ਜ਼ੇਰੇ ਇਲਾਜ ਨੌਜਵਾਨ ਪੁਲਿਸ ਕਾਂਸਟੇਬਲ ਦੀ ਮੌਤ, ਘਰ ਸਮੇਤ ਸ਼ਹਿਰ ’ਚ ਛਾਇਆ ਮਾਤਮ

ਮੁਹਾਲੀ ਤੋਂ ਡਿਊਟੀ ਕਰਕੇ ਪਰਤਣ ਸਮੇਂ ਪਟਿਆਲਾ ਵਿਖੇ ਹੋਇਆ ਸੀ ਇੱਕ ਸੜਕ ਹਾਦਸੇ ਦਾ ਸ਼ਿਕਾਰ

ਬਰਨਾਲਾ, (ਜਸਵੀਰ ਸਿੰਘ ਗਹਿਲ) ਡਿਊਟੀ ਤੋਂ ਪਰਤਦਿਆਂ ਪਟਿਆਲਾ ਵਿਖੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਬਰਨਾਲਾ ਵਾਸੀ ਨੌਜਵਾਨ ਪੁਲਿਸ ਕਾਂਸਟੇਬਲ ਦੀ ਜ਼ੇਰੇ ਇਲਾਜ਼ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਕਾਂਸਟੇਬਲ ਦੀ ਮੌਤ ਤੋਂ ਬਾਅਦ ਪਰਿਵਾਰ ਸਮੇਤ ਸਮੁੱਚੇ ਸ਼ਹਿਰ ਅੰਦਰ ਮਾਤਮ ਛਾ ਗਿਆ ਹੈ।

ਜਾਣਕਾਰੀ ਮੁਤਾਬਕ ਸਥਾਨਕ ਵਸਨੀਕ ਇੱਕ ਲੋੜਵੰਦ ਪਰਿਵਾਰ ’ਚ ਇਕਲੌਤਾ ਸਤਨਾਮ ਰਾਏ ਸ਼ਰਮਾ 20 ਸਤੰਬਰ ਨੂੰ ਮੁਹਾਲੀ ਵਿਖੇ ਹੋਏ ਮੈਚ ’ਚ ਡਿਊਟੀ ਨਿਭਾਉਣ ਉਪਰੰਤ ਵਾਪਸ ਬਰਨਾਲਾ ਸਥਿੱਤ ਆਪਣੇ ਘਰ ਨੂੰ ਪਰਤ ਰਿਹਾ ਸੀ ਜੋ ਪਟਿਆਲਾ ਪਹੁੰਚਣ ’ਤੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਗੰਭੀਰ ਰੂਪ ’ਚ ਜਖਮੀ ਹੋ ਗਿਆ ਸੀ। ਇਸ ਦਰਦਨਾਕ ਹਾਦਸੇ ’ਚ ਸਤਨਾਮ ਰਾਏ ਸ਼ਰਮਾ ਦੇ ਮੂੰਹ ਦਾ ਸੱਜਾ ਪਾਸਾ (ਜਬਾੜਾ) ਸੜਕ ਨਾਲ ਘਿਸੜਨ ਕਰਕੇ ਬੁਰੀ ਤਰਾਂ ਨਾਲ ਦਰੜਿਆ ਗਿਆ ਸੀ।

ਜਿਸ ਤੋਂ ਬਾਅਦ ਸਤਨਾਮ ਰਾਏ ਜ਼ੇਰੇ ਇਲਾਜ਼ ਸੀ ਜੋ ਅੱਜ ਸਵੇਰ ਸਮੇਂ ਜਿੰਦਗੀ ਤੇ ਮੌਤ ਦੀ ਜੰਗ ਹਾਰ ਗਿਆ। ਪਤਾ ਲੱਗਾ ਹੈ ਕਿ ਸਤਨਾਮ ਰਾਏ ਸ਼ਰਮਾ ਦੀ ਮੌਤ ਤੋਂ ਬਾਅਦ ਘਰ ’ਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ। ਦੱਸ ਦਈਏ ਕਿ ਹਾਦਸੇ ਵਾਲੇ ਦਿਨ ਤੋਂ ਬਾਅਦ ਪਰਿਵਾਰ ਸਮੇਤ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਵੱਖ ਵੱਖ ਸ਼ੋਸਲ ਮੀਡੀਆਂ ਪਲੇਟਫਾਰਮਾਂ ਜ਼ਰੀਏ ਇਲਾਜ ਅਧੀਨ ਸਤਨਾਮ ਰਾਏ ਸ਼ਰਮਾਂ ਦੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਸਨ।

ਨਾਲੋ ਨਾਲ ਇਲਾਜ਼ ਲਈ ਆਰਥਿਕ ਮੱਦਦ ਦੀ ਗੁਹਾਰ ਵੀ ਲਗਾਈ ਜਾ ਰਹੀ ਸੀ। ਪਰ ਅੱਜ ਉਸ ਸਮੇਂ ਸਭ ਬੇਅਰਥ ਸਾਬਤ ਹੋ ਗਿਆ ਜਦੋਂ ਸਤਨਾਮ ਰਾਏ ਸ਼ਰਮਾਂ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਸਤਨਾਮ ਰਾਏ ਸ਼ਰਮਾ ਬਰਨਾਲ ਵਿਖੇ ਪੁਲਿਸ ਵਿਭਾਗ ’ਚ ਬਤੌਰ ਕਾਂਸਟੇਬਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ