ਵਰਤਮਾਨ ਦਾ ਅਨੰਦ ਮਾਣੋ

ਵਰਤਮਾਨ ਦਾ ਅਨੰਦ ਮਾਣੋ

ਇਸ ਧਰਤੀ ਉੱਪਰ ਇਨਸਾਨ ਸਭ ਤੋਂ ਸੋਚਵਾਨ ਜੀਵ ਹੈ। ਸੰਸਾਰ ਦੇ ਸਮੁੱਚੇ ਜੀਵਾਂ ਤੋਂ ਜ਼ਿਆਦਾ ਇਹੀ ਸੋਚਦਾ ਹੈ। ਕੁੱਝ ਲੋਕਾਂ ਦੀਆਂ ਸੋਚਾਂ ਸਾਰਥਿਕ ਅਤੇ ਤਰੱਕੀਸ਼ੀਲ ਹੁੰਦੀਆਂ ਹਨ ਅਤੇ ਕਈਆਂ ਦੀਆਂ ਢਹਿੰਦੀਆਂ ਕਲਾ ਵਾਲੀਆਂ। ਬਹੁਤੇ ਲੋਕੀ ਸੁਖਦ ਅਤੀਤ ਦੀ ਤੁਲਨਾ ਵਰਤਮਾਨ ਨਾਲ ਕਰਕੇ ਪਛਤਾਵਾ ਅਤੇ ਵਿਰਲਾਪ ਕਰਦੇ ਰਹਿੰਦੇ ਹਨ ਅਤੇ ਵਰਤਮਾਨ ਦੇ ਜਿਨ੍ਹਾਂ ਪਲਾਂ ਨੂੰ ਅਸੀਂ ਜੀ ਰਹੇ ਹੁੰਦੇ ਹਾਂ, ਉਹਦੀ ਪਰਵਾਹ ਨਾ ਕਰਕੇ ਭਵਿੱਖ ਦੇ ਉਨ੍ਹਾਂ ਪਲਾਂ ਪ੍ਰਤੀ ਚਿੰਤਤ ਹੋਏ ਰਹਿੰਦੇ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਆਉਣਗੇ ਵੀ ਜਾਂ ਨਹੀਂ।

ਅਤੀਤ ਲੰਘ ਚੁੱਕਿਆ ਹੈ। ਉਹਦੇ ਬਾਰੇ ਸੋਚ-ਵਿਚਾਰ ਅਤੇ ਪਛਤਾਵਾ ਕਿਉਂ? ਭਵਿੱਖ ਕੌਣ ਜਾਣਦਾ ਹੈ? ਫਿਰ ਉਸਨੂੰ ਸੰਵਾਰਨ ਦੀ ਚਿੰਤਾ ਕਿਉਂ? ਇਹ ਵਰਤਮਾਨ, ਜੋ ਭਵਿੱਖ ਬਣਨ ਜਾ ਰਿਹਾ ਹੈ, ਇਸ ਨੂੰ ਭਰਪੂਰ ਹੁਲਾਸ ਅਤੇ ਖੁਸ਼ੀਆਂ ਨਾਲ ਜੀਓ ਅਤੇ ਸੁੰਦਰ ਬਣਾਓ ਤਾਂ ਹੀ ਵਰਤਮਾਨ, ਸੁਖਦ ਅਤੀਤ ਬਣ ਸਕੇਗਾ ਅਤੇ ਭਵਿੱਖ ਉੱਜਲ ਹੋਵੇਗਾ। ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਤਿਵੇਂ-ਤਿਵੇਂ ਹੀ ਕਈ ਲੋਕਾਂ ਦੇ ਮਨ ’ਚ ਇਹ ਸ਼ੰਕਾ ਘਰ ਕਰਦੀ ਜਾਂਦੀ ਹੈ ਕਿ ਮੌਤ ਸਿਰ ’ਤੇ ਆਣ ਖੜ੍ਹੀ ਹੈ। ਇਹ ਕਦੇ ਵੀ ਆ ਸਕਦੀ ਹੈ।

ਇਸੇ ਸ਼ੰਕਾ ਕਾਰਨ ਉਨ੍ਹਾਂ ਦੇ ਹੱਥ-ਪੈਰ ਢਿੱਲੇ ਪੈਣ ਲੱਗ ਪੈਂਦੇ ਹਨ। ਰਾਤ ਨੂੰ ਸੁੱਤਿਆਂ ਹੋਇਆਂ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਹੁਣ ਹਮੇਸ਼ਾ ਲਈ ਹੀ ਸੁੱਤੇ ਰਹਿ ਜਾਣਗੇ। ਰੋਜ਼ਾਨਾ ਦੀ ਇਸ ਪ੍ਰਕਾਰ ਦੀ ਸ਼ੰਕਾ ਉਨ੍ਹਾਂ ਦੀ ਸਾਰੀ ਮਾਨਸਿਕ ਅਤੇ ਸਰੀਰਕ ਸ਼ਕਤੀ ਨੂੰ ਨਿਰਬਲ ਕਰ ਦਿੰਦੀ ਹੈ। ਇਸ ਲਈ ਉਹ ਜੋ ਕੁੱਝ ਕਰ ਰਹੇ ਹੁੰਦੇ ਹਨ ਜਾਂ ਕਰਨਾ ਚਾਹੁੰਦੇ ਹਨ, ਉਸਨੂੰ ਪੂਰੀ ਫੁਰਤੀ ਅਤੇ ਉਤਸ਼ਾਹ ਨਾਲ ਕਰ ਨਹੀਂ ਸਕਦੇ। ਸ਼ੰਕਾਵਾਂ ਦਾ ਘੇਰਾ ਹਮੇਸ਼ਾ ਖਤਰਨਾਕ ਹੁੰਦਾ ਹੈ। ਇਹ ਆਦਮੀ ਦੇ ਉੱਦਮ ਅਤੇ ਰਫਤਾਰ ਨੂੰ ਹੌਲਾ ਕਰ ਦਿੰਦਾ ਹੈ। ਹਮੇਸ਼ਾ ਬੇਅਰਥ ਜਿਹੀਆਂ ਗੱਲਾਂ ਸੋਚਦੇ ਰਹਿਣ ਨਾਲ ਕਦੇ-ਕਦੇ ਇਹ ਸੱਚਮੁੱਚ ਹੀ ਵਾਪਰ ਜਾਂਦੀਆਂ ਹਨ। ਇਨਸਾਨ ਦੇ ਸਰੀਰ ’ਤੇ ਵਿਚਾਰਾਂ ਦਾ ਪ੍ਰਭਾਵ ਲਾਜ਼ਮੀ ਪੈਂਦਾ ਹੈ।

ਕਈ ਲੋਕੀ ਭਵਿੱਖ ਜਾਣਨ ਲਈ ਜੋਤਸ਼ੀਆਂ ਅਤੇ ਤਾਂਤਰਿਕਾਂ ਦੇ ਚੱਕਰ ’ਚ ਪਏ ਰਹਿੰਦੇ ਹਨ। ਅਖਬਾਰਾਂ ’ਚ ਆਪਣਾ ਰਾਸ਼ੀਫਲ ਵੇਖਦੇ ਹਨ। ਆਉਣ ਵਾਲੇ ਕੱਲ੍ਹ ਦੇ ਪ੍ਰਤੀ ਉਪਜੇ ਸ਼ੰਕੇ ਉਨ੍ਹਾਂ ਦੇ ਮਨ ’ਚ ਡਰ ਪੈਦਾ ਕਰੀ ਰੱਖਦੇ ਹਨ। ਇਹ ਲੋਕ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਾ ਭਵਿੱਖ ਤਾਂ ਖੁਦ ਉਨ੍ਹਾਂ ਦੇ ਹੱਥਾਂ ’ਚ ਹੈ। ਭਵਿੱਖ ਕਰਮ ਹੈ। ‘ਜਿਹਾ ਕੰਮ ਤਿਹਾ ਭਵਿੱਖ’ ਬਿਨਾਂ ਮਿਹਨਤ ਕੀਤੇ, ਕੋਈ ਅਜਿਹਾ ਸਾਧਨ ਹੈ ਹੀ ਨਹੀਂ ਕਿ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ। ਸਾਰੀਆਂ ਕੀ, ਇੱਕ ਵੀ ਇੱਛਾ ਬਿਨਾਂ ਕੰਮ ਕੀਤਿਆਂ ਪੂਰੀ ਨਹੀਂ ਹੋ ਸਕਦੀ। ਇਸ ਲਈ ਭਵਿੱਖ ਜਾਣਨ ਦੀ ਬਜਾਏ ਸੰਘਰਸ਼ ਕਰੋ। ਆਪਾਂ ਕੋਈ ਅਲੀਬਾਬਾ ਤਾਂ ਨਹੀਂ ਹਾਂ ਕਿ ‘ਖੁੱਲ੍ਹ ਜਾ ਸਿਮ-ਸਿਮ’ ਕਰਦਿਆਂ ਹੀ ਦੌਲਤ ਦੇ ਦਰਵਾਜੇ ਖੁੱਲ੍ਹ ਜਾਣਗੇ ਅਤੇ ਅਸੀਂ ਮਾਲਾਮਾਲ ਹੋ ਜਾਵਾਂਗੇ।

ਤੁਸੀਂ ਜੋ ਵੀ, ਜਿਹੋ-ਜਿਹਾ ਵੀ ਕੁੱਝ ਕਰੋਗੇ, ਉਸੇ ਤਰ੍ਹਾਂ ਦਾ ਫਲ ਮਿਲੇਗਾ। ਤੁਸੀਂ ਆਪਣੇ ਹੱਥਾਂ ’ਚੋਂ ਹੀ ਆਪਣਾ ਭਵਿੱਖ ਵੇਖ ਸਕਦੇ ਹੋ ਤਾਂ ਫਿਰ ਬੇ-ਅਰਥ ਏਧਰ-ਓਧਰ ਭਟਕਣ ਦੀ ਕੀ ਲੋੜ ਹੈ? ਭਵਿੱਖ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਮਨ ’ਚ ਲਿਆਏ ਬਿਨਾਂ ਆਪਣਾ ਟੀਚਾ ਮਿਥੋ ਕਿ ਅਸੀਂ ਕੀ ਕਰਨਾ ਹੈ? ਅਸੀਂ ਕੀ ਚਾਹੁੰਦੇ ਹਾਂ? ਚਿੰਤਨ ਕਰੋ ਕਿ ਕੀ ਕਰਨ ਨਾਲ ਸਾਡੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ?
ਮਨ ’ਚ ਉੱਠਦੀਆਂ ਫਿਜੂਲ ਕਿਸਮ ਦੀਆਂ ਸ਼ੰਕਾਵਾਂ ਦੇ ਘੇਰੇ, ਤੁਹਾਡੀ ਤਰੱਕੀ ਦੇ ਰਾਹਾਂ ’ਚ ਆਏ ਰੋੜੇ ਹਨ। ਇਹ ਤੁਹਾਡੇ ਹੌਂਸਲੇ ਅਤੇ ਸਿਰਜਣਾਤਮਕ ਸ਼ਕਤੀਆਂ ਨੂੰ ਖਤਮ ਕਰਦੇ ਹਨ। ਘਟੀਆ ਸੋਚਾਂ ਸਾਡੀ ਸਭ ਤੋਂ ਵੱਡੀ ਕਮਜੋਰੀ ਹੈ। ਇਸ ਤਰ੍ਹਾਂ ਦੀਆਂ ਨਕਾਰਾਤਮਕ ਗੱਲਾਂ ਸਾਨੂੰ ਹੌਲੀ-ਹੌਲੀ ਮੌਤ ਵੱਲ ਧੱਕ ਰਹੀਆਂ ਹੁੰਦੀਆਂ ਹਨ। ਇਸ ਲਈ ਹਮੇਸ਼ਾ ਚੰਗੀਆਂ ਗੱਲਾਂ ਸੋਚੋ। ਸੁੰਦਰ ਕਲਪਨਾ ਕਰੋ।

ਆਦਮੀ ਇਸ ਸੰਸਾਰ ਦਾ ਸਭ ਤੋ ਉੱਤਮ ਪ੍ਰਾਣੀ ਹੈ। ਇਸ ’ਚ ਅਸੀਮ ਸ਼ਕਤੀਆਂ ਹਨ। ਇਹ ਸਭ ਕੁੱਝ ਕਰ ਸਕਦਾ ਹੈ। ਪਹਾੜਾਂ ’ਤੇ ਚੜ੍ਹ ਸਕਦਾ ਹੈ। ਹਵਾ ’ਚ ਉੱਡ ਸਕਦਾ ਹੈ। ਸਾਗਰ ਦੀਆਂ ਗਹਿਰਾਈਆਂ ਨੂੰ ਨਾਪ ਸਕਦਾ ਹੈ। ਚੰਦ, ਤਾਰਿਆਂ ਤੱਕ ਪਹੁੰਚ ਸਕਦਾ ਹੈ
ਤੁਸੀਂ ਆਪਣੀ ‘ਮਾਨਵ-ਸ਼ਕਤੀ’ ਨੂੰ ਪਛਾਣੋ। ਤੁਹਾਡੇ ’ਚ ਅਨੋਖੀ ਸ਼ਕਤੀ ਲੁਕੀ ਹੋਈ ਹੈ ਪਰ ਇਹ ਸੌਂ ਰਹੀ ਹੈ। ਖੁਦ ਵੀ ਜਾਗੋ ਤੇ ਇਸਨੂੰ ਵੀ ਜਗਾਓ। ਆਪਣੀ ਇਸ ਸ਼ਕਤੀ ਦਾ ਉਪਯੋਗ ਕਰੋ।

ਇਹ ਜ਼ਿੰਦਗੀ ਹੱਸਦਿਆਂ-ਖੇਡਦਿਆਂ ਤੇ ਧਮਾਲਾਂ ਪਾਉਦਿਆਂ ਜਿਊਣ ਲਈ ਮਿਲੀ ਹੈ। ਕਰਮ ਕਰਕੇ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੋ ਅਤੇ ਇਸ ਜ਼ਿੰਦਗੀ ਨੂੰ ਚੜ੍ਹਦੀਆਂ ਕਲਾਂ ’ਚ ਰਹਿੰਦਿਆਂ ਜੀਵੋ। ਜੀਵਨ ਦਾ ਇਹੀ ‘ਗੁਰ-ਮੰਤਰ’ ਹੈ। ਜਿਸ ਦਿਨ ਤੁਸੀਂ ਇਸ ਸੱਚ ਨੂੰ ਸਮਝ ਲਓਗੇ, ਉਸੇ ਦਿਨ ਤੋਂ ਤੁਹਾਨੂੰ ਸੱਚਮੁੱਚ ਹੀ ਇਹ ਜ਼ਿੰਦਗੀ ਜਿਊਣ ਦਾ ਅਨੰਦ ਆ ਜਾਵੇਗਾ।
ਗੁਰੂ ਅਰਜਨ ਦੇਵ ਨਗਰ,
ਨੇੜੇ ਚੰਗੀ ਨੰ:7, ਫਰੀਦਕੋਟ।
ਮੋ. 98152-96475
ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ