22 ਦਿਨਾਂ ਤੋਂ ਡੰਪ ’ਚ ਲੱਗੀ ਅੱਗ ਅਤੇ ਧੂੰਆਂ ਬਣਿਆ ਨਗਰ ਨਿਗਮ ਲਈ ਚੁਣੌਤੀ | Patiala News
- ਡੰਪ ਨੇੜਲੀਆਂ ਕਲੋਨੀਆਂ ਦੇ ਲੋਕ ਜਹਿਰੀਲੇ ਧੂੰਏਂ ਦੀ ਲਪੇਟ ’ਚ | Patiala News
Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਨੌਰੀ ਅੱਡੇ ਨੇੜੇ ਬਣੇ ਕੂੜੇ ਦੇ ਡੰਪ ’ਚ ਅੱਗ ਲੱਗਣ ਕਰਕੇ ਨਿੱਕਲ ਰਹੇ ਧੂੰਏ ਨੇ ਨਗਰ ਨਿਗਮ ਸਮੇਤ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਧੂੰਆਂ ਕੱਢਕੇ ਰੱਖ ਦਿੱਤਾ ਹੈ। ਆਲਮ ਇਹ ਹੈ ਕਿ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇਸ ਧੂੰਏ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਦੀ ਥਾਂ ਇਸ ਦਾ ਸਾਰਾ ਦੋਸ਼ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਕੱਢਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਵੱਧ ਇਸ ਕੂੜੇ ਦੇ ਡੰਪ ਵਿੱਚ ਅੱਗ ਲੱਗੀ ਹੋਈ ਹੈ ਅਤੇ ਲਗਾਤਾਰ ਕੂੜੇ ਵਿੱਚ ਸੁਲਗ ਰਹੀ ਹੈ। ਇਸ ਵਿੱਚੋਂ ਨਿੱਕਲਣ ਵਾਲੇ ਜਹਿਰੀਲੇ ਧੂੰਏ ਦਾ ਖਮਿਆਜਾ ਇਸ ਡੰਪ ਨੇੜੇ ਅੱਧੀ ਦਰਜ਼ਨ ਤੋਂ ਵੱਧ ਵਸੀਆਂ ਕਲੋਨੀਆਂ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਂਜ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਸਮੇਤ ਹੋਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੂੜੇ ਦੇ ਡੰਪ ਵਿੱਚੋਂ ਸੁਲਘ ਰਹੀ ਅੱਗ ’ਤੇ ਕਾਬੂ ਪਾਉਣ ਲਈ ਜੱਦੋਂ ਜਹਿਦ ਕੀਤੀ ਜਾ ਰਹੀ ਹੈ, ਪਰ ਮੀਥੇਨ ਗੈਸ ਦੀ ਮਾਤਰਾ ਜਿਆਦਾ ਹੋਣ ਕਾਰਨ ਇਹ ਅੱਗ ਅੰਦਰੋਂ ਅੰਦਰੀ ਸੁਲਗ ਰਹੀ ਹੈ।
Patiala News
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਅਜੇ ਨੋਟਿਸ ਜਾਰੀ ਕਰਨ ਤੱਕ ਹੀ ਸੀਮਿਤ ਹੋਇਆ ਬੈਠਾ ਹੈ ਜਦੋ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੁੱਖ ਦਫ਼ਤਰ ਹੋਣ ਕਾਰਨ ਸਾਰਾ ਅਮਲਾ ਫੈਲਾ ਇੱਥੇ ਹੀ ਬੈਠਾ ਹੈ। ਵੱਡੀ ਗੱਲ ਇਹ ਹੈ ਕਿ ਜਦੋਂ ਭਾਜਪਾ ਦੇ ਕੌਂਸਲਰਾਂ ਜਾ ਭਾਜਪਾ ਆਗੂਆਂ ਵੱਲੋਂ ਇਸ ਫੈਲ ਰਹੇ ਧੂੰਏ ਦੇ ਮੁੱਦੇ ਨੂੰ ਸੋਸ਼ਲ ਮੀਡੀਆ ’ਤੇ ਜਨਤਾ ਅੱਗੇ ਚੁੱਕ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਨਗਰ ਨਿਗਮ ਸਮੇਤ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਗਰਮ ਹੋ ਜਾਂਦੇ ਹਨ ਅਤੇ ਮੱਲੋਂ ਮੱਲੀ ਉਨ੍ਹਾਂ ਦਾ ਪੈਰ ਇਸ ਕੂੜੇ ਦੇ ਡੰਪ ਵਾਲੇ ਸਥਾਨ ਵੱਲ ਪੈ ਜਾਂਦਾ ਹੈ।
Read Also : ’ਕਿਹਾ ਤਾਂ ਬਹੁਤਿਆਂ ਨੇ ਸੀ ਪਰ ਮੇਰਾ ਘਰ ਬਣਾਇਆ ਡੇਰਾ ਸ਼ਰਧਾਲੂਆਂ ਨੇ ਹੀ’
ਇੱਥੇ ਪੁੱਜ ਕੇ ਇਸ ਸੁਲਗ ਰਹੀ ਅੱਗ ਅਤੇ ਪ੍ਰਦੂਸ਼ਣ ਫੈਲਾ ਰਹੇ ਇਸ ਧੂੰਏ ਦੀ ਰੋਕਥਾਮ ਲਈ ਹੋਰ ਯਤਨ ਤੇਜ਼ ਕਰਕੇ ਨੇੜਲੇ ਲੋਕਾਂ ਨੂੰ ਰਾਹਤ ਦਿਵਾਉਣ ਦੀ ਥਾਂ ਭਾਜਪਾ ਆਗੂਆਂ ਅਤੇ ਪਿਛਲੀ ਕੈਪਟਨ ਸਰਕਾਰ ਨੂੰ ਇਸ ਕੂੜੇ ਦੇ ਡੰਪ ਦਾ ਜਿੰਮੇਵਾਰ ਗਰਦਾਨ ਕੇ ਸਿਆਸੀ ਚੋਬ ਮਾਰੀ ਜਾਂਦੀ ਹੈ। ਕੂੜੇ ਦੇ ਡੰਪ ਨੇੜਲੀਆਂ ਕਨੋਲੀਆਂ ਦੇ ਲੋਕਾਂ ਵੱਲੋਂ ਸਿੱਧੇ ਤੌਰ ’ਤੇ ਆਖਿਆ ਜਾ ਰਿਹਾ ਹੈ ਕਿ ਪਿਛਲੇ 22 ਦਿਨਾਂ ਤੋਂ ਨਗਰ ਨਿਗਮ ਧੂੂੰਏ ਤੋਂ ਨਿਜ਼ਾਤ ਦਿਵਾਉਣ ਵਿੱਚ ਫੇਲ੍ਹ ਸਾਬਤ ਹੋਇਆ ਹੈ।
ਭਾਜਪਾ ਦੇ ਕੌਂਸਲਰ ਅਨੁਜ ਖੌਸਲਾ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਵੱਲੋਂ ਲੋਕਾਂ ਨਾਲ ਜੁੜਿਆ ਇਹ ਮੁੱਦਾ ਚੁੱਕਿਆ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਵਾਲੇ ਇਸ ਨੂੰ ਰਾਜਨੀਤੀ ਕਰਾਰ ਦਿੰਦੇ ਹਨ। ਅੱਜ ਵੀ ਇਸ ਕੂੜੇ ਦੇ ਡੰਪ ਦਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਦੌਰਾ ਕੀਤਾ ਗਿਆ ਹੈ ਅਤੇ ਆਖਿਆ ਕਿ ਸਥਿਤੀ ਕਾਬੂ ਵਿੱਚ ਹੈ ਅਤੇ ਨਗਰ ਨਿਗਮ ਵੱਲੋਂ ਪੂਰੀ ਤੇਜ਼ੀ ਨਾਲ ਇੱਥੇ ਕੰਮ ਕੀਤਾ ਜਾ ਰਿਹਾ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲਗਾਤਾਰ ਰੱਖ ਰਿਹੈ ਨਿਗ੍ਹਾ
ਇਸ ਮਾਮਲੇ ਸਬੰਧੀ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿਗ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੱਥੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੀਥੇਨ ਗੈਸ ਕਾਰਨ ਇੱਥੇ ਧੂੰਆਂ ਨਿੱਕਲ ਰਿਹਾ ਹੈ ਅਤੇ ਉੱਪਰੋਂ ਤੇਜ਼ ਹਵਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਤਲਬ ਕੀਤਾ ਹੋਇਆ ਹੈ ਅਤੇ 7 ਮਈ ਨੂੰ ਉਨ੍ਹਾਂ ਵੱਲੋਂ ਆਪਣਾ ਪੱਖ ਰੱਖਣਾ ਹੈ।
ਨਿਗਮ ਵੱਲੋਂ ਤਨਦੇਹੀ ਨਾਲ ਕੀਤਾ ਜਾ ਰਿਹੈ ਕੰਮ : ਮੇਅਰ
ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਦਾ ਕਹਿਣਾ ਹੈ ਕਿ ਅੱਗ ’ਤੇ ਕਾਬੂ ਪਾਉਣ ਲਈ ਨਗਰ ਨਿਗਮ ਵੱਲੋਂ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡੰਪ ਦੇ ਆਲੇ-ਦੁਆਲੇ ਮਿੱਟੀ ਸੁੱਟੀ ਜਾ ਰਹੀ ਹੈ ਤਾਂ ਜੋ ਅੱਗ ਨੂੰ ਭਖਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਅਜਿਹੇ ਮੁੱਦਿਆਂ ’ਤੇ ਰਾਜਨੀਤੀ ਚਮਕਾਉਣਾ ਹੁੰਦਾ ਹੈ, ਪਰ ਨਿਗਮ ਵੱਲੋਂ ਆਪਣਾ ਕੰਮ ਪੂਰੀ ਮਿਹਨਤ ਨਾਲ ਕੀਤਾ ਜਾ ਰਿਹਾ ਹੈ।