ਹੁਣ ਸਿੱਧੀ ਬਿਜਾਈ ਲਈ ਕਿਸਾਨ 10 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ

Direct Sowing
ਝੋਨਾਂ/ਬਾਸਮਤੀ ਦੀ ਸਿੱਧੀ ਬਿਜਾਈ ਤੇ ਪ੍ਰੋਤਸਾਹਨ ਰਾਸ਼ੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 10 ਜੁਲਾਈ ਤੱਕ ਦਾ ਵਾਧਾ : ਡਿਪਟੀ ਕਮਿਸ਼ਨਰ

ਝੋਨਾਂ/ਬਾਸਮਤੀ ਦੀ ਸਿੱਧੀ ਬਿਜਾਈ ਤੇ ਪ੍ਰੋਤਸਾਹਨ ਰਾਸ਼ੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ 10 ਜੁਲਾਈ ਤੱਕ ਦਾ ਵਾਧਾ : ਡਿਪਟੀ ਕਮਿਸ਼ਨਰ

(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ’ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 1500/-ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਣੀ ਹੈ। ਜਿਸ ਤੇ ਕਿਸਾਨਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ( Direct Sowing)

ਘਰ ਬੈਠੇ ਪੋਰਟਲ ’ਤੇ ਕਰ ਸਕਦੇ ਹਨ ਕਿਸਾਨ ਅਪਲਾਈ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ 1500/ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ https://agrimachinerypb.com/ home/DSR23Department ਲਿੰਕ ਖੋਲ੍ਹ ਕੇ ਆਪਣਾ ਅਧਾਰ ਕਾਰਡ ਨੰਬਰ ਅਤੇ ਜ਼ਮੀਨ ਸਬੰਧੀ ਜਾਣਕਾਰੀ ਪੋਰਟਲ ਤੇ ਭਰਨ ਉਪਰੰਤ ਰਜਿਸਟ੍ਰੇਸ਼ਨ ਕਰ ਸਕਦੇ ਹਨ। ਪੋਰਟਲ ਤੇ ਅਪਲਾਈ ਕਰਨ ਲਈ ਕਿਸਾਨ ਨੂੰ ਆਪਣੀ ਜ਼ਮੀਨ ਦੇ ਖੇਵਟ ਨੰਬਰ/ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ ਦੇਣੀ ਹੋਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇਕਰ ਪੋਰਟਲ ਤੇ ਅਪਲਾਈ ਕਰਨ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਿਤ ਖੇਤੀਬਾੜੀ ਵਿਕਾਸ/ਵਿਸਥਾਰ ਅਫਸਰ ਅਤੇ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਇੱਕਰੋਜਾ ਵਿਸ਼ਵ ਕੱਪ 2023 ਦਾ ਸ਼ੈਡਊਲ ਜਾਰੀ, 19 ਨਵੰਬਰ ਨੂੰ ਹੋਵੇਗਾ ਫਾਈਨਲ ਮੁਕਾਬਲਾ

ਮੁੱਖ ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕੱਦੂ ਕਰਕੇ ਲਗਾਏ ਝੋਨੇ ਦੇ ਮੁਕਾਬਲੇ ਪਾਣੀ, ਬਿਜਲੀ ਅਤੇ ਮਜ਼ਦੂਰੀ ਦੀ ਬੱਚਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਭੂਮੀਗਤ ਪਾਣੀ ਦਾ ਰੀਚਾਰਜ ਜਿਆਦਾ ਹੁੰਦਾ ਹੈ, ਫਸਲ ਨੂੰ ਬਿਮਾਰੀ ਘੱਟ ਲਗਦੀ ਹੈ ਅਤੇ ਪਰਾਲੀ ਦੀ ਸੰਭਾਲ ਕਰਨੀ ਸੌਖੀ ਹੋ ਜਾਂਦੀ ਹੈ।

ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੱਦੂ ਕਰਕੇ ਲਗਾਏ ਝੋਨੇ ਦੇ ਖੇਤ ਨਾਲੋਂ ਫਸਲ ਦਾ ਝਾੜ ਤਕਰੀਬਨ ਇੱਕ ਕੁਇੰਟਲ ਪ੍ਰਤੀ ਏਕੜ ਜ਼ਿਆਦਾ ਨਿਕਲਦਾ ਹੈ। ਸਿੱਧੀ ਬਿਜਾਈ ਦੀ ਤਰ ਵੱਤਰ ਵਿਧੀ ਵਿਚ ਸੁੱਕੇ ਖੇਤ ਵਿੱਚ ਸਿੱਧੀ ਬਿਜਾਈ ਨਾਲੋਂ ਮੁੱਖ ਫਰਕ ਇਹ ਹੈ ਕਿ ਤਰ ਵੱਤਰ ਵਾਲੇ ਖੇਤ ਵਿੱਚ ਬਿਜਾਈ ਕਰਕੇ ਪਹਿਲਾ ਪਾਣੀ ਤਕਰੀਬਨ 3 ਹਫਤੇ ਬਾਅਦ ਲਗਾਇਆ ਜਾਂਦਾ ਹੈ ਜਿਸ ਦੇ ਕਈ ਫਾਇਦੇ ਹਨ, ਜਿਵੇਂ ਕਿ ਪਾਣੀ ਦੀ 15-20 ਪ੍ਰਤੀਸ਼ਤ ਬਚਤ, ਨਦੀਨਾਂ ਦੀ ਸਮੱਸਿਆ ਘੱਟ ਹੋਣਾ, ਜੜ੍ਹਾਂ ਜ਼ਿਆਦਾ ਡੂੰਘੀਆਂ ਜਾਣ ਕਰਕੇ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਬਹੁਤ ਘੱਟ ਆਉਂਦੀ ਹੈ।

ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਰਕਬੇ ਨੂੰ ਵੈਰੀਫਾਈ ਕਰਨ ਲਈ ਪਿੰਡ ਪੱਧਰ ’ਤੇ ਵੈਰੀਫਾਈਡ ਅਫਸਰ ਨਿਯੁਕਤ ਕੀਤੇ ਜਾ ਰਹੇ ਹਨ, ਜੋ ਕਿ ਰਕਬੇ ਦੀ ਪੜਤਾਲ ਕਰਨਗੇ। ਇਸ ਪੜਤਾਲ ਤੋਂ ਬਾਅਦ ਹੀ 1500/-ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋ ਪੋਰਟਲ ’ਤੇ ਅਪਲਾਈ ਕਰਨ ਦੀ ਆਖਰੀ ਮਿਤੀ ਪਹਿਲਾ 25 ਜੂਨ ਰੱਖੀ ਗਈ ਸੀ, ਪਰ ਹੁਣ ਪੰਜਾਬ ਸਰਕਾਰ ਵੱਲੋ ਕਿਸਾਨ ਹਿੱਤ ਵਿੱਚ ਪੋਰਟਲ ਤੇ ਅਪਲਾਈ ਕਰਨ ਦੀ ਆਖਰੀ ਮਿਤੀ 10 ਜੁਲਾਈ ਕਰ ਦਿੱਤੀ ਗਈ ਹੈ।