Depth Campaign | ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਨਸ਼ੇ ਖਿਲਾਫ ਰਲ਼ ਕੇ ਚੱਲਣ ਤੇ ਪੂਰਾ ਸਹਿਯੋਗ ਦੇਣ ਦਾ ਦਿੱਤਾ ਭਰੋਸਾ
- ਪਿੰਡ ਦੇ ਪੰਚਾਇਤ ਘਰ ’ਚ ਕੀਤਾ ਨਸ਼ਿਆਂ ਖਿਲਾਫ਼ ਸੈਮੀਨਾਰ
ਮਾਨਸਾ/ਸਰਦੂਲਗੜ੍ਹ (ਸੁਖਜੀਤ ਮਾਨ)। ਨਸ਼ਿਆਂ ਦੇ ਕਹਿਰ ਨਾਲ ਕਿਸੇ ਦਾ ਘਰ ਨਾ ਪੁੱਟਿਆ ਜਾਵੇ ਇਸ ਲਈ ਅਸੀਂ ਨਸ਼ੇ ਨੂੰ ਹੀ ਜੜ੍ਹੋਂ ਪੁੱਟਣਾ ਹੈ। ਇਹ ਟੀਚਾ ਮਿਥ ਕੇ ਜ਼ਿਲ੍ਹਾ ਮਾਨਸਾ ਦੀ ਸਬ ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ ਦੀ ਪੰਚਾਇਤ ਵੱਲੋਂ ਅੱਜ ਪਿੰਡ ਦੇ ਪੰਚਾਇਤ ਘਰ ’ਚ ਨਸ਼ਿਆਂ ਖਿਲਾਫ਼ (Depth Campaign) ਸੈਮੀਨਾਰ ਕਰਵਾਇਆ ਗਿਆ। ਅਗਾਂਹਵਧੂ ਸੋਚ ਦੇ ਮਾਲਕ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਤੇ ਸਮੁੱਚੀ ਪੰਚਾਇਤ ਦੀ ਅਗਵਾਈ ’ਚ ਹੋਏ ਇਸ ਸੈਮੀਨਾਰ ’ਚ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ।
ਸੈਮੀਨਾਰ ’ਚ ਪੁੱਜੇ ਵੱਡੀ ਗਿਣਤੀ ਪਿੰਡ ਵਾਸੀਆਂ, ਜਿਨ੍ਹਾਂ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੀ ਸਨ, ਨੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਇਸ ਲਹਿਰ ’ਚ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਐਸਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਤਾਂ ਹੀ ਹੋ ਸਕਦਾ ਹੈ ਕਿ ਜੇਕਰ ਅਸੀਂ ਆਪਣੇ-ਆਪਣੇ ਘਰਾਂ ਨੂੰ ਨਸ਼ਾ ਮੁਕਤ ਕਰਕੇ ਪੂਰੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ। ਉਨ੍ਹਾਂ ਹਾਜ਼ਰ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਿੰਡ ਵਿੱਚੋਂ ਨਸ਼ੇ ਦਾ ਮੁਕੰਮਲ ਖ਼ਾਤਮਾ ਕਰ ਦਿਓ ਤਾਂ ਜੋ ਪਿੰਡ ਨੂੰ ਸਬ ਡਵੀਜਨ ਸਰਦੂਲਗੜ੍ਹ ਦਾ ਪਹਿਲਾ ਨਸ਼ਾ ਮੁਕਤ ਪਿੰਡ ਐਲਾਨਿਆ ਜਾ ਸਕੇ। ਐਸਐਸਪੀ ਨੇ ਕਿਹਾ ਕਿ ਜੋ ਵੀ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਹਨ ਪੁਲਿਸ ਉਨ੍ਹਾਂ ਦਾ ਸਹਿਯੋਗ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਵੇਚਣ ਵਾਲੇ ਬਾਰੇ ਵੀ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਜੋ ਅਜਿਹੇ ਅਨਸਰਾਂ ਨੂੰ ਕਾਬੂ ਕਰਕੇ ਨਸ਼ਿਆਂ ਦੇ ਕਹਿਰ ਨੂੰ ਰੋਕਿਆ ਜਾ ਸਕੇ। (Depth Campaign)
ਐੱਸਐੱਸਪੀ ਨੇ ਕੀਤੀ ਸਰਪੰਚ ਸਮੇਤ ਪੰਚਾਇਤ ਦੇ ਉਪਰਾਲੇ ਦੀ ਸ਼ਲਾਘਾ
ਡੀਐਸਪੀ ਗੋਬਿੰਦਰ ਸਿੰਘ ਨੇ ਆਪਣੇ ਹੁਣ ਤੱਕ ਦੇ ਪੁਲਿਸ ਕੈਰੀਅਰ ਦੌਰਾਨ ਨਸ਼ਿਆਂ ਕਾਰਨ ਤਬਾਹ ਹੋਏ ਘਰਾਂ ਦੀਆਂ ਉਦਾਹਰਨਾਂ ਦੇ ਕੇ ਸੰਬੋਧਨ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਨਸ਼ਾ ਹੱਸਦੀ-ਵੱਸਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ ਹੈ ਪਰ ਅਸਲ ਸੁਧਾਰ ਘਰ ਮਾਪੇ ਹੁੰਦੇ ਹਨ ਇਸ ਲਈ ਉਹ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖ ਕੇ ਉਨ੍ਹਾਂ ਨੂੰ ਸੁਧਾਰ ਕੇ ਰੱਖ ਸਕਦੇ ਹਨ। ਉਨ੍ਹਾਂ ਪਿੰਡ ਦੇ ਨੌਕਰੀਪੇਸ਼ਾ ਤੇ ਐਨਆਰਆਈਜ਼ ਨੂੰ ਅਪੀਲ ਕੀਤੀ ਕਿ ਪਿੰਡ ਦੀ ਬਿਹਤਰੀ ਲਈ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਹਿਯੋਗ ਕਰਨ।
ਪਿੰਡ ਦੇ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਵਾਰਸਾਂ ਹਰੀ ਸਿੰਘ ਨਲੂਆ ਤੇ ਹੋਰਨਾਂ ਨੇ ਸਾਡੀ ਖਾਤਰ ਲੜਾਈਆਂ ਲੜੀਆਂ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਦੌੜਾਕ ਮਿਲਖਾ ਸਿੰਘ ਨੂੰ ਦੁਨੀਆਂ ਜਾਣਦੀ ਹੈ ਪਰ ਅੱਜ ਪੰਜਾਬ ਖੇਡਾਂ ’ਚ ਪੱਛੜ ਰਿਹਾ ਹੈ ਜਿਸ ਦਾ ਕਾਰਨ ਨਸ਼ਾ ਹੈ ਇਸ ਮੌਕੇ ਸਰਪੰਚ ਨੇ ਐੱਸਐੱਸਪੀ ਨੂੰ ਭਰੋਸਾ ਦਿਵਾਇਆ ਕਿ ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੂਰੇ ਪਿੰਡ ਨੂੰ 10-15 ਦਿਨਾਂ ’ਚ ਨਸ਼ਾ ਮੁਕਤ ਪਿੰਡ ਬਣਾਇਆ ਜਾਵੇਗਾ।
ਸਰਪੰਚ ਵੱਲੋਂ ਧੰਨਵਾਦ | Depth Campaign
ਸਰਪੰਚ ਵੱਲੋਂ ਐੱਸਐੱਸਪੀ ਦਾ ਨਸ਼ਿਆਂ ਖਿਲਾਫ਼ ਇਸ ਸੈਮੀਨਾਰ ਵਿੱਚ ਪੁੱਜਣ ’ਤੇ ਧੰਨਵਾਦ ਕੀਤਾ ਗਿਆ ਤੇ ਸਮੁੱਚੀ ਪੰਚਾਇਤ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੀ ਨਸ਼ਿਆਂ ਦੇ ਖਾਤਮੇ ਲਈ ਆਪਣੇ ਵਿਚਾਰ ਰੱਖੇ ਗਏ ਤੇ ਕਵਿਤਾਵਾਂ ਬੋਲੀਆਂ ਗਈਆਂ। ਇਸ ਮੌਕੇ ਐੱਸਐੱਚਓ ਥਾਣਾ ਝੁਨੀਰ ਗਨੇਸ਼ਵਰ ਕੁਮਾਰ, ਏਐਸਆਈ ਵਿਜੇ ਕੁਮਾਰ ਇੰਚਾਰਜ ਸਾਂਝ ਕੇਂਦਰ ਝੁਨੀਰ ਆਦਿ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਐਸਐਸਪੀ ਡਾ. ਨਾਨਕ ਸਿੰਘ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਤੁਸੀਂ ਚੰਗੀ ਕਿਸਮਤ ਵਾਲੇ ਹੋ ਕਿ ਤੁਹਾਨੂੰ ਅਜਿਹਾ ਚੰਗਾ ਸਰਪੰਚ ਮਿਲਿਆ ਹੈ ਜੋ ਨਸ਼ਿਆਂ ਖਿਲਾਫ਼ ਲੜਾਈ ਲੜ ਰਿਹਾ ਹੈ ਕਿਉਂਕਿ ਬਹੁਤ ਘੱਟ ਅਜਿਹੇ ਸਰਪੰਚ ਹੁੰਦੇ ਹਨ।
ਡੀਐਸਪੀ ਗੋਬਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਨਸ਼ਿਆਂ ਦਾ ਰਾਹ ਤਿਆਗ ਦਿੱਤਾ ਉਹ ਹੁਣ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਪੁੱਜੇ ਲੋਕਾਂ ਨੂੰ ਆਪਣੇ ਬੱਚਿਆਂ ’ਤੇ ਖਾਸ ਧਿਆਨ ਰੱਖਣ ਲਈ ਕਿਹਾ ਤਾਂ ਜੋ ਬੱਚਿਆਂ ਨੂੰ ਗਲਤ ਸੰਗਤ ਤੋਂ ਬਚਾ ਕੇ ਰੱਖਿਆ ਜਾ ਸਕੇ।
ਪਿੰਡ ਦੇ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦਾ ਰਾਹ ਤਿਆਗਣਾ ਚਾਹੀਦਾ ਹੈ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਪਿੰਡ ਵਾਸੀ ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੇਵਾ ਮੁਕਤ ਫੌਜੀ ਜਵਾਨ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵੀ ਨਸ਼ਿਆਂ ਦੇ ਖਾਤਮੇ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪਿੰਡ ਦੇ ਸਰਪੰਚ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਪਿੰਡ ਵਾਸੀ ਹੋਣ ਦੇ ਨਾਤੇ ਤੇ ਡੇਰੇ ਦੀ ਸਿੱਖਿਆ ’ਤੇ ਚੱਲਦਿਆਂ ਪੂਰਾ ਯੋਗਦਾਨ ਪਾਉਣਗੇ।
ਪਿੰਡ ਵਾਸੀਆਂ ਨੇ ਦਿਖਾਇਆ ਭਾਰੀ ਉਤਸ਼ਾਹ
ਨਸ਼ਿਆਂ ਖਿਲਾਫ਼ ਇਸ ਸੈਮੀਨਾਰ ’ਚ ਪਿੰਡ ਵਾਸੀ ਪੂਰੇ ਉਤਸ਼ਾਹ ਨਾਲ ਪੁੱਜੇ। ਜਦੋਂ ਐਸਐਸਪੀ ਡਾ. ਨਾਨਕ ਸਿੰਘ ਨੇ ਪਿੰਡ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ਕਿਹਾ ਤਾਂ ਸਰਪੰਚ ਦਾ ਪੂਰੇ ਪਿੰਡ ਵਾਸੀਆਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।