ਡਾ਼ ਮਨਜੀਤ ਸਿੰਘ ਹੋਣਗੇ ਪੰਜਾਬੀ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ਼

Dr. Manjit Singh, Registrar, Punjabi University

ਅਕਾਦਮਿਕ ਸਟਾਫ ਕਾਲਜ ਵਜੋਂ ਐਡੀਸ਼ਨਲ ਚਾਰਜ ਦਿੱਤਾ

ਖੁਸ਼ਵੀਰ ਤੂਰ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ-ਚਾਂਸਲਰ ਡਾ. ਅਨੁਰਾਗ ਵਰਮਾ ਆਪਣੀ ਬਦਲੀ ਤੋਂ ਪਹਿਲਾ ਡਾ. ਮਨਜੀਤ ਸਿੰਘ ਨਿੱਝਰ ਪ੍ਰੋਫੈਸਰ ਅਤੇ ਮੁਖੀ ਕਾਨੂੰਨ ਵਿਭਾਗ ਨੂੰ ਨਵੇਂ ਰਜਿਸਟਰਾਰ ਵਜੋਂ ਨਿਯੁਕਤ ਕਰ ਗਏ ਹਨ। ਸਾਬਕਾ ਡੀਨ, ਫੈਕਲਟੀ ਆਫ ਲਾਅ ਡਾ. ਨਿੱਜਰ ਨੇ ਅੱਜ ਇਹ ਅਹੁਦਾ ਯੂਨੀਵਰਸਿਟੀ ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ ਦੀ ਮੌਜੂਦਗੀ ਵਿੱਚ ਸੰਭਾਲਿਆ।

ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਪ੍ਰੋਫੈਸਰ ਡਾ. ਯੋਗਰਾਜ ਨੂੰ ਡਾਇਰੈਕਟਰ, ਐਮ.ਐਚ.ਆਰ.ਡੀ.-ਯੂ.ਜੀ.ਸੀ. ਅਕਾਦਮਿਕ ਸਟਾਫ ਕਾਲਜ ਵਜੋਂ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਡਾ. ਬਲਵਿੰਦਰ ਸਿੰਘ ਟਿਵਾਣਾ ਦਾ ਸਥਾਨ ਲਿਆ ਹੈ।

ਡਾ. ਰਾਜੇਸ਼ ਸ਼ਰਮਾ ਪ੍ਰੋਫੈਸਰ ਅੰਗਰੇਜੀ ਵਿਭਾਗ ਨੂੰ ਡੀਨ ਇੰਟਰਨੈਸ਼ਨਲ ਸਟੂਡੈਂਟਸ ਅਤੇ ਡਾ. ਐਮ.ਐਸ. ਰੰਧਾਵਾ ਪ੍ਰੋਫੈਸਰ ਅਤੇ ਮੁਖੀ ਸਮਾਜ ਵਿਗਿਆਨ ਵਿਭਾਗ ਨੂੰ ਡਾ.ਐਚ.ਐਸ. ਭੱਟੀ ਦੀ ਜਗ੍ਹਾ ਡਾਇਰੈਕਟਰ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਪੈਕਟ ਅਸੈਸਮੈਂਟ ਵਜੋਂ ਨਿਯੁਕਤ ਕੀਤਾ ਗਿਆ ਹੈ।

ਕੋਸ਼ਕਾਰੀ ਅਤੇ ਪੰਜਾਬੀ ਵਿਭਾਗਾਂ ਦੇ ਮੁਖੀਆਂ ਨੂੰ ਕ੍ਰਮਵਾਰ ਡਾਇਰੈਕਟਰ ਅਤੇ ਕੋਆਰਡੀਨੇਟਰ, ਸੈਂਟਰ ਫਾਰ ਡਾਇਸਪੋਰਾ ਸਟੱਡੀਜ਼ ਵਜੋਂ ਨਿਯੁਕਤ ਕੀਤਾ ਗਿਆ ਹੈ ਜਦ ਕਿ ਹਿੰਦੀ ਵਿਭਾਗ ਦੇ ਮੁਖੀ ਨੂੰ ਵਾਲਮੀਕੀ ਵਿਭਾਗ ਦੇ ਮੁਖੀ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।