ਡੀਏਪੀ ਦੀ ਕਲਿੱਤ ਕਰਕੇ ਕਿਸਾਨਾਂ ਨੇ ਰੇਲਵੇ ਪੁਲ ਕੀਤਾ ਜਾਮ, ਸ਼ਹਿਰ-ਛਾਉਣੀ ਦੀ ਆਵਾਜਾਈ ਹੋਈ ਪ੍ਰਭਾਵਿਤ

Farmers Protest Sachkahoon

ਵੱਡੇ ਹੌਲ ਸੇਲਰਾਂ ਵੱਲੋਂ ਡੀਏਪੀ ਖਾਦ ਦਾ ਭੰਡਾਰ ਕਰਕੇ ਬਲੈਕ ਮਾਰਕੀਟਿੰਗ ਕਰਨ ਦੇ ਕਿਸਾਨਾਂ ਨੇ ਲਾਏ ਦੋਸ਼

ਕਿਹਾ, ਕਈ ਵਾਰ ਡੀਸੀ ਦੇ ਧਿਆਨ ’ਚ ਲਿਆਦਾ ਮਾਮਲਾ ਪਰ ਨਹੀਂ ਹੋਇਆ ਖਾਦ ਦੀ ਕਿੱਲਤ ਦਾ ਹੱਲ

(ਸਤਪਾਲ ਥਿੰਦ) ਫਿਰੋਜ਼ਪੁਰ। ਕਣਕ ਦੀ ਬੀਜਾਈ ਦੇ ਸੀਜ਼ਨ ਦੌਰਾਨ ਆਈ ਡੀਏਪੀ ਖਾਦ ਦੀ ਕਿੱਲਤ ਕਰਕੇ ਕਿਸਾਨਾਂ ’ਚ ਹਾਹਾਕਾਰ ਮੱਚੀ ਹੋਈ ਹੈ ਅਤੇ ਕਿਸਾਨਾਂ ’ਚ ਸਰਕਾਰ ਖਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ । ਬਿਜਾਈ ਦੇ ਲੰਘ ਰਹੇ ਸਮੇਂ ਨੂੰ ਦੇਖਦਿਆਂ ਕਿਸਾਨ ਬਲੈਕ ’ਚ ਮਹਿੰਗੇ ਰੇਟ ’ਤੇ ਖਾਦ ਖਰੀਦ ਕੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ । ਡੀਏਪੀ ਖਾਦ ਦੀ ਆ ਰਹੀ ਕਿੱਲਤ ਕਰਕੇ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦਾ ਅਗਵਾਈ ‘ਚ ਫਿਰੋਜ਼ਪੁਰ ਸ਼ਹਿਰ- ਛਾਉਣੀ ਨੂੰ ਜੋੜਦੇ ਰੇਲਵੇ ਪੁੱਲ ’ਤੇ ਧਰਨਾ ਲਾਇਆ ਗਿਆ । ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਡੀਏਪੀ ਖਾਦ ਦੇ ਕਈ ਵੱਡੇ ਰੈਂਕ ਫਿਰੋਜ਼ਪੁਰ ਵਿੱਚ ਲੱਗੇ ਪਰ ਕਿਸਾਨਾਂ ਤੱਕ ਖਾਦ ਦੀ ਪਹੁੰਚ ਨਹੀਂ ਹੋਈ ।

ਕਿਸਾਨਾਂ ਨੇ ਦੱਸਿਆ ਕਿ ਵੱਡੇ ਹੌਲ ਸੇਲਰਾਂ ਵੱਲੋਂ ਡੀਏਪੀ ਖਾਦ ਦਾ ਭੰਡਾਰ ਕਰਨ ਕਰਕੇ ਡੀਏਪੀ ਦੀ ਬਲੈਕ ਮਾਰਕੀਟਿੰਗ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਦੁਕਾਨਦਾਰਾਂ ਵੱਲੋਂ ਡੀਏਪੀ ਖਾਦ ਨਾਲ ਬੇਲੋੜੀਆਂ ਦਵਾਈਆਂ ਦੇ ਕੇ 1200 ਕੀਮਤ ਵਾਲੀ ਡੀਏਪੀ ਖਾਦ ਦੇ ਇੱਕ ਬੈਗ ਬਦਲੇ 1500 ਤੋਂ ਲੈ ਕੇ 1700 ਰੁਪਏ ਵਸੂਲ ਕੀਤੇ ਜਾ ਰਹੇ ਹਨ, ਜਿਸ ਕਰਕੇ ਕਿਸਾਨ ਇਹ ਰੇਲਵੇ ਪੁੱਲ ਜਾਮ ਕਰਨ ਲਈ ਮਜ਼ਬੂਰ ਹੋਏ ਹਨ ਕਿਉਂਕਿ ਖਾਦ ਦੀ ਆ ਰਹੀ ਕਿੱਲਤ ਸਬੰਧੀ ਕਈ ਵਾਰ ਡੀਸੀ ਫਿਰੋਜ਼ਪੁਰ ਦੇ ਧਿਆਨ ’ਚ ਲਿਆਦਾ ਗਿਆ ਪਰ ਫਿਰ ਵੀ ਇਸ ਦਾ ਹੱਲ ਨਹੀਂ ਕੀਤਾ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ , ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਆਈ ਪੀ ਡੀ ਕਿਸਾਨ ਬਚਾਓ ਮੋਰਚਾ ਦੇ ਆਗੂ ਗੁਰਸੇਵਕ ਸਿੰਘ ਧਾਲੀਵਾਲ, ਹਰਫੂਲ ਸਿੰਘ, ਬਲਰਾਜ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਬੋਹੜ ਸਿੰਘ , ਜਸਬੀਰ ਸਿੰਘ ਸਮੇਤ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।

ਇਸ ਮੌਕੇ ‘ਤੇ ਪਹੁੰਚੇ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਤੇ ਪੁਲਿਸ ਅਧਿਕਾਰੀਆਂ ਵੱਲੋਂ ਕਿਸਾਨ ਨੂੰ ਭਰੋਸਾ ਦਿੱਤਾ ਜਾ ਰਿਹਾ ਸੀ ਕਿ ਸ਼ਾਮ ਤੱਕ ਡੀਏਪੀ ਖਾਦ ਦਾ ਇੱਕ ਹੋਰ ਰੈਂਕ ਆ ਰਿਹਾ ਹੈ, ਜਿਸ ਤੋਂ ਕਿਸਾਨਾਂ ਨੂੰ ਖਾਦ ਮੁਹੱਇਆ ਕਰਵਾਈ ਜਾਵੇਗੀ । ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਕੋਈ ਰੈਂਕ ਲੱਗਦਾ ਹੈ ਤਾਂ ਉਸ ਦਾ 70 ਫੀਸਦੀ ਸੁਸਾਇਟੀਆਂ ਤੇ 30 ਫੀਸਦੀ ਡੀਲਰਾਂ ਨੂੰ ਵੰਡਿਆ ਜਾ ਰਿਹਾ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸੁਸਾਇਟੀਆਂ ਤੋਂ ਉਨ੍ਹਾਂ ਨੂੰ ਖਾਦ ਨਹੀਂ ਮਿਲ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ