਮਾਰ ਪੁੱਤਰ ਬਬਰਜੀਤ ਸਿੰਘ ਵਾਸੀ ਦਿਆਲਪੁਰਾ ਮਿਰਜਾ, ਹਵਾਲਾਤੀ ਹਰਕਮਲ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਬਠਿੰਡਾ ਅਤੇ ਹਵਾਲਾਤੀ ਅਮਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਚਾਹਲ ਨੇ ਕੇਂਦਰੀ ਜ਼ੇਲ੍ਹ ‘ਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ

ਸਹਾਇਕ ਸੁਪਰਡੈਂਟ ਮੁਤਾਬਿਕ ਉਕਤ ਗੈਂਗਸਟਰਾਂ ਤੇ ਹਵਾਲਾਤੀਆਂ ਨੇ ਅਜਿਹਾ ਕਰਕੇ ਜ਼ੇਲ੍ਹ ਨਿਯਮਾਂ ਦੀ ਉਲੰਘਣਾ ਤੋਂ ਇਲਾਵਾ ਅਧਿਕਾਰੀਆਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਨ੍ਹਾਂ ਜ਼ਖਮੀ ਗੈਂਗਸਟਰਾਂ ਅਤੇ ਹਵਾਲਾਤੀਆਂ ਨੂੰ ਕੱਲ੍ਹ ਪੁਲਿਸ ਨੇ ਜ਼ਖਮੀ ਹਾਲਤ ‘ਚ ਬਠਿੰਡਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਲਿਆਂਦਾ ਸੀ ਜਿੱਥੇ ਸਖਤ ਸੁਰੱਖਿਆ ਹੇਠ ਇੱਕ ਘੰਟਾ ਚੱਲੇ ਇਲਾਜ਼ ਮਗਰੋਂ ਮੁੜ ਜੇਲ੍ਹ ਭੇਜ ਦਿੱਤਾ ਗਿਆ ਸੀ

ਪਤਾ ਲੱਗਿਆ ਹੈ ਕਿ ਉਪਰੋਕਤ ਚਾਰੋਂ ਜਣੇ ਜ਼ੇਲ੍ਹ ‘ਚ ਬਣੇ ਸੀਕਰੇਟ ਸੈੱਲ ‘ਚ ਬੰਦ ਹਨ ਜਿੰਨ੍ਹਾਂ ਨੂੰ ਸੈੱਲ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਜਦੋਂ ਤੋਂ ਬਠਿੰਡਾ ਜ਼ੇਲ੍ਹ ‘ਚ ਸੀਆਰਪੀਐਫ਼ ਤਾਇਨਾਤ ਕੀਤੀ ਗਈ ਹੈ ਉਦੋਂ ਤੋਂ ਗੈਂਗਸਟਰਾਂ ਨੂੰ ਵੱਧ ਪ੍ਰੇਸ਼ਾਨੀ ਆ ਰਹੀ ਹੈ

ਸੂਤਰਾਂ ਮੁਤਾਬਿਕ ਇਹ ਚਾਰੋਂ ਜਣੇ ਮੰਗਲਵਾਰ ਨੂੰ ਬੈਰਕ ਤੋਂ ਬਾਹਰ ਘੁੰਮ ਰਹੇ ਸੀ ਤਾਂ ਸੀਆਰਪੀਐਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਬੈਰਕ ‘ਚ ਜਾਣ ਲਈ ਕਿਹਾ ਪਰ ਉਹ ਨਾ ਮੰਨੇ ਜਿਸ ਕਾਰਨ ਜਵਾਨਾਂ ਨਾਲ ਬਹਿਸ ਗਈ ਉਸ ਮਗਰੋਂ ਚਾਰਾਂ ਜਣਿਆਂ ਨੇ ਜ਼ੇਲ੍ਹ ਪ੍ਰਸ਼ਾਸ਼ਨ ‘ਤੇ ਦਬਾਅ ਬਣਾਉਣ ਲਈ ਇੱਕ ਯੋਜਨਾ ਤਹਿਤ ਆਪਣੇ-ਆਪਣੇ ਹੱਥਾਂ ਦੀਆਂ ਨਸਾਂ ਕੱਟ ਲਈਆਂ ਪੁਲਿਸ ਜਦੋਂ ਉਨ੍ਹਾਂ ਨੂੰ ਹਸਪਤਾਲ ਲੈ ਕੇ ਆਈ ਸੀ ਉਦੋਂ ਉਨ੍ਹਾਂ ਦੇ ਹੱਥਾਂ ‘ਤੇ ਕੱਟ ਲੱਗੇ ਹੋਏ ਸਨ ਥਾਣਾ ਕੈਂਟ ਪੁਲਿਸ ਨੇ ਸਹਾਇਕ ਸੁਪਰਡੈਂਟ ਨਵਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਉਪਰੋਕਤ ਵਿਅਕਤੀਆਂ ਖਿਲਾਫ਼ ਧਾਰਾ 353, 309, 34, 52 ਏ ਜ਼ੇਲ੍ਹ ਮੈਨੂਅਲ ਐਕਟ 1894 ਤਹਿਤ ਮਾਮਲਾ ਦਰਜ਼ ਕਰ ਲਿਆ ਹੈ

ਸੁਰਖੀਆਂ ‘ਚ ਹੀ ਰਹਿੰਦੀ ਹੈ ਬਠਿੰਡਾ ਜ਼ੇਲ੍ਹ

ਬਠਿੰਡਾ ਦੀ ਕੇਂਦਰੀ ਜ਼ੇਲ੍ਹ ਕੈਦੀਆਂ ਅਤੇ ਗੈਂਗਸਟਰਾਂ ਆਦਿ ਦੀਆਂ ਆਪਸੀ ਝੜਪਾਂ ਤੇ ਮੋਬਾਇਲ ਆਦਿ ਮਿਲਣ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ ਇਸ ਜ਼ੇਲ੍ਹ ‘ਚ ਕਰੀਬ 3 ਦਰਜ਼ਨ ਗੈਂਗਸਟਰ ਬੰਦ ਹਨ ਕੁੱਝ ਸਮਾਂ ਪਹਿਲਾਂ ਜ਼ੇਲ੍ਹ ‘ਚ ਬੰਦ ਗੈਂਗਸਟਰਾਂ ਵੱਲੋਂ ਮੋਬਾਇਲ ਰਾਹੀਂ ਫਿਰੌਤੀ ਮੰਗਣ ਅਤੇ ਸੋਸ਼ਲ ਮੀਡੀਆ ਅਪਡੇਟ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਬੀਤੇ ਦਿਨੀਂ ਇੱਕ ਜੇਲ੍ਹ ਵਾਰਡਨ ਨੂੰ ਹੀ ਜ਼ੇਲ੍ਹ ਅੰਦਰ ਸਿਗਰਟਾਂ ਅਤੇ ਜ਼ਰਦਾ ਲਿਜਾਣ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ