ਫਿਰੋਜ਼ਪੁਰ ਕੇਂਦਰੀ ਜ਼ੇਲ੍ਹ ਨੂੰ ਸ਼ਹਿਰ ਤੋਂ ਬਾਹਰ ਸਥਾਪਿਤ ਕਰਨ ਦੇ ਕੀਤੇ ਜਾਣਗੇ ਯਤਨ, ਕੇਂਦਰ ਨੂੰ ਲਿਖਾਂਗੇ ਪੱਤਰ : ਜ਼ੇਲ੍ਹ ਮੰਤਰੀ

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼ਕਾਇਤ ਨਿਵਾਰਨ ਕਮੇਟੀ ਨਾਲ ਵਿਸ਼ੇਸ ਮੀਟਿੰਗ

ਫਿਰੋਜ਼ਪੁਰ,(ਸਤਪਾਲ ਥਿੰਦ)। ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਵਿਚ ਚੋਰੀ ਮੋਬਾਈਲਾਂ ਦੇ ਵੱਧ ਰਹੇ ਕੇਸਾਂ ਅਤੇ ਸੁਰੱਖਿਆ ਲਈ ਕੇਂਦਰੀ ਜ਼੍ਹੇਲ ਨੂੰ ਸ਼ਹਿਰ ਤੋਂ ਬਾਹਰ ਸਥਾਪਿਤ ਕਰਨ ਲਈ ਪੂਰੇ ਯਤਨ ਕੀਤੇ ਜਾਣਗੇ ਤੇ ਇਸ ਲਈ ਭਾਰਤ ਸਰਕਾਰ ਨੂੰ ਪੱਤਰ ਵੀ ਲਿਖਾਂਗੇ। ਇਹ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸਹਿਕਾਰਤਾ ਤੇ ਜੇਲ੍ਹਾਂ  ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਪੁਰਾਣੇ ਅੰਜੇਡੇ ਵਿਚ ਪਹਿਲਾਂ ਆਈਆਂ ਹੋਈਆਂ ਸ਼ਿਕਾਇਤਾਂ ਦਾ ਮੌਕੇ ਤੇ ਹੱਲ ਕੀਤਾ ਉਥੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿਲੇ ਵਿਚ ਪੈਂਡਿੰਗ ਕੰਮਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਵੀ ਜਲਦ ਤੋਂ ਜਲਦ ਨਿਪਟਾਰਾ ਕਰਨ ਦੇ ਆਦੇਸ਼ ਵੀ ਦਿੱਤੇ।

ਇਸ ਮੌਕੇ ਉਹਨਾਂ ਪੈਨਸ਼ਨ ਸਕੀਮ, ਸ਼ਗਨ ਸਕੀਮ, ਘਰ-ਘਰ ਰੁਜ਼ਗਾਰ ਯੋਜਨਾ, ਅਸ਼ੀਰਵਾਦ ਸਕੀਮ, ਉਦਯੋਗਿਕ, ਸਿੱਖਿਆ, ਮਗਨਰੇਗਾ, ਸਿਹਤ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਮਾਰਟ ਰਾਸ਼ਨ ਕਾਰਡ ਯੋਜਨਾ ਸਮੇਤ ਹੋਰ ਵੱਖ-ਵੱਖ ਸਕੀਮਾਂ ਦਾ ਰੀਵਿਊ ਕੀਤਾ ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਅਗਲੀ ਮੀਟਿੰਗ ਦੌਰਾਨ ਆਪਣੇ ਵਿਭਾਗ ਦੀਆਂ ਯੋਜਨਾਵਾਂ ਸਬੰਧੀ ਅਤੇ ਪ੍ਰਾਪਤ ਕੀਤੇ ਟੀਚਿਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਲੈ ਕੇ ਆਉਣ।

ਇਸ ਮੌਕੇ ਉਨ੍ਹਾਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਵਿਧਾਇਕ ਕੁਲਬੀਰ ਜ਼ੀਰਾ ਵੱਲੋਂ ਜ਼ਿਲੇ ਵਿਚ ਮੈਡੀਕਲ ਕਾਲਜ ਦੀ ਮੰਗ ਤੇ ਗੱਲ ਕਰਦਿਆਂ ਕਿਹਾ ਕਿ ਉਹ ਪੂਰੀ ਕੋਸ਼ਿਸ ਕਰਨਗੇ ਕਿ ਜ਼ਿਲੇ ਦੇ ਲੋਕਾਂ ਦੀ ਸਹੂਲਤ ਲਈ ਮੈਡੀਕਲ ਕਾਲਜ ਬਣਾਵਾਇਆ ਜਾਵੇ ਤੇ ਇਸ ਲਈ ਵੀ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਗਲੀ ਮੀਟਿੰਗ ਸਬ-ਡਵੀਜ਼ਨ ਪੱਧਰ ਤੇ ਕਰ ਕੇ ਮੌਕੇ ਤੇ ਹੀ ਲੋਕਾਂ ਦੀਆਂ ਸ਼ਿਕਾਇਤਾ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਐਸਐਸਪੀ ਭੁਪਿੰਦਰ ਸਿੰਘ, ਐਸਡੀਐਮ ਫਿਰੋਜ਼ਪੁਰ ਅਮਿੱਤ ਗੁਪਤਾ, ਐਸਡੀਐਮ ਗੁਰੂਹਰਸਹਾਏ ਰਵਿੰਦਰ ਸਿੰਘ, ਐਸਡੀਐਮ ਜ਼ੀਰਾ ਰਣਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸ਼ਿਕਾਇਤ ਕਮੇਟੀ ਦੇ ਮੈਂਬਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.