ਸਾਬਕਾ ਡੀਜੀਪੀ ਸੈਣੀ ਨੂੰ ਝਟਕਾ, ਨਹੀਂ ਮਿਲੀ ਹਾਈਕੋਰਟ ਤੋਂ ਰਾਹਤ

DGP Saini

ਦੋਵੇ ਅਰਜ਼ੀਆਂ ਖ਼ਾਰਜ਼,ਅਗਾਊਂ ਜ਼ਮਾਨਤ ਅਤੇ ਪੰਜਾਬ ਤੋਂ ਬਾਹਰ ਕਿਸੇ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਸੀ ਅਪੀਲ

ਚੰਡੀਗੜ (ਅਸ਼ਵਨੀ ਚਾਵਲਾ )। ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚ ਰਹੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨਾਲ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਵੱਲੋਂ ਸੁਮੇਧ ਸੈਣੀ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਾਰਜ਼ ਹੋਣ ਤੋਂ ਬਾਅਦ ਹੁਣ ਉਹ ਕੋਲ ਸੁਪਰੀਮ ਕੋਰਟ ਦਾ ਆਖ਼ਰੀ ਰਸਤਾ ਬਚ ਗਿਆ ਹੈ ਜਾਂ ਅਦਾਲਤ ਸਾਹਮਣੇ ਜਾਂ ਫਿਰ ਪੁਲਿਸ ਕੋਲ ਆਤਮ ਸਮਰਪਣ ਕਰਨਾ ਪਏਗਾ। ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਹੁਣ ਸੁਮੇਧ ਸੈਣੀ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਅਨੁਸਾਰ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਫਰਾਰ ਚਲ ਰਹੇ ਸੁਮੇਧ ਸੈਣੀ ਵਲੋਂ ਬੀਤੇ ਹਫ਼ਤੇ ਮੁਹਾਲੀ ਦੀ ਜਿਲਾ ਅਦਾਲਤ ਵਿੱਚ ਅਗਾਊ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਗਈ ਸੀ, ਜਿਥੇ ਉਨਾਂ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਸੈਣੀ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ। ਬੀਤੇ ਸੋਮਵਾਰ ਨੂੰ ਇਸ ਅਗਾਊ ਜ਼ਮਾਨਤ ਦੀ ਅਰਜ਼ੀ ਅਤੇ ਪੰਜਾਬ ਤੋਂ ਬਾਹਰ ਜਾਂਚ ਕਰਵਾਉਣ ਦੀ ਮੰਗ ‘ਤੇ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਦੋਵਾਂ ਪੱਖਾਂ ਵਿਚਾਲੇ ਤਿੱਖੀਬਹਿਸ ਹੋਈ।

ਸੋਮਵਾਰ ਨੂੰ ਕਾਫ਼ੀ ਲੰਮੀ ਬਹਿਸ ਤੋਂ ਬਾਅਦ ਹਾਈ ਕੋਰਟ ਦੇ ਜਸਟਿਸ ਫਤਿਹਦੀਪ ਸਿੰਘ ਵੱਲੋਂ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾ ਮੰਗਲਵਾਰ ਸਵੇਰੇ ਹੀ ਸੈਣੀ ਵੱਲੋਂ ਦਾਖ਼ਲ ਦੋਵਾਂ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਦੀ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਆਪਣੀਆਂ ਟੀਮਾਂ ਰਾਹੀਂ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਨੂੰ ਹੋਰ ਚੌਕਸ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕਈ ਸੂਬਿਆਂ ਵਿੱਚ ਸੁਮੇਧ ਸੈਣੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.