ਪੋਲਿੰਗ ਦੀ ਪਵਿੱਤਰਤਾ ਨੂੰ ਬਚਾਈ ਰੱਖਣ ਲਈ ਮੇਰੀ ਗਿਰਫ਼ਤਾਰੀ ਛੋਟੀ ਜਿਹੀ ਕੀਮਤ : ਨਵਾਜ

Polling, Nawaz

ਨਵਾਜ ਨੂੰ ਹੋਈ ਹੈ 10 ਸਾਲ ਦੀ ਸਜ਼ਾ

ਲਹੌਰ (ਏਜੰਸੀ)। ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਬੇਟੀ ਮਰਿਅਮ ਨਵਾਜ ਨਾਲ ਗਿਰਫ਼ਤਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਆਪਣੀ ਗਿਰਫ਼ਤਾਰੀ ਨੂੰ ਪੋਲਿੰਗ ਦੀ ਪਵਿੱਤਰਤਾ ਬਚਾਈ ਰੱਖਣ ਲਈ ਛੋਟੀ ਜਿਹੀ ਕੀਮਤ ਕਰਾਰ ਦਿੱਤਾ ਹੈ। ਸ਼ਰੀਫ਼ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਮੈਨੂੰ ਜੇਲ ਭੇਜਿਆ ਜਾਵੇਗਾ, ਪਰ ਪਾਕਿਸਤਾਨ ‘ਚ ਪੋਲਿੰਗ ਦੀ ਪਵਿੱਤਰਤਾ ਨੂੰ ਬਚਾਈ ਰੱਖਣ ਲਈ ਮਹਾਨ ਮਿਸ਼ਨ ਲਈ ਇਹ ਛੋਟੀ ਜਿਹੀ ਕੀਮਤ ਹੈ। ਤਹਿਰੀਕ-ਏ-ਇਨਸਾਫ਼ ਦੇ ਮੁਖੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਸ਼ਰੀਫ਼ ਨੂੰ ਅਪਰਾਧੀ ਦੱਸਦੇ ਹੋਏ ਕਿਹਾ ਕਿ ਉਹ ਕਿਸੇ ਦੇ ਸਮੱਰਥਨ ਦੇ ਹੱਕਦਾਰ ਨਹੀਂ ਹਨ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਐਕਾਊਂਟੀਬਿਲਟੀ ਕੋਰਟ ਨੇ ਪਿਛਲੇ ਹਫ਼ਤੇ ਲੰਦਨ ਦੇ ਏਵੀਅਨ ਫੀਲਡ ‘ਚ 4 ਫਲੈਟ ਦੇ ਮਾਮਲੇ ‘ਚ ਸ਼ਰੀਫ਼ ਨੂੰ 10 ਸਾਲ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਸ਼ਰੀਫ਼ ਤੇ ਉਨ੍ਹਾਂ ਦੇ ਬੇਟੀ ਲੰਡਨ ਵਿੱਚ ਸਨ। ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਬੀ) ਨੇ ਸ਼ੁੱਕਰਵਾਰ ਦੀ ਰਾਤ ਸਵਦੇਸ਼ ਦੀ ਧਰਤੀ ‘ਤੇ ਕਦਮ ਰੱਖਦੇ ਹੀ ਇੱਥੇ ਅਲੱਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ‘ਤੇ ਹਿਰਾਸਤ ‘ਚ ਲੈ ਲਿਆ।