ਅਮਰਿੰਦਰ ਵੱਲੋਂ ਕਰਜ਼ਾ ਮਾਫੀ ਸਕੀਮ ਸ਼ੁਰੂ

Farmers, Debt, Waiver, Capt. Amarinder Singh, CM, Punjab

46,555 ਕਿਸਾਨਾਂ ਦਾ 167.39 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਦਸਤਾਵੇਜ਼ ਜਾਰੀ

  • ਮੁੱਖ ਮੰਤਰੀ ਨੇ ਸੂਬੇ ਦੀ ਆਰਥਿਕ ਹਾਲਤ ਨੂੰ ਪਹਿਲਾਂ ਨਾਲੋਂ ਵੀ ਮਾੜਾ ਮੰਨਿਆ
  • ਬਾਦਲ ਦੀ ਤਸਵੀਰ ਦਾ ਵਿਰੋਧ ਕਰਨ ਵਾਲੇ ਕਾਂਗਰਸ ਨੇ ਵੀ ਸਰਟੀਫਿਕੇਟ ‘ਤੇ ਛਾਪੀ ਅਮਰਿੰਦਰ ਦੀ ਤਸਵੀਰ

ਮਾਨਸਾ (ਸੁਖਜੀਤ ਮਾਨ)। ਅਕਾਲੀ-ਭਾਜਪਾ ਹਕੂਮਤ ਦੌਰਾਨ ਬਾਦਲਾਂ ਵੱਲੋਂ ਭਲਾਈ ਸਕੀਮਾਂ ਵਾਲੇ ਕਾਰਡਾਂ ਅਤੇ ਖੇਡ ਕਿੱਟਾਂ ਆਦਿ ‘ਤੇ ਲਗਾਈਆਂ ਜਾਂਦੀਆਂ ਫੋਟੋਆਂ ਦੀ ਨਿੰਦਿਆਂ ਕਰਨ ਵਾਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਕਰਜ਼ਾ ਮੁਆਫੀ ਯੋਜਨਾ ਦੀ ਸ਼ੁਰੂਆਤ ਆਪਣੀ ਫੋਟੋ ਵਾਲੇ ਸਰਟੀਫਿਕੇਟ ਵੰਡ ਕੇ ਕਰ ਦਿੱਤੀ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਸੰਕੇਤ ਰੂਪ ਵਿੱਚ ਮਾਨਸਾ, ਬਠਿੰਡਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਦੇ 10 ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡ ਕੇ ਸਕੀਮ ਦੀ ਸ਼ੁਰੂਆਤ ਕੀਤੀ ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ 701 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸੋਸਾਇਟੀਆਂ ਕੋਲੋਂ ਤਕਰੀਬਨ 47,000 ਕਿਸਾਨਾਂ ਨੇ ਕਰਜ਼ਾ ਲਿਆ ਹੈ। ਇਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਇਹ ਪੈਸਾ ਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਬਰਨਾਲਾ ਦੇ ਇੱਕ ਕਿਸਾਨ ਵੱਲੋਂ ਕੱਲ੍ਹ ਕੀਤੀ ਗਈ ਖੁਦਕੁਸ਼ੀ ਦਾ ਜ਼ਿਕਰ ਕੀਤਾ, ਜਿਸ ਬਾਰੇ ਵਿਰੋਧੀ ਪਾਰਟੀਆਂ ਅਤੇ ਕੁਝ ਕਿਸਾਨ ਯੂਨੀਅਨਾਂ ਨੇ ਪ੍ਰਚਾਰ ਕੀਤਾ ਸੀ ਕਿ ਉਸ ਕਿਸਾਨ ਨੇ ਖੁਦਕੁਸ਼ੀ ਕਰਜ਼ਾ ਮੁਆਫੀ ਸੂਚੀ ‘ਚ ਆਪਣਾ ਨਾਂਅ ਨਾ ਹੋਣ ਕਾਰਨ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਕਿਸਾਨ ਦਾ ਨਾਂਅ ਸੂਚੀ ਵਿੱਚ ਸ਼ਾਮਲ ਸੀ।

ਇਹ ਵੀ ਪੜ੍ਹੋ : ਕੁਝ ਘੰਟਿਆਂ ਲਈ ਮਾਨਸਾ ਬਣੇਗਾ ਚੰਡੀਗੜ੍ਹ !

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜੋ ਦੇਣ ਦੇ ਸਮਰੱਥ ਹੈ, ਉਹ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਵੱਡਾ ਵਿੱਤੀ ਸੰਕਟ ਦਰਪੇਸ਼ ਹੈ ਅਤੇ ਚੋਣਾਂ ਤੋਂ ਪਹਿਲੋਂ ਕਾਂਗਰਸ ਵੱਲੋਂ ਲਾਏ ਗਏ ਅਨੁਮਾਨ ਨਾਲੋਂ ਵੀ ਇਹ ਸੰਕਟ ਜ਼ਿਆਦਾ ਡੂੰਘਾ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਕਰਜ਼ਾ ਮੁਆਫੀ ਸਕੀਮ ਲਾਗੂ ਕਰਨ ਲਈ ਰਾਹ ਕੱਢਿਆ ਹੈ ਜਿਸ ਬਾਰੇ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਸੀ। ਮੁੱਖ ਮੰਤਰੀ ਨੇ ਇਸ ਮੌਕੇ ਮਾਨਸਾ, ਬਠਿੰਡਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਦੇ 10 ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਦਿੱਤੇ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ 701 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸੋਸਾਇਟੀਆਂ ਕੋਲੋਂ ਤਕਰੀਬਨ 47,000 ਕਿਸਾਨਾਂ ਨੇ ਕਰਜ਼ਾ ਲਿਆ ਹੈ। ਇਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਇਹ ਪੈਸਾ ਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਸਕੀਮ ਦੀ ਸ਼ੁਰੂਆਤ ਉਨ੍ਹਾਂ ਕਿਸਾਨੀ ਸਮੱਸਿਆਵਾਂ ਦੇ ਹੱਲ ਕਰਨ ਪ੍ਰਤੀ ਇਕ ਕਦਮ ਹੈ ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਪਹਿਲੇ ਪੜਾਅ ਦੌਰਾਨ 5.63 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ, ਜਿਨ੍ਹਾਂ ਨੂੰ 2700 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਵਾਈ ਜਾਵੇਗੀ। ਕੁਝ ਤਕਨੀਕੀ ਨੁਕਸਾਂ ਕਾਰਨ ਕੁਝ ਕਿਸਾਨ ਇਸ ਸਕੀਮ ‘ਚੋਂ ਬਾਹਰ ਰਹਿ ਜਾਣ ਦੀ ਗੱਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਵੀ ਸੁਲਝਾਇਆ ਜਾ ਰਿਹਾ ਹੈ ਅਤੇ ਜਿਨ੍ਹਾਂ ਦੀਆਂ ਅਜੇ ਵੀ ਕਿਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਹਨ ਉਹ ਸਬੰਧਿਤ ਐਸ.ਡੀ.ਐਮ. ਜਾਂ ਡੀ.ਸੀ. ਕੋਲ ਪਹੁੰਚ ਕਰ ਸਕਦੇ ਹਨ।

ਇਹ ਵੀ ਪੜ੍ਹੋ : ਜਦੋਂ ਮੁੱਖ ਮੰਤਰੀ ਨੇ ਕਿਹਾ ਲੋਕਾਂ ਦਾ ਇੱਕ ਰੁਪੱਈਆ ਖਾਧਾ ਵੀ ਮੇਰੇ ਲਈ ਸਲਫਾਸ ਖਾਣ ਬਰਾਬਰ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਘਟੀਆ ਸਿਆਸਤ ਖੇਡਦੇ ਰਹੇ ਜਦਕਿ ਕੈਪਟਨ ਸਰਕਾਰ ਨੇ ਇਸ ਪ੍ਰਤੀ ਆਪਣੀ ਪੂਰੀ ਵਚਨਬੱਧਤਾ ਅਤੇ ਸੰਜੀਦਗੀ ਨੂੰ ਪ੍ਰਗਟਾਇਆ ਹੈ। ਆਪਣੇ ਸਵਾਗਤੀ ਭਾਸ਼ਣ ਵਿੱਚ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਦੀ ਮਾੜੀ ਵਿੱਤੀ ਸਿਹਤ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੀ ਕੀਤੀ ਵਚਨਬੱਧਤਾ ਨੂੰ ਪੂਰਾ ਕੀਤਾ ਹੈ।

ਇਸ ਮੌਕੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਕੈਬਨਿਟ ਮੰਤਰੀਆਂ ਦੀ ਸਮੁੱਚੀ ਟੀਮ ਅਤੇ ਪਾਰਟੀ ਵਿਧਾਇਕ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਨ। ਇਸ ਮੌਕੇ ਮੁੱਖ ਮੰਤਰੀ ਨੇ 16,000 ਕਿਲੋਮੀਟਰ ਲੰਮੀਆਂ ਸੰਪਰਕ ਸੜਕਾਂ ਦੀ ਮਰੰਮਤ ਅਤੇ ਪੱਧਰ ਉੱਚਾ ਚੁੱਕਣ ਵਾਲੇ ਇਕ ਵਿਸ਼ਾਲ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਉੱਤੇ 2000 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਪ੍ਰੋਜੈਕਟ ਪੰਜਾਬ ਮੰਡੀ ਬੋਰਡ ਵੱਲੋਂ ਚਲਾਇਆ ਜਾਵੇਗਾ ਅਤੇ 31 ਮਾਰਚ 2019 ਤੱਕ ਮੁਕੰਮਲ ਹੋਵੇਗਾ।

ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸਾਧੂ ਸਿੰਘ ਧਰਮਸੋਤ, ਅਰੁਣਾ ਚੌਧਰੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਹਲਕਾ ਮਾਨਸਾ ਦੀ ਇੰਚਾਰਜ ਡਾ. ਮਨੋਜ ਬਾਲਾ, ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ਵਿਧਾਇਕ, ਆਗੂ ਅਤੇ ਵਰਕਰ ਸ਼ਾਮਲ ਸਨ।