ਚੂਹੜੀਵਾਲਾ ਧੰਨਾ, ਤੇਲੂਪੁਰਾ,ਜੰਡਵਾਲਾ, ਸੱਪਾਂਵਾਲੀ ’ਚ ਸਥਿਤੀ ਖਰਾਬ
- ਲੋਕਾਂ ਦੇ ਘਰਾਂ ’ਚ ਵੜਿਆ ਮੀਂਹ ਦਾ ਪਾਣੀ, ਜ਼ਰੂਰੀ ਸਮਾਨ ਪਾਣੀ ‘ਚ ਡੁੱਬਿਆ
Abohar Flood News: (ਮੇਵਾ ਸਿੰਘ) ਅਬੋਹਰ। ਕੱਲ੍ਹ ਹੋਈ ਭਾਰੀ ਮੀਂਹ ਕਾਰਨ ਸਬ-ਡਵੀਜ਼ਨ ਦੇ ਪਿੰਡ ਚੂਹੜੀਵਾਲਾ ਧੰਨਾ ’ਚ ਹੜ ਵਰਗੀ ਸਥਿਤੀ ਪੈਦਾ ਹੋਣ ਦੇ ਨਾਲ-ਨਾਲ ਪਿੰਡ ਸੱਪਾਂਵਾਲੀ, ਜੰਡਵਾਲਾ ਅਤੇ ਤੇਲੂਪੁਰਾ ਵਿਚ ਪਿੰਡ ਦੀਆਂ ਨੀਵੀਆਂ ਗਲੀਆਂ ਤੇ ਘਰਾਂ ’ਚ ਪਾਣੀ ਦਾਖਲ ਹੋਣ ਨਾਲ ਜ਼ਰੂਰੀ ਸਾਮਾਨ ਬਰਸਾਤ ਦੇ ਪਾਣੀ ਵਿੱਚ ਡੁੱਬ ਗਿਆ। ਮੀਂਹ ਕਾਰਨ ਤਿੰਨ ਦਰਜਨ ਤੋਂ ਵੱਧ ਲੋਕਾਂ ਦੇ ਘਰ ਵੀ ਢਹਿ ਗਏ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਵੱਲ ਧਿਆਨ ਦੇਣ ਅਤੇ ਜਲਦੀ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ ਪਿੰਡ ਚੂਹੜੀਵਾਲਾ ਧੰਨਾ ਵਿਚ ਤਾਂ ਗਲੀਆਂ ਮੁਹੱਲੇ ਜਲ-ਥਲ ਹੋਏ ਪਏ ਹਨ। ਗਲੀਆਂ ਵਿੱਚ ਕਮਰ ਤੱਕ ਪਾਣੀ ਭਰਨ ਕਾਰਨ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਨਿਕਲਣ ਔਖਾ ਹੋ ਗਿਆ ਹੈ। ਇਸ ਸਬੰਧੀ ਪਿੰਡ ਦੀ ਮਹਿਲਾ ਸਰਪੰਚ ਧੰਨੀ ਦੇਵੀ ਨੇ ਦੱਸਿਆ ਕਿ ਇਸ ਮੀਂਹ ਕਾਰਨ ਭੀਮਸੇਨ ਪੁੱਤਰ ਮਹਾਵੀਰ, ਬਿਹਾਰੀ ਲਾਲ ਪੁੱਤਰ ਚਾਨਣਰਾਮ, ਗੀਤਾ ਪਤਨੀ ਰਾਮਸੇਵਕ, ਮਦਨ ਲਾਲ ਪੁੱਤਰ ਤਿਲੋਕਚੰਦ, ਮਹਿੰਦਰਾ ਪੁੱਤਰ ਆਤਮਾਰਾਮ, ਭਗਵਾਨਦਾਸ ਪੁੱਤਰ ਬੇਗਚੰਦ ਅਤੇ ਰਾਜਿੰਦਰ ਕੁਮਾਰ ਆਦਿ ਸਮੇਤ ਲਗਭਗ 30 ਲੋਕਾਂ ਦੇ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਡਿੱਗ ਗਈਆਂ ਅਤੇ ਉਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: Sanjay Verma Murder Case: ਸੰਜੇ ਵਰਮਾ ਕਤਲ ਕਾਂਡ ’ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
ਜਦੋਂਕਿ ਪਿੰਡ ਦੇ ਲਗਭਗ 100 ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਨੁਕਸਾਨ ਹੋਇਆ ਹੈ। ਪਿੰਡ ਵਿੱਚ ਭਾਰੀ ਪਾਣੀ ਭਰਨ ਬਾਰੇ ਪਵਨ ਕੁਮਾਰ ਨੇ ਕਿਹਾ ਕਿ ਭਾਰੀ ਮੀਂਹ ਦੌਰਾਨ ਉਨਾਂ ਦੇ ਪਿੰਡ ਦੀ ਇਹੀ ਸਥਿਤੀ ਅਕਸਰ ਹੁੰਦੀ ਹੈ। ਉਨਾਂ ਕਿਹਾ ਕਿ ਪਿਛਲੇ ਦਿਨ ਹੋਈ ਬਾਰਸ਼ ਤੋਂ ਬਾਅਦ ਉਨਾਂ ਦੇ ਪਿੰਡ ਦਾ ਛੱਪੜ ਲਗਭਗ ਪੂਰੀ ਤਰਾਂ ਭਰ ਗਿਆ ਹੈ। ਜੇਕਰ ਹੁਣ ਮੀਂਹ ਪੈਂਦਾ ਹੈ ਤਾਂ ਲੋਕਾਂ ਦੇ ਘਰ ਡੁੱਬ ਸਕਦੇ ਹਨ। ਉਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਡਿੱਗੇ ਘਰਾਂ ਦੀ ਗਿਰਦਾਵਰੀ ਜਲਦੀ ਕਰਵਾਈ ਜਾਵੇ ਅਤੇ ਇਸ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ ਤਾਂ ਜੋ ਪ੍ਰਭਾਵਿਤ ਲੋਕ ਆਪਣੇ ਘਰਾਂ ਦੀ ਮੁਰੰਮਤ ਕਰਵਾ ਸਕਣ। Abohar Flood News