Giloy Kadha: ਆਪਣੇ-ਆਪ ਉੱਗਣ ਵਾਲੀਆਂ ਅਤੇ ਬਿਨਾਂ ਕਿਸੇ ਦੇਖਭਾਲ ਤੋਂ ਵਧਣ-ਫੁੱਲਣ ਵਾਲੀਆਂ ਜੜ੍ਹੀ-ਬੂਟੀਆਂ ਅਕਸਰ ਹੀ ਸਾਡੇ ਵਾਸਤੇ ਵਰਦਾਨ ਸਾਬਤ ਹੁੰਦੀਆਂ ਹਨ, ਬਸ਼ਰਤੇ ਸਾਨੂੰ ਉਨ੍ਹਾਂ ਨੂੰ ਵਰਤਣ ਦਾ ਢੰਗ ਆਉਂਦਾ ਹੋਵੇ । ਧਤੂਰਾ ਅਤੇ ਅੱਕ ਮਦਾਰ ਵਰਗਿਆਂ ਪੌਦਿਆਂ ਨੂੰ ਲੋਕ ਜ਼ਹਿਰ ਸਮਝ ਕੇ ਡਰਦੇ ਹਨ, ਪਰ ਜੇਕਰ ਇਨ੍ਹਾਂ ਨੂੰ ਢੰਗ ਨਾਲ ਵਰਤਿਆ ਜਾਵੇ ਤਾਂ ਇਹ ਭਿਆਨਕ ਤੋਂ ਭਿਆਨਕ ਬਿਮਾਰੀਆਂ ਤੋਂ ਸਾਨੂੰ ਨਿਜਾਤ ਦਵਾ ਦਿੰਦੇ ਹਨ।
-ਗਿਲੋਅ ਵੀ ਇੱਕ ਆਪਣੇ-ਆਪ ਵਧਣ-ਫੁੱਲਣ ਵਾਲੀ ਵੇਲ ਹੁੰਦੀ ਹੈ, ਜਿਸ ਨੂੰ ਜੜ੍ਹ ਦੀ ਵੀ ਲੋੜ ਨਹੀਂ ਹੁੰਦੀ । ਜੇਕਰ ਇਹ ਕਿਸੇ ਰੁੱਖ ਉੱਤੇ ਵੀ ਚੜ੍ਹ ਜਾਵੇ ਤਾਂ ਆਪਣਾ ਭੋਜਨ ਉੱਥੋਂ ਹੀ ਪ੍ਰਾਪਤ ਕਰ ਕੇ ਵਧ-ਫੁੱਲ ਜਾਂਦੀ ਹੈ । ਗਿਲੋਅ ਨੂੰ ਆਯੁਰਵੇਦ ਵਿੱਚ ਅੰਮ੍ਰਿਤਾ ਵੀ ਕਿਹਾ ਗਿਆ ਹੈ, ਕਿਉਂਕਿ ਇਹਦੇ ਅੰਦਰ ਬਹੁਤ ਜ਼ਿਆਦਾ ਗੁਣ ਹਨ। ਆਯੁਰਵੇਦ ਵਿੱਚ ਵੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਦਵਾਈ ਦੇ ਰੂਪ ਵਿੱਚ ਸਦੀਆਂ ਤੋਂ ਵਰਤੀ ਜਾਂਦੀ ਹੈ, ਪਰ ਅੱਜ ਅਸੀਂ ਗਿਲੋਅ ਤੋਂ ਬਣੀ ਮਸ਼ਹੂਰ ਅਤੇ ਕਾਰਗਰ ਹੋਮੀਓਪੈਥਿਕ ਦਵਾਈ TinosporaCordifolia Q ਦੀ ਗੱਲ ਕਰਾਂਗੇ ।
Giloy Kadha
ਇਹ ਦਵਾਈ ਸਾਡੀ ਰੋਗ ਪ੍ਰਤੀ ਰੋਧਕ ਸ਼ਕਤੀ ਵਧਾਉਣ ਲਈ ਬਹੁਤ ਹੀ ਵਧੀਆ ਟਾਨਿਕ ਹੈ ਅਤੇ ਸਾਡੇ ਆਸ-ਪਾਸ ਜਿੰਨੇ ਵੀ ਵਾਇਰਸ ਪਨਪਦੇ ਹਨ , ਇਹ ਸਾਡਾ ਉਨ੍ਹਾਂ ਤੋਂ ਬਹੁਤ ਮਜ਼ਬੂਤੀ ਨਾਲ ਬਚਾਅ ਕਰਦੀ ਹੈ।-ਜੇਕਰ ਬੁਖਾਰ ਕਾਰਨ ਕਿਸੇ ਦੇ ਗਲੇ ਵਿੱਚ ਦਰਦ ਹੋਵੇ , ਦੁਪਹਿਰ ਤੋਂ ਬਾਅਦ ਠੰਢ ਲੱਗ ਕੇ ਬੁਖਾਰ ਹੋਵੇ ਅਤੇ ਵਾਰ-ਵਾਰ ਹੋ ਕੇ ਉੱਤਰ ਜਾਂਦਾ ਹੋਵੇ ਨਾਲ ਪਿੱਤ ਦੀਆਂ ਉਲਟੀਆਂ ਆਉਂਦੀਆਂ ਹੋਣ, ਫੇਫੜੇ ਕਮਜ਼ੋਰ ਹੋ ਗਏ ਹੋਣ, ਲੰਮੇ ਸਮੇਂ ਤੋਂ ਸੁੱਕੀ ਖੰਘ ਪਿੱਛਾ ਨਾ ਛੱਡਦੀ ਹੋਵੇ, ਜੋੜਾਂ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਇਹ ਦਵਾਈ ਬਹੁਤ ਹੀ ਵਧੀਆ ਕੰਮ ਕਰਦੀ ਹੈ।
ਕਿਸੇ ਵੀ ਤਰ੍ਹਾਂ ਦੇ ਬੁਖਾਰ ਕਾਰਨ ਘਟੇ ਹੋਏ ਪਲੇਟਲੈਟਸ ਸੈੱਲ ਇਹ ਬਹੁਤ ਤੇਜ਼ੀ ਨਾਲ ਵਧਾਉਂਦੀ ਹੈ ਅਤੇ ਬੁਖਾਰ ਤੋਂ ਛੁਟਕਾਰਾ ਦਿਵਾਉਂਦੀ ਹੈ । ਸਰੀਰ ਵਿੱਚ ਨਵੀਂ ਸ਼ਕਤੀ ਪੈਦਾ ਕਰਦੀ ਹੈ ਅਤੇ ਮਰੀਜ਼ ਆਪਣੇ-ਆਪ ਨੂੰ ਚੁਸਤ ਮਹਿਸੂਸ ਕਰਦਾ ਹੈ ।
ਇਹ ਲਿਵਰ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਕੇ ਪੀਲੀਆ ਅਤੇ ਹੈਪੇਟਾਇਟਸ ਵਰਗੇ ਰੋਗਾਂ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ । ਇਹ ਅੰਤੜੀਆਂ ਨੂੰ ਸਾਫ ਕਰਦੀ ਹੈ ਅਤੇ ਉਨ੍ਹਾਂ ਅੰਦਰ ਬਣੇ ਅਲਸਰ ਤੋਂ ਛੁਟਕਾਰਾ ਦਿਵਾਉਂਦੀ ਹੈ ।
Giloy Kadha
ਇਸ ਵੇਲ ਦੇ ਪੱਤੇ ਦਿਲ ਦੇ ਆਕਾਰ ਦੇ ਹੁੰਦੇ ਹਨ ਅਤੇ ਇਹ ਦਿਲ ਦੇ ਬਹੁਤ ਸਾਰੇ ਰੋਗਾਂ ਵਾਸਤੇ ਬਹੁਤ ਵੀ ਕਾਰਗਰ ਦਵਾਈ ਹੈ। ਗੰਦੇ ਕਲੈਸਟਰੋਲ ਨੂੰ ਘੱਟ ਕਰਕੇ ਇਹ ਵਧੀਆ ਕਲੈਸਟਰੋਲ ਨੂੰ ਵਧਾਉਂਦੀ ਹੈ ਅਤੇ ਵਧੇ ਬਲੱਡ ਪਰੈਸ਼ਰ ਤੋਂ ਛੁਟਕਾਰਾ ਦਿਵਾਉਂਦੀ ਹੈ । ਦਿਲ ਦੇ ਮਸਲ ਮਜ਼ਬੂਤ ਕਰਦੀ ਹੈ ਅਤੇ ਬੰਦ ਨਸਾਂ ਨੂੰ ਖੋਲ੍ਹਣ ਵਿੱਚ ਸਹਾਇਤਾ ਕਰਦੀ ਹੈ ।
ਪੇਸ਼ਾਬ ਦੇ ਰੋਗਾਂ ਲਈ ਵੀ ਇਹ ਬਹੁਤ ਵਧੀਆ ਕੰਮ ਕਰਦੀ ਹੈ । ਪੇਸ਼ਾਬ ਕਰਦੇ ਸਮੇਂ ਜਲਨ, ਪੇਸ਼ਾਬ ਦਾ ਰੁਕ ਜਾਣਾ ਜਾਂ ਘੱਟ ਆਉਣਾ ਵੀ ਬਹਾਲ ਕਰ ਦਿੰਦੀ ਹੈ ।
ਖੁਰਾਕ: ਕੱਚ ਦੇ ਗਲਾਸ ਵਿੱਚ ਦੋ-ਤਿੰਨ ਚਮਚ ਪਾਣੀ ਪਾ ਕੇ ਵਿੱਚ ਇਹਦੀਆਂ 20 ਬੂੰਦਾਂ ਪਾ ਕੇ ਸਵੇਰੇ, ਦੁਪਹਿਰੇ ਅਤੇ ਸ਼ਾਮ , ਲੈਣੀ ਚਾਹੀਦੀ ਹੈ। ਬਿਮਾਰੀ ਦੀ ਗੰਭੀਰ ਹਾਲਤ ਵਿੱਚ ਇਹਨੂੰ ਜਲਦੀ ਜਲਦੀ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਨੋਟ:- ਗਰਭਵਤੀ ਅਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਤੇ ਛੋਟੇ ਬੱਚਿਆਂ ਨੂੰ ਇਹਦਾ ਸੇਵਨ ਨਹੀਂ ਕਰਵਾਉਣਾ ਚਾਹੀਦਾ, ਜੇਕਰ ਲੋੜ ਪਵੇ ਵੀ ਤਾਂ ਕਿਸੇ ਕਾਬਿਲ ਹੋਮਿਓਪੈਥ ਜਾਂ ਵੈਦ ਦੀ ਸਲਾਹ ਲੈਣੀ ਚਾਹੀਦੀ ਹੈ।
ਨਿੰਮ ਦੇ ਰੁੱਖ ’ਤੇ ਚੜ੍ਹੀ ਗਿਲੋਅ ਸਭ ਤੋਂ ਵਧੀਆ ਮੰਨੀ ਜਾਂਦੀ ਹੈ।
ਡਾ. ਇੰਦਰਜੀਤ ਕਮਲ