ਮੁੱਖ ਮੰਤਰੀ ਦੇ ਆਦੇਸ਼ ਮੰਨਣ ਨੂੰ ਤਿਆਰ ਨਹੀਂ ਡੀਸੀ, ਇੱਕ ਵੀ ਨਹੀਂ ਆਈ ਰਿਪੋਰਟ 

DC, Obey, Chief Minister, Order, Report

ਅਮਰਿੰਦਰ ਸਿੰਘ ਨੇ ਖੁੱਲ੍ਹੇ ਅਤੇ ਨਕਾਰਾ ਬੋਰਵੈੱਲਾਂ ਦੀ ਮੰਗੀ ਸੀ 24 ਘੰਟਿਆਂ ‘ਚ ਰਿਪੋਰਟ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ਨੂੰ ਪੰਜਾਬ ਦਾ ਕੋਈ ਵੀ ਡਿਪਟੀ ਕਮਿਸ਼ਨਰ ਮੰਨਣ ਨੂੰ ਹੀ ਤਿਆਰ ਨਹੀਂ ਹੈ, ਜਿਸ ਕਾਰਨ ਖੁੱਲ੍ਹੇ ਅਤੇ ਨਕਾਰਾ ਬੋਰਵੈੱਲਾਂ ਦੇ ਮਾਮਲੇ ਵਿੱਚ 24 ਘੰਟੇ ਬੀਤਣ ਤੋਂ ਬਾਅਦ ਵੀ ਪੰਜਾਬ ਦੇ 22 ਡਿਪਟੀ ਕਮਿਸ਼ਨਰਾਂ ਵਿੱਚੋਂ ਇੱਕ ਵੀ ਡਿਪਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਨਹੀਂ ਭੇਜੀ।   ਡਿਪਟੀ ਕਮਿਸ਼ਨਰਾਂ ਦੀ ਇਸ ਲਾਪਰਵਾਹੀ ਅਤੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਕਾਰਵਾਈ ਨੂੰ ਦੇਖ ਕੇ ਖ਼ੁਦ ਮੁੱਖ ਮੰਤਰੀ ਦਫ਼ਤਰ ਵੀ ਹੈਰਾਨ ਸੀ ਹਾਲਾਂਕਿ ਮੁੱਖ ਮੰਤਰੀ ਦਫ਼ਤਰ ਅਜੇ 24 ਘੰਟੇ ਦਾ ਹੋਰ ਇੰਤਜ਼ਾਰ ਕਰੇਗਾ, ਉਸ ਤੋਂ ਬਾਅਦ ਹੀ ਡਿਪਟੀ ਕਮਿਸ਼ਨਰਾਂ ਤੋਂ ਜੁਆਬਤਲਬੀ ਤੱਕ ਕੀਤੀ ਜਾਏਗੀ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਨਕਾਰਾ ਬੋਰਵੈਲ ਵਿੱਚ ਮਾਸੂਮ ਫਤਹਿਵੀਰ ਦੇ ਡਿੱਗਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੋਮਵਾਰ ਇਹ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਉਹ ਆਪਣੇ ਆਪਣੇ ਜ਼ਿਲ੍ਹੇ ਦੀ ਹੱਦ ਵਿੱਚ ਇਹ ਚੈਕਿੰਗ ਕਰਨਗੇ ਕਿ ਕਿੰਨੇ ਨਕਾਰਾ ਜਾਂ ਫਿਰ ਖੁੱਲ੍ਹੇ ਬੋਰਵੈੱਲ ਪਏ ਹਨ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਸਬੰਧੀ 24 ਘੰਟੇ ਦੀ ਸਮਾਂ ਹੱਦ ਵੀ ਤੈਅ ਕੀਤੀ ਸੀ ਤਾਂ ਕਿ ਜਲਦ ਹੀ ਪੰਜਾਬ ਦੇ ਸਾਰੇ ਨਕਾਰਾ ਤੇ ਖੁੱਲ੍ਹੇ ਬੋਰਵੈੱਲ ਬੰਦ ਕਰਵਾ ਦਿੱਤੇ ਜਾਣ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ। ਅਮਰਿੰਦਰ ਸਿੰਘ ਦੇ ਇਨਾਂ ਆਦੇਸ਼ਾਂ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਹਰ ਡਿਪਟੀ ਕਮਿਸ਼ਨਰ ਨੂੰ ਸੂਚਿਤ ਤੱਕ ਕਰ ਦਿੱਤਾ ਗਿਆ ਸੀ ਪਰ ਪੰਜਾਬ ਦੇ ਕਿਸੇ ਵੀ ਡਿਪਟੀ ਕਮਿਸ਼ਨਰ ਨੇ ਇਸ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਜਾਂ ਫਿਰ ਮੁੱਖ ਮੰਤਰੀ ਦੇ ਦਫ਼ਤਰ ਨੂੰ ਨਹੀਂ ਭੇਜੀ ਹੈ।
ਮੰਗਲਵਾਰ ਨੂੰ 24 ਘੰਟੇ ਬੀਤਣ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਇਸ ਤਰਾਂ ਦੀ ਰਿਪੋਰਟ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ ਪਰ ਦੇਰ ਸ਼ਾਮ ਤੱਕ ਇਸ ਤਰਾਂ ਦੀ ਕੋਈ ਵੀ ਰਿਪੋਰਟ ਚੰਡੀਗੜ ਨਹੀਂ ਪੁੱਜੀ ਸੀ।
ਡਿਪਟੀ ਕਮਿਸ਼ਨਰਾਂ ਦੀ ਇਸ ਲੇਟ ਲਤੀਫ਼ੀ ਤੋਂ ਨਰਾਜ਼ ਮੁੱਖ ਮੰਤਰੀ ਦਫ਼ਤਰ ਕੋਈ ਕਾਰਵਾਈ ਕਰਨ ਦੀ ਥਾਂ ‘ਤੇ ਅਗਲੇ 24 ਘੰਟੇ ਦਾ ਹੋਰ ਇੰਤਜ਼ਾਰ ਕਰੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।