ਵਧ ਰਹੇ ਤਕਰਾਰ ਕਾਰਨ ਅੰਦੋਲਨ ਨੂੰ 6 ਜੂਨ ਤੱਕ ਕੀਤਾ ਸੀਮਿਤ
- ਹੜਤਾਲ ਕਾਰਨ ਸਮਾਜ ਦੇ ਦੂਜੇ ਵਰਗਾਂ ‘ਚ ਕਿਸਾਨਾਂ ਪ੍ਰਤੀ ਸਖ਼ਤ ਨਰਾਜ਼ਗੀ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼) ਕਿਸਾਨਾਂ ਦਾ ਦੋਧੀਆਂ ਅਤੇ ਦੁਕਾਨਾਂਦਾਰਾਂ ਨਾਲ ਹੋ ਰਹੇ ਤਕਰਾਰਾਂ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਹੜਤਾਲ ਤੋਂ ਪੈਰ ਪਿੱਛੇ ਖਿੱਚ ਲਏ ਹਨ ਕਿਸਾਨੀ ਮੰਗਾਂ ਸਬੰਧੀ ਦੇਸ਼ ਭਰ ‘ਚ ਕਿਸਾਨਾਂ ਵੱਲੋਂ 1 ਜੂਨ ਤੋਂ 10 ਜੂਨ ਤੱਕ ਕੀਤੇ ਜਾ ਰਹੇ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਨੇ 6 ਜੂਨ ਤੋਂ ਹੀ ਸੂਬੇ ਅੰਦਰ ਅੰਦੋਲਨ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਹ ਪ੍ਰਗਟਾਵਾ ਅੱਜ ਵੱਖ-ਵੱਖ ਕਿਸਾਨ ਜਥੇਬਦੀਆਂ ਦੀ ਸਥਾਨਕ ਸਰਕਟ ਹਾਊਸ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੁਖੀ ਬਲਵੀਰ ਸਿੰਘ ਰਾਜੇਵਾਲ ਨੇ ਭਾਵੇਂ ਹੜਤਾਲ ਦੇ ਸ਼ਾਂਤਮਈ ਢੰਗ ਨਾਲ ਚੱਲਣ ਦਾ ਦਾਅਵਾ ਕੀਤਾ ਪਰ ਅਸਲ ‘ਚ ਚਰਚਾ ਇਹ ਹੈ ਕਿ ਹੜਤਾਲ ਦੇ ਨਾਂਅ ‘ਤੇ ਦੁੱਧ ਡੋਲਣ ਅਤੇ ਸ਼ਹਿਰਾਂ ‘ਚ ਦੁਕਾਨਾਂ ‘ਤੇ ਹਮਲੇ ਕਰਨ ਦੀਆਂ ਘਟਨਾਵਾਂ ਨਾਲ ਸਮਾਜ ਦੇ ਦੂਜੇ ਵਰਗਾਂ ‘ਚ ਕਿਸਾਨਾਂ ਪ੍ਰਤੀ ਸਖ਼ਤ ਨਰਾਜ਼ਗੀ ਪੈਦਾ ਹੋਈ ਹੈ ਰਾਜੇਵਾਲ ਨੇ ਦਾਅਵਾ ਕੀਤਾ ਕਿ ਪੀਡੀਐਫਏ (ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ) ਤੇ ਦੁੱਧ ਉਤਪਾਦਕਾਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ‘ਤੇ ਵਿਚਾਰ ਕੀਤਾ ਗਿਆ।
ਉਹਨਾਂ ਕਿਹਾ ਕਿ ਹੁਣ ਤੱਕ ਪੀਡੀਐਫਏ ਤੇ ਦੁੱਧ ਉਤਪਾਦਕਾਂ ਤੇ ਸਮੁੱਚੇ ਕਿਸਾਨਾਂ ਵਲੋਂ ਸੰਘਰਸ਼ ਵਿੱਚ ਸ਼ਾਂਤਮਈ ਢੰਗ ਨਾਲ ਭਾਗ ਲਿਆ ਗਿਆ ਹੈ, ਜਿਸ ਲਈ ਉਸ ਸਾਰੇ ਆਗੂਆਂ ਦੇ ਧੰਨਵਾਦੀ ਹਨ। ਉਹਨਾਂ ਇਸ ਗੱਲ ਦੀ ਨਿੰਦਾ ਵੀ ਕੀਤੀ ਕਿ ਸਰਕਾਰ ਵੱਲੋਂ ਵੱਖ-ਵੱਖ ਢੰਗਾਂ ਰਾਹੀਂ ਸੰਘਰਸ਼ ਨੂੰ ਦਬਾਉਣ ਦੀ ਕੋਸਿਸ਼ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਅੰਦੋਲਨ ਦੀ ਸਫਲਤਾ ਨੂੰ ਦੇਖ ਕੇ ਘਬਰਾਅ ਗਈ ਹੈ। ਇਸੇ ਕਰਕੇ ਪੀਡੀਐਫਏ ਦੀ ਬੇਨਤੀ ਕਰਕੇ ਪੰਜਾਬ ਅੰਦਰ ਇਸ ਅੰਦੋਲਨ ਨੂੰ 10 ਜੂਨ ਦੀ ਥਾਂ 6 ਜੂਨ ਨੂੰ ਸਮਾਪਤ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ 6 ਜੂਨ ਨੂੰ ਮੱਧ ਪ੍ਰਦੇਸ਼ ਵਿੱਚ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਹੀ ਇਹ ਅੰਦੋਲਨ ਸਮਾਪਤ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਅੰਦਰ ਕੋਝੀਆਂ ਚਾਲਾਂ ਚੱਲ ਕੇ ਸਰਕਾਰਾਂ ਭਰਾ ਨੂੰ ਭਰਾ ਨਾਲ ਲੜਾਉਣਾ ਚਾਹੁੰਦੀ ਹੈ। ਇਸ ਕਰਕੇ ਇਸ ਅੰਦੋਲਨ ਦਾ ਕਈ ਹੋਰ ਗਲਤ ਲਾਭ ਨਾ ਉਠਾ ਸਕੇ ਅੰਦੋਲਨ ਸਮੇਂ ਤੋਂ ਪਹਿਲਾਂ ਵਾਪਸ ਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਸਬੰਧੀ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਇਸੇ ਦੌਰਾਨ ਉਹਨਾਂ ਵੱਲੋਂ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਦੀ ਟਿੱਪਣੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਸਿੱਧਪੁਰ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਇੰਡੀਅਨ ਫਾਰਮਰਜ਼ ਐਸੋਸੀਏਸ਼ਨ, ਪ੍ਰੋਗਰੈਸਵਿ ਡੇਅਰੀ ਫਾਰਮਰਜ਼ ਐਸੋਸੀਏਸ਼ਨ ਸ਼ਾਮਲ ਸਨ।