ਧਨੀਏ ਦੀ ਸਫਲ ਕਾਸ਼ਤ ਨਾਲ ਧਨੀ ਬਣ ਸਕਦੇ ਨੇ ਕਿਸਾਨ

ਸਬਜ਼ੀਆਂ ਦੇ ਹਾਈਬਰੀਡ ਬੀਜਾਂ ਦੀ ਵਰਤੋ ਤੇਜ਼ੀ ਨਾਲ ਵਧੀ

ਅਮਰੀਕਾ ਜਾਂ ਯੂਰਪ ਵਾਲੇ ਭਾਰਤੀਆਂ ਵੱਲੋਂ ਉੱਥੋਂ ਦੀਆਂ ਸੁਪਰ ਮਾਰਕੀਟਾਂ ਵਿੱਚ ਪਈਆਂ ਸਬਜ਼ੀਆਂ ਵੇਖ ਕੇ ਹੈਰਾਨ ਹੋਣਾ ਸੁਭਾਵਿਕ ਹੀ ਹੈ, ਪਰ ਵਤਨ ਪਰਤਨ ’ਤੇ ਉਹ ਮੰਨਦੇ ਹਨ ਕਿ ਭਾਰਤੀ ਸਬਜੀਆਂ ਕਮਜ਼ੋਰ ਤੇ ਬਦਰੰਗ ਜਿਹੀਆਂ ਲੱਗਣ ਦੇ ਬਾਵਜੂਦ ਵੀ ਸੁਆਦਲੀਆਂ ਹੁੰਦੀਆਂ ਹਨ। ਇਸ ਦੇ ਬਾਵਜੂਦ ਮੈਹੀਕੋ ਵਰਗੀਆਂ ਕੰਪਨੀਆਂ ਹਾਈ ਬਰੀਡ ਅਤੇ ਜੀ. ਐਮ. ਬੀਜ਼ਾਂ ਦੀ ਵਰਤੋ ਨੂੰ ਉਤਸਾਹਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਅਤੇ ਇਹ ਪ੍ਰਚਾਰ ਕਰ ਰਹੀਆਂ ਹਨ ਕਿ ਇਨਾਂ ਬੀਜਾਂ ਦੀ ਵਰਤੋ ਸਦਕਾ ਭਾਰਤੀ ਮਾਰਕੀਟ ਵਿੱਚ ਵੀ ਅਮਰੀਕੀ ਮਾਰਕੀਟ ਵਿੱਚ ਮਿਲਦੀਆਂ ਸਬਜੀਆਂ ਵਰਗੀਆਂ ਸਬਜੀਆਂ ਨਜ਼ਰ ਆਉਣ ਲੱਗਣਗੀਆਂ। ਹਾਈਬਰੀਡ ਬੀਜ਼ ਪੈਦਾ ਕਰਨ ਵਾਲੀਆਂ ਕੰਪਨੀਆਂ ਦਾ ਦਾਅਵਾ ਹੈ ਕਿ ਉਹ ਇਨਾਂ ਬੀਜਾਂ ਰਾਹੀਂ ਜਿੱਥੇ ਭਾਰਤ ਦਾ ਖੁਰਾਕੀ ਸ਼ੰਕਟ ਦੂਰ ਕਰਨ ਵਿੱਚ ਮੱਦਦ ਕਰ ਰਹੀਆਂ ਹਨ, ਉੱਥੇ ਹੀ ਕਾਸ਼ਤਕਾਰਾਂ ਦੀ ਆਮਦਨ ਵੀ ਵਧਾ ਰਹੀਆਂ ਹਨ।

ਭਾਰਤੀ ਬੀਜ ਮੰਡੀ ਛੇ ਤੋਂ ਸੱਤ ਹਜਾਰ ਕਰੋੜ ਰੁਪਏ ਦੇ ਵਿਚਕਾਰ ਹੈ ਅਤੇ ਇਹ ਕੰਪਨੀਆਂ ਇਸ ਮਾਰਕੀਟ ਵਿੱਚ ਆਪਣੀ ਮੌਜੂਦਗੀ ਤੇ ਦਬਦਬਾ ਲਗਾਤਾਰ ਵਧਾਉਦੀਆਂ ਜਾ ਰਹੀਆਂ ਹਨ। ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੀ ਕਮਾਈ ਵਿੱਚ ਵਾਧਾ ਹੋਵੇ। ਬੇਸੱਕ, ਉਹ ਦੇਸੀ ਬੀਜਾਂ ਦੀ ਥਾਂ ਹਾਈਬਰੀਡ ਬੀਜਾਂ ਨੂੰ ਤਰਜੀਹ ਦਿੰਦਾ ਹੈ। ਮੈਹੀਕੋ ਦਾ ਹੀ ਦਾਅਵਾ ਸੀ ਕਿ ਇਸ ਦੇ ਹਾਈਬਰੀਡ ਬੀਜਾਂ ਵਾਲੀਆਂ ਫਸਲਾਂ 30 ਫੀਸਦੀ ਤੋਂ ਵੱਧ ਝਾੜ ਦਿੰਦੀਆਂ ਹਨ ਅਤੇ ਕਾਸ਼ਤਕਾਰਾਂ ਨੂੰ ਕੀਟਨਾਸਕਾਂ ਦੀ ਘੱਟ ਵਰਤੋ ਕਰਨੀ ਪੈਂਦੀ ਹੈ। ਹਾਈਬਰੀਡ ਬੀਜਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਅਜਿਹੇ ਬੀਜ ਇੱਕ ਵਾਰ ਵਧੀਆ ਝਾੜ ਦਿੰਦੇ ਹਨ। ਇਨਾਂ ਬੀਜਾਂ ਤੋਂ ਤਿਆਰ ਫਸਲ ਤੋਂ ਮਿਲੇ ਬੀਜ ਦੀ ਵਰਤੋ ਕਰਨ ’ਤੇ ਝਾੜ ਕਾਫੀ ਘਟ ਜਾਦਾ ਹੈ।

ਤੀਸਰੀ ਵਾਰ ਤਾਂ ਫਸਲ ਨਾਂ ਮਾਤਰ ਹੀ ਹੁੰਦੀ ਹੈ। ਸਬਜੀਆਂ ਦੇ ਕਾਸ਼ਤਕਾਰਾਂ ਨੂੰ ਹਰ ਵਾਰੀ ਨਵਾਂ ਬੀਜ ਖਰੀਦਣਾ ਪੈਂਦਾ ਹੈ ਜਦੋਂ ਕਿ ਦੇਸੀ ਬੀਜਾਂ ਦੇ ਮਾਮਲੇ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ। ਉਨਾਂ ਦੀ ਹਰ ਫਸਲ ਤੋਂ ਨਵਾਂ ਬੀਜ਼ ਤਿਆਰ ਹੋ ਜਾਂਦਾ ਹੈ। ਝਾੜ ਵੱਧ ਮਿਲਣ ਦੇ ਬਾਵਜੂਦ ਹਾਈਬਰੀਡ ਬੀਜ਼ ਲੰਬੇ ਸਮੇਂ ਲਈ ਬੱਚਤਕਾਰੀ ਨਹੀਂ ਹਨ। ਫਿਰ ਵੀ ਇੱਕ ਗੱਲ ਵੇਖੀ ਗਈ ਹੈ ਕਿ ਹਾਈਬਰੀਡ ਬੀਜਾਂ ਦਾ ਰੁਝਾਨ ਤੇਜੀ ਨਾਲ ਵਧ ਰਿਹਾ ਹੈ ਅਤੇ ਦੇਸੀ ਬੀਜਾਂ ਦੀ ਵਰਤੋ ਹਰ ਸਾਲ ਘਟ ਰਹੀ ਹੈ। ਦੇਸੀ ਬੀਜ ਵੇਚਣ ਵਾਲੀਆਂ ਕੰਪਨੀਆਂ ਵੀ ਬਜਾਰ ’ਚੋਂ ਗਾਇਬ ਹੁੰਦੀਆਂ ਜਾ ਰਹੀਆਂ ਹਨ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸਿਮਲਾ ਮਿਰਚ ਵਿੱਚੋਂ ਨਾ ਸੁਗੰਧ ਆਵੇਗੀ ਅਤੇ ਨਾ ਹੀ ਪਹਿਲਾਂ ਵਰਗੀ ਸੁਆਦਲੀ ਰਹੇਗੀ। ਇਹੋ ਕੁਝ ਦੇਸੀ ਮਟਰਾਂ ਬਾਰੇ ਵੀ ਕਿਹਾ ਜਾ ਸਕਦਾ ਹੈ ਜਿਨਾਂ ਦੀ ਮਿਠਾਸ ਤੇ ਨਰਮ ਛਿਲਕਾ ਪਿਛਲੇ ਪੰਜ ਸਾਲਾਂ ਦੌਰਾਨ ਲੱਗਭੱਗ ਗਾਇਬ ਹੀ ਹੋ ਗਿਆ ਹੈ।

ਕਈ ਲੋਕ ਘਰਾਂ ਵਿੱਚ ਫਲੀਆਂ ਵਿਚੋਂ ਮਟਰਾਂ ਦੇ ਦਾਣੇ ਕੱਢਦਿਆਂ ਉਨਾਂ ਨੂੰ ਨਾਲੋ-ਨਾਲ ਕੱਚੇ ਹੀ ਖਾ ਜਾਇਆ ਕਰਦੇ ਸਨ। ਹੁਣ ਮਟਰ ਦਾ ਦਾਣਾ ਮੂੰਹ ਵਿੱਚ ਜਾਂਦਿਆਂ ਹੀ ਪੱਕੇ ਹੋਣ ਦਾ ਅਹਿਸਾਸ ਹੁੰਦਾ ਹੈ। ਇਹ ਸਭ ਹਾਈਬਰੀਡ ਬੀਜਾਂ ਦਾ ਕਮਾਲ ਹੈ।
ਪਿਛਲੇ ਸਾਲਾਂ ਦੌਰਾਨ ਬੀ. ਟੀ. ਬੈਗਣ ਦੇ ਮਾਮਲੇ ਨੂੰ ਲੈ ਕੇ ਖੜੇ ਹੋਏ ਵਿਵਾਦ ਕਾਰਨ ਗੋਭੀ ਅਤੇ ਟਮਾਟਰ ਵਰਗੀਆਂ ਹੋਰ ਵੀ ਕਈ ਸਬਜੀਆਂ ਦਾ ਬਚਾਉ ਹੋ ਗਿਆ। ਇਸ ਦੇ ਨਾਲ ਹੀ ਖਾਧ ਸੁਰੱਖਿਆ ਦੇ ਮੱਦੇ ਨਜਰ ਜੀ.ਐਮ.ਫਸਲਾਂ ਨੂੰ ਤਿਆਰ ਕਰਨ ਦੀ ਯੋਜਨਾ ਵੀ ਖਤਮ ਹੋ ਗਈ ਹੈ। ਰਾਜ ਸਰਕਾਰਾਂ ਵੱਲੋ ਕੀਤੇ ਸਖ਼ਤ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੂੰ ਬੀ.ਟੀ.ਬੈਗਣ ਦੀ ਖੋਜ ਦਾ ਮਾਮਲਾ ਠੰਡੇ ਬਸਤੇ ਵਿੱਚ ਪਾਉਣਾ ਪਿਆ।

ਇਸ ਦੇ ਨਾਲ ਹੀ ਬੀ.ਟੀ. ਟਮਾਟਰ,ਫੁੱਲ ਗੋਭੀ, ਅਤੇ ਚੌਲਾਂ ਦੀਆਂ ਕਈ ਕਿਸਮਾਂ ਨੂੰ ਤਿਆਰ ਕਰਨ ਵਾਲਾ ਕੰਮ ਵੀ ਅੱਧ ਵਿਚਕਾਰ ਲਟਕ ਗਿਆ ਸੀ। ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਖੇਤੀ ਰਾਜ ਮੰਤਰੀ ਪ੍ਰੋ. ਕੇ ਵੀ ਥਾਮਸ ਨੇ ਮੰਨਿਆ ਸੀ ਕਿ ਵਿਦੇਸੀ ਕੰਪਨੀਆਂ ਵੱਲੋ ਤਿਆਰ ਬੀ. ਟੀ. ਬੀਜਾਂ ਦਾ ਜਿਆਦਾਤਰ ਰਾਜਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸਰਕਾਰ ਨੇ ਅਗਲੀਆਂ ਸਾਰੀਆਂ ਕਾਰਵਾਈਆਂ ਬੰਦ ਕਰ ਦਿੱਤੀਆਂ ਹਨ। ਆਂਧਰਾ ਪ੍ਰਦੇਸ, ਛੱਤੀਸਗੜ, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਉੜੀਸਾ, ਤਾਮਿਲਨਾਡੂ, ਮੱਧ ਪ੍ਰਦੇਸ ਅਤੇ ਹਿਮਾਚਲ ਪ੍ਰਦੇਸ ਆਦਿ ਨੇ ਬੀ. ਟੀ. ਬੀਜਾਂ ਦਾ ਸਖਤ ਵਿਰੋਧ ਕੀਤਾ ਸੀ। ਇਸ ਤੋਂ ਬਿਨਾਂ ਕੇਰਲ ਅਤੇ ਉਤਰਾਖੰਡ ਸਰਕਾਰ ਨੇ ਵੀ ਇਨਾਂ ਬੀਜਾਂ ਦਾ ਵਿਰੋਧ ਕੀਤਾ ਸੀ।

ਪੰਜਾਬ ਦੇ ਕਿਸਾਨ ਹੋਰਨਾਂ ਸ਼ਬਜੀਆਂ ਦੀ ਕਾਸ਼ਤ ਕਰਨ ਦੇ ਨਾਲ ਹੀ ਧਨੀਏ ਦੀ ਸਫਲ ਕਾਸ਼ਤ ਕਰਕੇ ਧਨੀ ਬਣ ਸਕਦੇ ਹਨ ਕਿਉਕਿ ਤਿੰਨ ਕੁ ਮਹੀਨੇ ਚੱਲਣ ਵਾਲੀ ਇਹ ਫਸਲ ਕਿਸਾਨਾਂ ਨੂੰ ਬਹੁਤ ਜਿਆਦਾ ਆਮਦਨ ਦੇ ਸਕਦੀ ਹੈ। ਮੰਡੀ ਵਿੱਚ ਧਨੀਏ ਦੇ ਭਾਅ ’ਚ ਆਉਣ ਵਾਲੇ ਉਤਰਾਅ-ਚੜਾਅ ਕਾਰਨ ਘਾਟੇ ਦਾ ਸੌਦਾ ਤਾਂ ਸਾਬਤ ਹੁੰਦੀ ਹੀ ਨਹੀ ਕਿਉਕਿ ਇੱਕ ਲੱਖ ਰੁਪਏ ਪ੍ਰਤੀ ਏਕੜ ਤੋਂ ਥੱਲੇ ਆਉਦੀ ਹੀ ਨਹੀਂ ਹੈ। ਕਈ ਵਾਰ ਤਾਂ ਇਕੱਲੇ ਹਰੇ ਧਨੀਏ ਦੀ ਫਸਲ ਹੀ 2 ਤੋਂ ਢਾਈ ਲੱਖ ਰੁਪਏ ਤੱਕ ਵੀ ਪਹੁੰਚ ਜਾਂਦੀ ਹੈ। ਫਸਲ ਪੱਕਣ ਤੋਂ ਬਾਅਦ ਬੀਜ ਦੀ ਪੈਦਾਵਾਰ ਤੋਂ ਹੋਣ ਵਾਲੀ ਆਮਦਨ ਵੱਖਰੀ ਹੈ।

ਧਨੀਏ ਦੇ ਖੇਤੀ ਕਰਨ ਵਾਲੇ ਕਿਸਾਨ ਬਾਜ ਸਿੰਘ ਨੇ ਦੱਸਿਆ ਕਿ ਜੇਕਰ ਧਨੀਏ ਦੀ ਖੇਤੀ ਕਰਨ ਲਈ ਬੀਜ ਆਪਣੇ ਖੇਤ ਦਾ ਰੱਖਿਆ ਹੋਵੇ ਤਾਂ ਹੋਰ ਵੱਧ ਆਮਦਨ ਹੋ ਜਾਂਦੀ ਹੈ। ਇੱਕ ਏਕੜ ਜਮੀਨ ਵਿੱਚ 30 ਤੋਂ 35 ਕਿਲੋ ਧਨੀਏ ਦਾ ਬੀਜ ਪੈਂਦਾ ਹੈ। ਜੇਕਰ ਧਨੀਏ ਦੀ ਬੀਜਾਈ ਮਜਦੂਰਾਂ ਰਾਹੀਂ ਕਰਵਾਈ ਜਾਵੇ ਤਾਂ 5 ਤੋਂ 7 ਕਿਲੋ ਤੱਕ ਬੀਜ ਘੱਟ ਲਗਦਾ ਹੈ। ਧਨੀਏ ਦੀ ਬੀਜ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਤੱਕ ਹੈ। ਤਿੰਨ ਤੋਂ 5 ਵਾਢਾਂ ਵਿੱਚ ਧਨੀਏ ਦੀ ਕਟਾਈ ਕੀਤੀ ਜਾ ਸਕਦਾ ਹੈ। ਜੇਕਰ ਫਸਲ ਦਾ ਬੀਜ ਰੱਖਣਾ ਹੋਵੇ ਤਾਂ ਇੱਕ ਦੋ ਕਟਾਈਆਂ ਘੱਟ ਵੀ ਕੀਤੀਆਂ ਜਾ ਸਕਦੀਆਂ ਹਨ।

ਇੱਕ ਕਟਾਈ ਵਿੱਚ ਤਕਰੀਬਨ 40 ਕੁਇੰਟਲ ਧਨੀਆ ਮੰਡੀ ਵਿੱਚ ਵੇਚਿਆ ਜਾ ਸਕਦਾ ਹੈ ਜੇਕਰ ਸਬਜੀ ਮੰਡੀ ਵਿੱਚ ਭਾਅ ਵਧੀਆ ਮਿਲ ਜਾਵੇ ਤਾਂ ਤਿੰਨ ਚਾਰ ਵਾਢਾਂ ਵਿੱਚ ਧਨੀਏ ਦੀ ਫਸਲ ਕਿਸਾਨ ਨੂੰ ਧਨੀ ਬਣਾ ਦਿੰਦੀ ਹੈ। ਇਸ ਤੋਂ ਇਲਾਵਾ ਪੰਜ ਕੁਇੰਟਲ ਦੇ ਕਰੀਬ ਧਨੀਏ ਦਾ ਬੀਜ ਵੀ ਪੈਦਾ ਹੋ ਸਕਦਾ ਹੈ। ਜਿਸ ਦੀ ਘੱਟੋ-ਘੱਟ ਕੀਮਤ ਲਾ ਕੇ ਵੀ ਲੱਖ ਰੁਪਏ ਦੇ ਨੇੜੇ ਪਹੁੰਚ ਜਾਂਦਾ ਹੈ। ਪਰ ਧਨੀਏ ਦੀ ਦੇਸੀ ਕਿਸਮ ਹੀ ਬੀਜਣੀ ਚਾਹੀਦੀ ਹੈ। ਕਿਉਂਕਿ ਹਾਈਬਰੀਡ ਧਨੀਏ ਦਾ ਬੀਜ ਪੈਦਾ ਨਹੀਂ ਬਣਦਾ ਅਤੇ ਦੇਸ਼ੀ ਕਿਸਮ ਦਾ ਧਨੀਆ ਖੁਸਬੂਦਾਰ ਵੀ ਹੁੰਦਾ ਹੈ। ਪਰ ਦੇਸ਼ ਅੰਦਰ ਹਾਈਬਰੀਡ ਬੀਜਾਂ ਦੀ ਵਰਤੋਂ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ।

ਟਮਾਟਰ ਦੀਆਂ ਕਿਸਮਾਂ

ਟਮਾਟਰ ਦੀ ਖੇਤੀ ਸੋਲਵੀਂ ਸਦੀ ਦੇ ਅਖੀਰ ਤੋਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣੀ ਸ਼ੁਰੂ ਹੋਈ ਸੀ। ਚੀਨ ਵਿੱਚ ਟਮਾਟਰ ਸਭ ਤੋਂ ਵੱਧ ਉਗਾਏ ਜਾਂਦੇ ਹਨ। ਭਾਰਤ ਚੌਥੇ ਨੰਬਰ ’ਤੇ ਹੈ। ਟਮਾਟਰ ਦੁਨੀਆਂ ਭਰ ’ਚ ਬੀਜੀਆਂ ਜਾਦੀਆਂ ਪਹਿਲੀਆਂ ਤਿੰਨ ਸਬਜੀਆਂ ਵਿੱਚੋ ਆਉਦਾ ਹੈ। ਆਲੂ ਦਾ ਸਥਾਨ ਪਹਿਲਾ ਹੈ। ਖੇਤੀ, ਖਾਣ ਅਤੇ ਵੇਚਣ ਦੇ ਪੱਖ ਤੋਂ ਟਮਾਟਰ ਨੂੰ ਸਬਜੀ ਕਿਹਾ ਜਾਦਾ ਹੈ ਪਰ ਬਨਾਸਪਤੀ ਵਿਗਿਆਨ ਦੇ ਅਨੁਸਾਰ ਟਮਾਟਰ ਫਲ ਹੈ। ਇਸ ਨੂੰ ਸੌਲੇਨੇਸੀ ਪਰਿਵਾਰ ਵਿੱਚੋਂ ਗਿਣਿਆਂ ਜਾਦਾ ਹੈ। ਇਸ ਦਾ ਬਨਸਪਤੀ ਨਾਮ ਸੌਲੇਨਮ ਲਾਈਕੋਪਰਸੀਕਮ ਹੈ। ‘‘ਗਿਆਨ ਦੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਟਮਾਟਰ ਫਲ ਹੈ। ਸਿਆਣਪ ਦੀ ਗੱਲ ਇਹ ਹੈ ਕਿ ਇਸ ਨੂੰ ਰਸੋਈ ਵਿੱਚ ਫਲਾਂ ਨਾਲ ਨਹੀ ਸਬਜੀਆਂ ਵਿੱਚ ਵਰਤੋ’’ ਇਹ ਇੱਕ ਕਹਾਵਤ ਹੈ।

ਦੁਨੀਆਂ ਵਿੱਚ ਸੌ ਕਿਸਮ ਦੇ ਟਮਾਟਰਾਂ ਦੀ ਖੇਤੀ ਕੀਤੀ ਜਾਦੀ ਹੈ। ਪੰਜਾਬ ਵਿੱਚ ਐਨ. ਆਰ. ਐਸ.-7, 120, ਪੰਜਾਬ ਛੁਹਾਰਾ, ਪੰਜਾਬ ਕੇਸਰੀ ਕਿਸਮਾਂ ਮਸਹੂਰ ਹਨ। ਵਿਸਵ ਵਿੱਚ ਚਿੱਟੇ ਰੰਗ ਤੋਂ ਲੈ ਕੇ ਗੂੜੇ ਜਾਮਣੀ ਰੰਗ ਸਮੇਤ ਅਨੇਕਾਂ ਰੰਗਾਂ ਅਤੇ ਅਕਾਰਾਂ ਦੇ ਟਮਾਟਰ ਮਿਲਦੇ ਹਨ। ਪਰ ਅਸੀਂ ਗੋਲ ਪੀਲੇ-ਲਾਲ ਰੰਗ ਜਾਂ ਛੁਹਾਰੇ ਵਰਗੇ ਕਾਠੇ ਗੂੜੇ ਲਾਲ ਟਮਾਟਰ ਵਤਰਦੇ ਹਾਂ। ਟਮਾਟਰ ਵਿੱਚ ਖੱਟਾ ਤੇਜ਼ਾਬੀ ਤੱਤ ਸਿਟਿਰਕ ਐਸ਼ਿਡ ਹੁੰਦਾ ਹੈ। ਸਰੀਰ ਅੰਦਰ ਪਚਣ ਤੋਂ ਬਾਅਦ ਇਹ ਖਾਰਾਪਨ ਵਧਾਉਦਾ ਹੈ। ਜਿਸ ਕਰਕੇ ਟਮਾਟਰ ਪਿਸ਼ਾਬ ਅਤੇ ਪਸ਼ੀਨੇ ਵਿੱਚੋਂ ਕਈ ਜਹਿਰੀਲੇ ਤੱਤ ਅਤੇ ਯੂਰਿਕ ਐਸਿਡ ਬਾਹਰ ਕੱਢਦਾ ਹੈ। ਲਾਈਕੋਪੀਨ ਟਮਾਟਰ ਵਿੱਚ ਇੰਨਾ ਜਿਆਦਾ ਹੁੰਦਾ ਹੈ ਕਿ ਇਸ ਦਾ ਨਾਮ ਹੀ ਲਾਈਕੋਪਰਸਿਕਮ ਪੈ ਗਿਆ।

ਲਾਲ ਅਤੇ ਗੋਲ-ਮਟੋਲ ਟਮਾਟਰ ਦੀ ਖੇਤੀ ਤੋਂ ਕਿਸਾਨਾਂ ਨੂੰ ਕਾਫੀ ਆਮਦਨੀ ਹੁੰਦੀ ਹੈ। ਪਰ ਖੇਤ ਵਿੱਚ ਡਿੱਗਣ ਜਾਂ ਮਿੱਟੀ ਲੱਗਣ ਕਾਰਨ ਜਿਆਦਾ ਤਰ ਫਲ ਉੱਲੀ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਦੇ ਹਨ। ਜਿਸ ਕਰਕੇ ਕਿਸਾਨਾਂ ਦੀ ਮਿਹਨਤ ਦੇ ਨਾਲ ਹੀ ਪੈਸਾ ਵੀ ਖ਼ਰਾਬ ਹੋ ਜਾਦਾ ਹੈ। ਇੱਕ ਅਨੁਮਾਨ ਦੇ ਮੁਤਾਬਿਕ ਫਸਲ ਦੌਰਾਨ ਮਿੱਟੀ ਗਿੱਲੀ ਹੋਣ ਕਰਕੇ ਬਹੁਤ ਸਾਰੇ ਟਮਾਟਰ ਖ਼ਰਾਬ ਹੋ ਜਾਦੇ ਹਨ। ਖ਼ਰਾਬ ਹੋਏ ਫਲ ਦਾ ਮੰਡੀ ਵਿੱਚ ਕੋਈ ਖਰੀਦਦਾਰ ਨਹੀਂ ਲੱਭਦਾ।

ਟਮਾਟਰ ਦੇ ਖ਼ਰਾਬ ਹੋਣ ਦੀ ਸਮੱਸਿਆ ਤਕਰੀਬਨ ਹਰ ਰਾਜ ਦੇ ਕਿਸਾਨਾਂ ਨੂੰ ਆਉਦੀ ਹੈ। ਜਿਹੜੇ ਰਾਜਾਂ ਵਿੱਚ ਬੇ-ਮੌਸਮੀ ਅਤੇ ਜਿਆਦਾ ਬਰਸਾਤ ਹੁੰਦੀ ਹੈ। ਉਥੇ ਇਹ ਨੁਕਸਾਨ ਹੋਰ ਵੀ ਵੱਧ ਹੁੰਦਾ ਹੈ। ਖੇਤੀ ਮਾਹਿਰਾਂ ਨੇ ਟਮਾਟਰ ਦੀ ਫਸਲ ਦੇ ਖ਼ਰਾਬੇ ਨੂੰ ਰੋਕਣ ਲਈ ਨਵੀਂ ਵਿਧੀ ਤਿਆਰ ਕੀਤੀ ਹੈ। ਜਿਸ ਨਾਲ ਆਮਦਨ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ। ਟਮਾਟਰ ਬੀਜਣ ਦੀ ਇਸ ਵਿਧੀ ਰਾਹੀਂ ਖੇਤ ਵਿੱਚ ਦੋ ਫੁੱਟ ਚੌੜੀ ਚਾਲੀ ਮਾਈਕਰੋਨ ਜਾਂ 160 ਗੇਜ਼ ਦੀ ਚਿੱਟੀ ਜਾਂ ਪੀਲੇ ਰੰਗ ਦੀ ਪਲਾਸਟਿਕ ਸੀਟ ਵਿਛਾ ਦਿੱਤੀ ਜਾਂਦੀ ਹੈ। ਸੀਟ ਦੀਆਂ ਦੋ-ਦੋ ਚੌੜੀਆਂ ਪੱਟੀਆਂ ਪਾਉਦੇ ਸਮੇਂ ਉਨਾਂ ਦੇ ਵਿਚਕਾਰ ਦੋ-ਤਿੰਨ ਇੰਚ ਦਾ ਫਰਕ ਹੋਣਾ ਚਾਹੀਦਾ ਹੈ। ਸੀਟ ਖੇਤ ਵਿੱਚ ਪਾਉਣ ਤੋਂ ਪਹਿਲਾਂ ਪਾਣੀ ਲਾਉਣਾ ਜਰੂਰੀ ਹੁੰਦਾ ਹੈ।

ਸੀਟ ਵਿੱਚ 50-50 ਸੈਂਟੀਮੀਟਰ ਦੇ ਫਾਸਲੇ ’ਤੇ ਗੋਲ ਮੋਰੇ ਕਰਨੇ ਚਾਹੀਦੇ ਹਨ। ਇਨਾਂ ਮੋਰਿਆਂ ਵਿੱਚ ਹੀ ਟਮਾਟਰ ਦੇ ਬੂਟੇ ਲਾਏ ਜਾਦੇ ਹਨ। ਜੇਕਰ ਪਾਣੀ ਤੁਪਕਾ ਸਿੰਚਾਈ ਵਿਧੀ ਰਾਹੀਂ ਦੇਣਾ ਹੋਵੇ ਤਾਂ ਉਸ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਵਿਧੀ ਰਾਹੀਂ ਟਮਾਟਰ ਦੀ ਫਸਲ ਨੂੰ ਬੀਮਾਰੀਆਂ ਅਤੇ ਮਿੱਟੀ ਨਾਲ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਢੰਗ ਨਾਲ ਕੀਤੀ ਬੀਜਾਈ ਕਾਰਨ ਫਸਲ ਵਿੱਚ ਘਾਹ ਫੂਸ਼ ਪੈਦਾ ਨਹੀਂ ਹੁੰਦਾ। ਚਾਦਰ ਵਿਛੀ ਹੋਣ ਕਰਕੇ ਪਾਣੀ ਦਾ ਵਾਪਸੀ ਕਰਨ ਘੱਟ ਹੋਣ ਨਾਲ ਪਾਣੀ ਦੀ ਚਾਲੀ ਫੀ ਸਦੀ ਬੱਚਤ ਹੁੰਦੀ ਹੈ।

ਪਲਾਸਟਿਕ ਦੀ ਚਾਦਰ ਦਾ ਰੰਗ ਪੀਲਾ ਜਾਂ ਚਿੱਟਾ ਹੋਣ ਕਰਕੇ ਸੂਰਜ ਦੀਆ ਕਿਰਨਾਂ ਸਿੱਧੀਆਂ ਬੂਟਿਆਂ ’ਤੇ ਨਹੀ ਪੈਂਦੀਆਂ । ਇਸ ਤਰਾਂ ਹੋਣ ਨਾਲ ਗਰਮੀ ਤੋਂ ਵੀ ਬਚਾਅ ਹੋ ਜਾਦਾ ਹੈ। ਫਲ ਮਿੱਟੀ ਤੋਂ ਦੂਰ ਰਹਿਣ ਕਰਕੇ ਚਮਕਦਾਰ ਅਤੇ ਵਧੀਆ ਕਿਸਮ ਦੇ ਹੁੰਦੇ ਹਨ। ਬੀਮਾਰੀਆਂ ਤੋਂ ਬਚਾਅ ਹੋਣ ਕਰਕੇ 30 ਫੀ ਸਦੀ ਤੋਂ ਜਿਆਦਾ ਝਾੜ ਵਧ ਜਾਦਾ ਹੈ। ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਵਰਤੋ ਆਮ ਫਸਲ ਦੀ ਤਰਾਂ ਹੀ ਕਰਨੀ ਪੈਂਦੀ ਹੈ।
ਬ੍ਰਿਸ ਭਾਨ ਬੁਜਰਕ, ਕਾਹਨਗੜ ਰੋਡ ਪਾਤੜਾਂ ਜਿਲਾ ਪਟਿਆਲਾ, 9876101698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.