ਸੀਐਮ ਸਿਟੀ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਮਰਨ ਵਰਤ ਜਾਰੀ
(ਗੁਰਪ੍ਰੀਤ ਸਿੰਘ ) ਸੰਗਰੂਰ। ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੀਐਮ ਸਿਟੀ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਵੱਲੋਂ ਅਪਣਾ ਮਰਨ ਵਰਤ ਪਿਛਲੇ ਸੱਤ ਦਿਨਾਂ ਤੋਂ ਚੱਲ ਰਿਹਾ ਸੀ। ਅੱਜ ਦਿਨ ਐਤਵਾਰ ਨੂੰ ਸਵੇਰੇ ਹੀ ਸੁਰਿੰਦਰਪਾਲ ਗੁਰਦਾਸਪੁਰ ਅਤੇ ਰਵੀ ਕੁਮਾਰ ਕਟਾਰੂਚੱਕ ਸਰਕਾਰੀ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਹਨ ਅਤੇ ਅਪਣਾ ਮਰਨ ਵਰਤ ਅੱਜ ਅੱਠਵੇਂ ਦਿਨ ਵਿਚ ਸ਼ੁਰੂ ਕਰ ਦਿੱਤਾ ਹੈ। (ETT Tet Pass Unemployed ) ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਲਗਾਤਾਰ ਸਾਡੀਆਂ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾ ਰਿਹਾ ਸੀ ਜਿਸ ਕਰਕੇ ਅੱਜ ਮਜ਼ਬੂਰਨ ਉਹਨਾਂ ਨੂੰ ਪਾਣੀ ਵਾਲੀ ਟੈਂਕੀ ਤੇ ਚੜ੍ਹਨਾ ਪਿਆ।
ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹਲਫ਼ਨਾਮਾ ਪੇਸ਼ ਨਹੀਂ ਕੀਤਾ ਜਾਂਦਾ
ਪਿਛਲੇ ਦਿਨੀਂ ਸਿੱਖਿਆ ਮੰਤਰੀ ਪੰਜਾਬ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਕਿ ਸਾਡੀ ਈਟੀਟੀ 2364 ਅਧਿਆਪਕਾਂ ਦੀ ਕੋਰਟ ਕੇਸ ਪ੍ਰਤੀ ਸਾਡੀ ਨੀਅਤ ਸਾਫ਼ ਹੈ। ਜੇਕਰ ਪੰਜਾਬ ਸਰਕਾਰ ਦੀ ਇਸ ਭਰਤੀ ਲਈ ਨੀਅਤ ਸਾਫ਼ ਹੈ ਤਾਂ ਫ਼ਿਰ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਿਉੰ ਨਹੀਂ ਕੀਤਾ ਜਾ ਰਿਹਾ।
ਪਹਿਲਾਂ ਸੰਗਰੂਰ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਸੀ ਕਿ ਈਟੀਟੀ 2364 ਭਰਤੀ ਲਈ ਪਹਿਲਾਂ ਦੋ ਵਾਰ ਹਲਫ਼ਨਾਮਾ ਤਿਆਰ ਕੀਤਾ ਗਿਆ ਪਰ ਦੋਵੋ ਵਾਰ ਰਿਜੈਕਟ ਹੋ ਚੁੱਕਾ ਹੈ ਹੁਣ ਤੀਸਰੀ ਵਾਰ ਹਲਫ਼ਨਾਮਾ ਤਿਆਰ ਹੋ ਰਿਹਾ ਹੈ। ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਹਲਫ਼ਨਾਮਾ ਤਿਆਰ ਕਰਨ ਲਈ ਕਾਬਿਲ ਅਧਿਕਾਰੀਆਂ ਨੂੰ ਲਗਾਇਆ ਜਾਵੇ ਅਤੇ ਇੱਕ ਦੋ ਦਿਨਾਂ ਵਿਚ ਹੀ ਹਲਫ਼ਨਾਮਾ ਦਾਇਰ ਕੀਤਾ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਵਿਰੁੱਧ ਹੋਰ ਵੀ ਗੁਪਤ ਐਕਸ਼ਨ ਕੀਤੇ ਜਾਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦੀ ਹੋਵੇਗੀ। ਇਹ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹਲਫ਼ਨਾਮਾ ਪੇਸ਼ ਨਹੀਂ ਕੀਤਾ ਜਾਂਦਾ।
ਇਹ ਵੀ ਪੜ੍ਹੋ : ਕਾਪੀਰਾਈਟ ਵਿਵਾਦ ਕਰਕੇ ਪੰਜਾਬੀ ਗਾਇਕ ਜੈਨੀ ਦਾ ‘ਲੈਟਰ ਟੂ ਸੀਐਮ’ ਬੈਨ
ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਵਾਰ ਫ਼ਿਰ ਯਾਦ ਕਰਵਾਇਆ ਕਿ ਇਹ ਸੁਰਿੰਦਰਪਾਲ ਗੁਰਦਾਸਪੁਰ ਉਹੀ ਬੇਰੁਜਗਾਰ ਅਧਿਆਪਕ ਸਾਥੀ ਹੈ ਜਿਸ ਨਾਲ ਤੁਸੀਂ ਫ਼ੋਨ ’ਤੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਸਾਡੀ ਸਰਕਾਰ ਬਣਨ ’ਤੇ ਤੁਹਾਡਾ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਜਾਵੇਗਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਉਹਨਾਂ ਨੂੰ ਪਾਣੀ ਵਾਲੀ ਟੈਂਕੀ ’ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹਨਾ ਪੈ ਰਿਹਾ ਹੈ ਅਤੇ ਮਰਨ ਵਰਤ ਰੱਖਣਾ ਪੈ ਰਿਹਾ ਹੈ।
ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਪ੍ਰਚਾਰ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ। ਇਸ ਦੌਰਾਨ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਸੁਖਚੈਨ ਸਿੰਘ ਮਾਨਸਾ, ਅਮ੍ਰਿਤਪਾਲ ਸੰਗਰੂਰ,ਰਵੀ ਕੁਮਾਰ ਪਠਾਨਕੋਟ, ਗਗਨ ਧੂਰੀ, ਗੁਰਜੰਟ ਪਟਿਆਲਾ, ਅਤੇ ਹੋਰ ਸਾਥੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ