ਪੁੱਤ ਦੀ ਮੌਤ ਦਾ ਬਦਲਾ ਲੈਣ ਵਾਸਤੇ ਕਰਵਾਇਆ ਸੀ ਕਤਲ
ਖੰਨਾ। ਪਿਛਲੇ ਦਿਨੀਂ 16 ਨਵੰਬਰ ਨੂੰ ਪਿੰਡ ਭੁਮੱਦੀ ਵਿੱਚ ਇੱਕ ਔਰਤ ਜਸਵੀਰ ਕੌਰ ਦਾ ਕਤਲ ਹੋਇਆ ਸੀ। ਜਸਵੀਰ ਕੌਰ ਦੇ ਕਤਲ ਮਾਮਲੇ ਨੇ ਅੱਜ ਇੱਕ ਨਵਾਂ ਮੋੜ ਆਇਆ ਹੈ। ਪੁਲਿਸ ਨੇ ਇਸ ਕਤਲ ‘ਚ ਜਸਵੀਰ ਕੌਰ ਦੀ ਸੱਸ ਦਾ ਹੱਥ ਹੋਣ ਦਾ ਖੁਲਾਸਾ ਕੀਤਾ ਗਿਆ। ਮ੍ਰਿਤਕ ਦੀ ਸੱਸ ਨੂੰ ਸ਼ੱਕ ਸੀ ਕਿ ਉਸ ਦੇ ਲੜਕੇ ਦਾ ਕਤਲ ਜਸਵੀਰ ਕੌਰ ਨੇ ਕੀਤਾ ਸੀ। ਇਸ ਕਰਕੇ ਆਪਣੇ ਪੁੱਤ ਦੀ ਮੌਤ ਦਾ ਬਦਲਾ ਲੈਣ ਲਈ ਨੂੰਹ ਦਾ ਕਤਲ ਕਰਵਾਇਆ। ਥਾਣਾ ਸਦਰ ਮੁਖੀ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਿੰਡ ਭੁਮੱਦੀ ਥਾਣਾ ਸਦਰ ਖੰਨਾ ਵਿੱਚ ਜਸਵੀਰ ਕੌਰ ਪਤਨੀ ਮ੍ਰਿਤਕ ਅਵਤਾਰ ਸਿੰਘ ਨਿਵਾਸੀ ਭੁਮੱਦੀ ਥਾਣਾ ਦਾ ਦੋ ਨੌਜਵਾਨਾਂ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਾਂਦੇ ਸਮੇਂ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਭੁਮੱਦੀ ਨੂੰ ਵੀ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।
ਇਸੇ ਦੌਰਾਨ ਪਿੰਡ ਵਾਸੀਆਂ ਵੱਲੋਂ ਵਾਰਦਾਤ ਕਰਨ ਵਾਲੇ ਵਿਅਕਤੀਆਂ ‘ਚੋਂ ਇੱਕ ਨੂੰ ਮੌਕੇ ਤੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ, ਪਰ ਦੂਜਾ ਵਿਅਕਤੀ ਭੱਜਣ ‘ਚ ਕਾਮਯਾਬ ਹੋ ਗਿਆ ਸੀ। ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੌਕੇ ‘ਤੇ ਪੁੱਜ ਕੇ ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਿਸ ਨੇ ਆਪਣਾ ਨਾਂ ਜਸਵੀਰ ਸਿੰਘ ਨਿਵਾਸੀ ਮੀਆਪੁਰ ਥਾਣਾ ਅਮਲ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੱਸਿਆ। ਮੌਕੇ ਤੋਂ ਭੱਜੇ ਮੁਲਜ਼ਮ ਦਾ ਨਾਂਅ ਜੱਗੀ ਦੱਸਿਆ ਜਾ ਰਿਹਾ ਹੈ।
ਸੱਸ ਆਪਣੇ ਲੜਕੇ ਦੀ ਮੌਤ ਦਾ ਕਾਰਨ ਆਪਣੀ ਨੂੰਹ ਨੂੰ ਮੰਨਦੀ ਸੀ
ਜਾਣਕਾਰੀ ਅਨੁਸਾਰ ਪੁਲਿਸ ਨੇ ਕਿਹਾ ਕਿ ਮ੍ਰਿਤਕਾ ਜਸਵੀਰ ਕੌਰ ਦਾ ਪਤੀ ਅਵਤਾਰ ਸਿੰਘ ਪਿਛਲੀ ਦੀਵਾਲੀ ਦੀ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਗਿਆ ਸੀ। ਇਸ ਕਾਰਨ ਮ੍ਰਿਤਕਾ ਦੀ ਸੱਸ ਹਰਜਿੰਦਰ ਕੌਰ ਆਪਣੇ ਲੜਕੇ ਦੀ ਮੌਤ ਦਾ ਕਾਰਨ ਆਪਣੀ ਨੂੰਹ ਮ੍ਰਿਤਕਾ ਜਸਵੀਰ ਕੌਰ ਨੂੰ ਮੰਨਦੀ ਸੀ। ਬਦਲਾ ਲੈਣ ਲਈ ਆਪਣੇ ਭਣੌਈਏ ਬੇਅੰਤ ਸਿੰਘ ਨਾਲ ਮਿਲ ਕੇ ਨੂੰਹ ਜਸਵੀਰ ਕੌਰ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।