ਫਿਲਮਕਾਰੀ ਤੇ ਸਿਆਸਤ

Politics

ਚਰਚਿਤ ‘ਦਿ ਕੇਰਲ ਸਟੋਰੀ’ ਫਿਲਮ ’ਤੇ ਪੱਛਮੀ ਬੰਗਾਲ ਸਰਕਾਰ ਨੇ ਇਸ ਫਿਲਮ ’ਤੇ ਪਾਬੰਦੀ ਲਾ ਦਿੱਤੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਸਰਕਾਰ ਨੇ ਇਸ ਫਿਲਮ ’ਤੇ ਪਾਬੰਦੀ ਲਾਈ ਸੀ। ਇਹ ਫਿਲਮ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਤੇ ਅਤੇ ਆਈਐਸਆਈਐਸ ਅੱਤਵਾਦੀ ਸੰਗਠਨ ’ਚ ਸ਼ਾਮਲ ਹੋਣ ਨਾਲ ਸਬੰਧਿਤ ਹੈ। ਇਸ ਤੋਂ ਪਹਿਲਾਂ ‘ਦ ਕਸ਼ਮੀਰ ਫਾਈਲਜ਼’ ਵੀ ਮੀਡੀਆ ’ਚ ਸੁਰਖੀਆਂ ਦਾ ਕਾਰਨ ਬਣੀ ਸੀ। ਅਸਲ ’ਚ ਦੇਸ਼ ਅੰਦਰ ਦੋ ਮੁੱਖ ਸਿਆਸੀ ਵਿਚਾਰਧਾਰਾਵਾਂ ਦਾ ਫੈਲਾਅ ਅਤੇ ਟਕਰਾਅ ਚੱਲ ਰਿਹਾ ਹੈ। ਕਾਂਗਰਸ ਅਤੇ ਭਾਜਪਾ ਦੋ ਸਿਆਸੀ ਤਾਕਤਾਂ ਦੇ ਨਾਲ-ਨਾਲ ਵਿਚਾਰਧਾਰਾਵਾਂ ਵੀ ਹਨ। (Politics)

ਦੋਵਾਂ ਪਾਰਟੀਆਂ ਵੱਲੋਂ ਸਿਆਸੀ ਜੰਗ ਦੇ ਨਾਲ-ਨਾਲ ਸਮਾਜਿਕ ਤੇ ਸੱਭਿਆਚਾਰਕ ਧਰਾਤਲ ’ਤੇ ਵੀ ਲੜਾਈ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਇਸ ਸਿਆਸੀ ਜੰਗ ’ਚ ਇਤਿਹਾਸ, ਕਲਾ , ਸੱਭਿਆਚਾਰ, ਸਿੱਖਿਆ ਵਰਗੇ ਮੁੱਦਿਆਂ ’ਤੇ ਵੀ ਮੋਰਚੇਬੰਦੀ ਚੱਲਦੀ ਰਹਿੰਦੀ ਹੈ। ਭਾਜਪਾ ਵਿਰੋਧੀ ਪਾਰਟੀਆਂ ਨੇ ਕੁਝ ਫਿਲਮਾਂ ਦੇ ਵਿਸ਼ਾ ਵਸਤੂ ’ਤੇ ਮੁੱਦਾ ਉਠਾਇਆ ਹੈ। ਅਸਲ ’ਚ ਫਿਲਮਾਂ ਦਾ ਸਬੰਧ ਮਨੁੱਖੀ ਮਨ ਤੇ ਸਮਾਜ ਨਾਲ ਹੈ। ਸਿਆਸਤ ਵੀ ਸਮਾਜ ਦਾ ਅਟੁੱਟ ਅੰਗ ਹੋਣ ਕਰਕੇ ਫਿਲਮਾਂ ਦਾ ਵਿਸ਼ਾ ਵਸਤੂ ਬਣਦੀ ਹੈ। (Politics)

ਇਹ ਵੀ ਪੜ੍ਹੋ : IPL ’ਚ ਅੱਜ ਇੱਕ-ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਕਰਨਗੇ ਪੰਜਾਬ ਤੇ ਰਾਜਸਥਾਨ

ਫਿਲਮਾਂ ਮਨੋਰੰਜਨ ਦਾ ਹਿੱਸਾ ਹਨ ਤੇ ਫਿਲਮਾਂ ਨੂੰ ਰਾਜਨੀਤੀ ਤੋਂ ਪੂਰੀ ਤਰ੍ਹਾਂ ਰਹਿਤ ਮੰਨਿਆ ਜਾਣਾ ਸੌਖਾ ਨਹੀਂ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਕੋਈ ਫਿਲਮ ਸਿਰਫ ਰਾਜਨੀਤਿਕ ਪ੍ਰਚਾਰ ਹੁੰਦੀ ਹੈ। ਫ਼ਿਲਮ ’ਚ ਰਜਨੀਤਿਕ ਮੁੱਦਾ ਆਉਣਾ ਕੋਈ ਮਾੜੀ ਗੱਲ ਨਹੀਂ ਪਰ ਰਾਜਨੀਤੀ ਦਾ ਦੂਜਾ ਨਾਂਅ ਵੀ ਨਹੀਂ। ਫਿਲਮ ’ਚ ਸਮਾਜ ਨੂੰ ਪੇਸ਼ ਕਰਨਾ ਕਲਾਕਾਰ ਦਾ ਧਰਮ ਹੈ ਭਾਵੇਂ ਉਸ ਵਿੱਚ ਧਾਰਮਿਕ ਜਾਂ ਸਿਆਸੀ ਪ੍ਰਸੰਗ ਵੀ ਕਿਉਂ ਨਾ ਹੋਵੇ, ਫ਼ਿਰ ਵੀ ਫਿਲਮ ਫ਼ਿਲਮ ਹੀ ਹੋਣੀ ਚਾਹੀਦੀ ਹੈ। ਸਮਾਜ ਦੇ ਹਾਲਾਤ ਮਨੁੱਖੀ ਮਨ ’ਤੇ ਅਸਰ ਪਾਉਂਦੇ ਹਨ ਤੇ ਇਹ ਹਾਲਾਤ ਮਨੁੱਖੀ ਮਨ ਰਾਹੀਂ ਕਲਾ, ਸਾਹਿਤ ਜਾਂ ਫ਼ਿਲਮ ਦੇ ਰੂਪ ’ਚ ਪ੍ਰਗਟ ਹੁੰਦੇ ਹਨ।

ਪੜਚੋਲ ਤੇ ਸਿਆਸੀ ਹਿੱਤਾਂ ਤੋਂ ਨਿਰਲੇਪ | Politics

ਕਲਾਕਾਰ ਨੂੰ ਮਾਨਵੀ ਸੰਵੇਦਨਾ ਦੇ ਪ੍ਰਗਟਾਅ ਤੋਂ ਰੋਕਣਾ ਕੁਦਰਤ ਤੇ ਸਮਾਜ ਵਿਰੋਧੀ ਵਰਤਾਰਾ ਹੈ। ਕਾਂਗਰਸ ਤੇ ਭਾਜਪਾ ਦੇ ਦਾਅਵਿਆਂ ’ਚ ਕੀ ਸੱਚਾਈ ਹੈ, ਇਹ ਸਿਆਸੀ ਚਰਚਾ ਦਾ ਵਿਸ਼ਾ ਹੈ ਪਰ ਇਹ ਜਿੰਮੇਵਾਰੀ ਫਿਲਮਾਂ ਦੇ ਲੇਖਕਾਂ, ਗੀਤਾਕਾਰਾਂ, ਸਕ੍ਰਿਪਟ ਰਾਈਟਰਾਂ, ਡਾਇਰੈਕਟਰਾਂ ਦੀ ਬਣਦੀ ਹੈ ਕਿ ਉਹ ਕਲਾ ਨੂੰ ਕਲਾ ਹੀ ਰੱਖਣ। ਭਾਵੇਂ ਫਿਲਮ ਦਾ ਵਿਸ਼ਾ ਸਿਆਸੀ ਮੁੱਦਾ ਵੀ ਕਿਉਂ ਨਾ ਹੋਵੇ ਫਿਲਮ ਇਤਿਹਾਸਕ ਸਮੱਗਰੀ, ਤੱਥਾਂ ਦੀ ਪੜਚੋਲ ਤੇ ਸਿਆਸੀ ਹਿੱਤਾਂ ਤੋਂ ਨਿਰਲੇਪ ਹੋਵੇ ਤਾਂ ਕਿ ਫਿਲਮ ਦਰਸ਼ਕ ਨੂੰ ਆਪਣੇ ਕਲਾਮਈ ਢੰਗ ਨਾਲ ਅਸਰਦਾਰ ਸੰਦੇਸ਼ ਦੇ ਸਕੇ।

ਕਲਾ ਸਿਆਸੀ ਮਨੋਰਥ ਤੋਂ ਰਹਿਤ ਹੁੰਦੀ ਹੈ ਇਸ ਦਾ ਸਰੋਕਾਰ ਮਨੱੁਖੀ ਹਿਰਦੇ ਦੀਆਂ ਸੰਵੇਦਨਾਵਾਂ ਨਾਲ ਹੈ ਜੋ ਕਿਸੇ ਪਾਰਟੀ, ਸੰਗਠਨ, ਵਿਚਾਰਧਾਰਾ ਦੇ ਦਾਇਰੇ ਤੋਂ ਉਪਰ ਉਠ ਕੇ ਦੇਸ਼ ਕਾਲ ਦੀਆਂ ਹੱਦਾਂ ਤੋਂ ਵੀ ਪਾਰ ਹੁੰਦਾ ਹੈ। ਇਹ ਸਮਰੱਥਾ ਹੀ ਕਲਾ ਦੀ ਅਮੀਰੀ ਤੇ ਅਮਰਤਵ ਦਾ ਆਧਾਰ ਹੁੰਦੀ ਹੈ। ਆਪਣੇ ਇਹਨਾਂ ਗੁਣਾਂ ਤੇ ਵਿਲੱਖਣਤਾ ਨਾਲ ਹੀ ਕਲਾ ਹਜ਼ਾਰਾਂ ਸਾਲ ਬਾਅਦ ਵੀ ਜਿਉਂਦੀ ਰਹਿੰਦੀ ਹੈ। ਕਲਾ ’ਤੇ ਥੋਪਿਆ ਗਿਆ ਸੰਦੇਸ਼ ਦਰਸ਼ਕਾਂ ਦੀ ਚੇਤਨਾ ’ਚ ਸਥਾਈ ਟਿਕਾਣਾ ਨਹੀਂ ਬਣਾ ਸਕਦਾ।