ਚੋਣ ਕਮਿਸ਼ਨ ਦੀ ਟੀਮ ਨੇ ਸਟਰਾਂਗ ਰੂਮਾਂ ਦੀ ਕੀਤੀ ਚੈਕਿੰਗ, ਸਾਰੇ ਪ੍ਰਬੰਧਾਂ ‘ਤੇ ਪ੍ਰਗਟਾਈ ਤਸੱਲੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਚੋਣ ਕਮਿਸ਼ਨ ਦੀ ਟੀਮ ਵੱਲੋਂ ਸਥਾਨਕ ਫਿਜ਼ੀਕਲ ਕਾਲਜ ਵਿਖੇ ਹਲਕਾ ਨਾਭਾ ਅਤੇ ਪਟਿਆਲਾ ਦਿਹਾਤੀ ਦੀਆਂ ਏਵੀਐਮ ਮਸ਼ੀਨਾਂ ‘ਤੇ ਆਮ ਆਦਮੀ ਪਾਰਟੀ ਵੱਲੋਂ ਉਠਾਏ ਗਏ ਵਿਵਾਦ ‘ਤੇ ਪਟਿਆਲਾ ਪ੍ਰਸ਼ਾਸਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਚੋਣ ਕਮਿਸ਼ਨ ਦੀ ਟੀਮ ਵੱਲੋਂ ਅੱਜ ਪਟਿਆਲਾ ਵਿਖੇ ਦੌਰਾ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੇ ਗਏ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਗਈ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬਾਅਦ ਚੋਣ ਕਮਿਸ਼ਨ ਦੀ ਦੋ ਮੈਂਬਰੀ ਟੀਮ।
ਜਿਨ੍ਹਾਂ ਵਿੱਚ ਚੀਫ ਚੋਣ ਅਫਸਰ ਹਿਮਾਚਲ ਪ੍ਰਦੇਸ਼ ਨਰਿੰਦਰ ਚੌਹਾਨ ਅਤੇ ਡਿਪਟੀ ਚੀਫ ਚੋਣ ਅਫਸਰ ਦਿੱਲੀ ਰਾਕੇਸ਼ ਕੁਮਾਰ ਪਟਿਆਲਾ ਵਿਖੇ ਪੁੱਜੇ। ਇਸ ਦੌਰਾਨ ਉਨ੍ਹਾਂ ਵੱਲੋਂ ਪਟਿਆਲਾ ਵਿਖੇ ਵੱਖ-ਵੱਖ ਸਟਰਾਂਗ ਰੂਮਾਂ ਦਾ ਦੌਰਾ ਕੀਤਾ ਅਤੇ ਇੱਥੇ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਇੱਥੇ ਪਟਿਆਲਾ ਦੇ ਜ਼ਿਲ੍ਹਾ ਚੋਣ ਅਫਸਰ ਸਮੇਤ ਵੱਖ-ਵੱਖ ਰਿਟਰਨਿੰਗ ਅਧਿਕਾਰੀ ਨਾਲ ਲੰਬੀ ਗੱਲਬਾਤ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਨਰਿੰਦਰ ਚੌਹਾਨ ਨੇ ਕਿਹਾ ਕਿ ਪਟਿਆਲਾ ਚੋਣ ਅਥਾਰਟੀ ਵੱਲੋਂ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੂਰੇ ਪ੍ਰਬੰਧ ਕੀਤੇ ਹੋਏ ਹਨ।
ਸਟਰਾਂਗ ਰੂਮਾਂ ਅੰਦਰ ਨਿਯਮਾਂ ਅਨੁਸਾਰ ਹੀ ਸਰੁੱਖਿਆ ਵਿਵਸਥਾਂ ਸਮੇਤ ਹੋਰ ਪ੍ਰਬੰਧ ਕੀਤੇ ਗਏ
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਦੌਰੇ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਘਾਟ ਦਿਖਾਈ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਟਰਾਂਗ ਰੂਮਾਂ ਅੰਦਰ ਨਿਯਮਾਂ ਅਨੁਸਾਰ ਹੀ ਸਰੁੱਖਿਆ ਵਿਵਸਥਾਂ ਸਮੇਤ ਹੋਰ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਪਿਛਲੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਇੱਥੇ ਮਸ਼ੀਨਾਂ ਬਦਲਣ ਅਤੇ ਛੇੜਛਾੜ ਨੂੰ ਲੈ ਕੇ ਵਿਵਾਦ ਕੀਤਾ ਗਿਆ ਸੀ, ਅਜਿਹੀ ਕੋਈ ਗੱਲਬਾਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਮਸ਼ੀਨਾਂ ਸਨ ਉਹ ਪੁਰਾਣੀਆਂ ਸਨ ਅਤੇ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾ ਮਿਲੀਆਂ ਸਨ ਜਿਸ ਤੋਂ ਬਾਅਦ ਹੀ ਇੱਥੇ ਦੌਰਾ ਕੀਤਾ ਗਿਆ ਹੈ ਪਰ ਇੱਥੇ ਸਾਰੇ ਪ੍ਰਬੰਧ ਪੂਰੀ ਤਰ੍ਹਾਂ ਦਰੁਸਤ ਨਜਰ ਆਏ।
ਜਦੋਂ ਉਨ੍ਹਾਂ ਤੋਂ ਗਿਣਤੀ ਕੇਂਦਰ ਅੰਦਰਲੀ ਆਪ ਕਾਰਕੁੰਨ ਵੱਲੋਂ ਕੀਤੀ ਗਈ ਵੀਡੀਓਗ੍ਰਾਫੀ ਬਾਰੇ ਸਵਾਲ ਕੀਤਾ ਗਿਆ ਤਾ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰੋਂ ਕਾਫੀ ਸ਼ਿਕਾਇਤਾਂ ਮਿਲੀਆ ਸਨ ਜਿਸ ਸਬੰਧੀ ਉਨ੍ਹਾਂ ਵੱਲੋਂ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ, ਜਲੰਧਰ ਅਤੇ ਤਰਨਤਾਰਨ ਵਿਖੇ ਵੀ ਦੌਰਾ ਕਰਨਗੇ ਅਤੇ ਉੱਥੋਂ ਦੇ ਪ੍ਰਬੰਧਾਂ ਦੀ ਜਾਂਚ ਕਰਨਗੇ। ਸ੍ਰੀ ਚੋਹਾਨ ਨੇ ਕਿਹਾ ਕਿ ਪੰਜਾਬ ਅੰਦਰ ਕਿਸੇ ਪ੍ਰਕਾਰ ਦੀ ਕੋਤਾਹੀ ਨੂੰ ਬਰਦਾਸਤ ਨਹੀਂ ਕੀਤੀ ਜਾਵੇਗਾ। ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ ਰਾਮਬੀਰ ਸਿੰਘ, ਆਰ ਓ ਨਾਭਾ ਸਮੇਤ ਆਪ ਦੇ ਉਮੀਦਵਾਰ ਡਾ ਬਲਬੀਰ ਸਿੰਘ, ਨਾਭਾ ਤੋਂ ਦੇਵ ਮਾਨ ਸਮੇਤ ਹੋਰ ਆਗੂ ਪੁੱਜੇ ਹੋਏ ਸਨ।