ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਕਾਦੀਆ ਆਦਿ ਜਥੇਬੰਦੀਆਂ ਦੇ ਆਗੂਆਂ/ਵਰਕਰਾਂ ਵੱਲੋਂ ਸਰਕਾਰ ਦੇ ਰਵੱਈਏ ਦੀ ਨਿਖੇਧੀ | Farmar Protest
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਦੇ ਸੱਦੇ ’ਤੇ ਕਿਸਾਨਾਂ ਵੱਲੋਂ 2 ਘੰਟੇ ਲਈ ਜ਼ਿਲ੍ਹਾ ਲੁਧਿਆਣਾ ’ਚ ਰੇਲ ਮਾਰਗ ਤੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜਾ ’ਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਟੋਲ ਪਲਾਜਾ ’ਤੋਂ ਲੰਘਣ ਵਾਲੇ ਸਮੁੱਚੇ ਵਾਹਨਾਂ ਨੂੰ ਮੁਫ਼ਤ ਲੰਘਾਉਣ ਦੇ ਨਾਲ ਹੀ ਦਿੱਲੀ ਵਾਲੇ ਚਾਲੇ ਪਾਉਣ ਵਾਲੇ ਕਿਸਾਨਾਂ ਨੂੰ ਰੋਕਣ ਦੇ ਵਿਰੋਧ ਵਜੋਂ ਕੇਂਦਰ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਲਾਡੋਵਾਲ ਟੋਲ ਪਲਾਜੇ ’ਤੇ 11 ਤੋਂ 2 ਵਜੇ ਤੱਕ ਦਿੱਤੇ ਗਏ ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀਆਂ ਕਿਸਾਨ ਯੂਨੀਅਨ ਕਾਦੀਆਂ ਨੇ ਹਿੱਸਾ ਲਿਆ। (Farmar Protest)
ਜਦਕਿ ਰੇਲਵੇ ਮਾਰਗਾਂ ’ਤੇ 12 ਤੋਂ 4 ਵਜੇ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨਾ ਦੇ ਕੇ ਕੇਂਦਰ ਸਰਕਾਰ ਵਿਰੁੱਧ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੇ ਹੱਕਾਂ ਲਈ ਅਵਾਜ ਉਠਾਉਣਾ ਹਰੇਕ ਵਿਅਕਤੀ ਦਾ ਹੱਕ ਹੈ, ਜਿਸ ਨੂੰ ਕੇਂਦਰ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਅਮਰੀਕ ਸਿੰਘ ਕਾਦੀਆਂ ਅਤੇ ਸੰਤੋਖ ਸਿੰਘ ਨੇ ਕਿਹਾ ਕਿ ਕਿਸਾਨਾਂ ’ਤੇ ਅੱਤਿਆਚਾਰ ਹੋ ਰਿਹਾ ਹੈ ਤੇ ਕੇਂਦਰ ਵਿਚਲੀ ਨਰਿੰਦਰ ਮੋਦੀ ਦੀ ਸਰਕਾਰ ਚੁੱਪ ਹੈ। (Farmar Protest)
ਜਿਸ ਤੋਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੀ ਮਿਲੀਭੁਗਤ ਹੋਣ ਦੇ ਪ੍ਰਤੱਖ ਸਬੂਤ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਟੋਲ ਪਲਾਜੇ ਮੁਫ਼ਤ ਕਰਵਾਉਣ ਦਾ ਉਨ੍ਹਾਂ ਦਾ ਮਕਸਦ ਕੇਂਦਰ ਸਰਕਾਰ ’ਤੇ ਦਬਾਅ ਬਣਾਉਣਾ ਹੈ। ਕਿਉਂਕਿ ਸਰਕਾਰ ਬੇਵਜ੍ਹਾ ਕਿਸਾਨਾਂ ਨੂੰ ਤੰਗ-ਪਰੇਸ਼ਾਨ ਕਰ ਰਹੀ ਹੈ ਪਰ ਕਿਸਾਨ ਹੁਣ ਰੁਕਣ ਵਾਲੇ ਨਹੀਂ। ਕਿਰਤੀ ਕਿਸਾਨ ਯੂਨੀਅਨ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਕਈ ਲੋਕਾਂ ਦੇ ਵਾਹਨਾਂ ’ਤੇ ਫਾਸਟੈਗ ਲਾਏ ਹੋਏ ਹਨ। ਇਸ ਸਬੰਧ ’ਚ ਟੋਲ ਪਲਾਜਾ ਅਧਿਕਾਰੀਆਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਦਾ ਪੈਸਾ ਕੱਟਿਆ ਜਾਂਦਾ ਹੈ ਤਾਂ ਉਹ ਮਜ਼ਬੂਰਨ ਆਪਣੇ ਇਸ ਧਰਨੇ ਦਾ ਸਮਾਂ ਵਧਾਉਣਗੇ। (Farmar Protest)