ਭ੍ਰਿਸ਼ਟਾਚਾਰ ਨੂੰ ਕਰਾਰੀ ਸੱਟ

 

ਭ੍ਰਿਸ਼ਟਾਚਾਰ ਨੂੰ ਕਰਾਰੀ ਸੱਟ

ਪੰਜਾਬ ਦੇ ਆਵਾਜਾਈ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਜਿਸ ਤਰ੍ਹਾਂ 21ਦਿਨਾਂ ਅੰਦਰ ਦਿਨ ਰਾਤ ਛਾਪੇਮਾਰੀ ਕਰਕੇ ਬੱਸ ਮਾਫੀਆ ਦਾ ਪਰਦਾਫ਼ਾਸ਼ ਕੀਤਾ ਹੈ ਉਸ ਨਾਲ ਸੂਬੇ ਤੇ ਦੇਸ਼ ਦੇ ਮਾੜੇ ਹਾਲਾਤਾਂ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ ਭ੍ਰਿਸ਼ਟਾਚਾਰ ਕਿਸ ਹੱਦ ਤੱਕ ਫੈਲ ਗਿਆ ਹੈ ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ

ਰਾਜਾ ਵੜਿੰਗ ਨੇ 21 ਦਿਨਾਂ ’ਚ ਪ੍ਰਾਈਵੇਟ 258 ਬੱਸਾਂ ਜ਼ਬਤ ਕੀਤੀਆਂ ਹਨ, ਜੋ ਗੈਰ ਕਾਨੂੰਨੀ ਤੌਰ ’ਤੇ ਚੱਲ ਰਹੀਆਂ ਹਨ ਇਸੇ ਤਰ੍ਹਾਂ ਤਿੰਨ ਕਰੋੜ ਤੋਂ ਵੱਧ ਟੈਕਸ ਚੋਰੀ ਦੀ ਉਗਰਾਹੀ ਕੀਤੀ ਹੈ ਇੱਥੋਂ ਸਾਰੀ ਕਹਾਣੀ ਸਮਝ ਆ ਜਾਂਦੀ ਹੈ ਕਿ ਆਖਰ ਪੰਜਾਬ ਦੀਆਂ ਸਰਕਾਰੀ ਬੱਸਾਂ ਪੀਪੇ ਕਿਉਂ ਬਣ ਗਈਆਂ ਹਨ ਤੇ ਰੋਡਵੇਜ਼ ਘਾਟੇ ’ਚ ਕਿਉਂ ਹੈ ਮੰਤਰੀ ਵੱਲੋਂ ਕੀਤੀ ਗਈ ਪਹਿਰੇਦਾਰੀ ਨਾਲ ਉਮੀਦ ਹੈ ਕਿ ਸਰਕਾਰੀ ਬੱਸਾਂ ਤੇ ਜਨਤਕ ਆਵਾਜਾਈ ਦੀ ਹਾਲਤ ਸੁਧਰੇਗੀ ਇਹ ਤਬਦੀਲੀ ਇਹ ਵੀ ਸੁਆਲ ਉਠਾਉਂਦੀ ਹੈ ਕਿ ਸਾਢੇ ਚਾਰ ਸਾਲ ਸਰਕਾਰ ਦੇ ਪੱਧਰ ’ਤੇ ਆਖ਼ਰ ਏਨੀ ਲਾਪਰਵਾਹੀ ਕਿਉਂ ਵਰਤੀ ਗਈ

ਜਿਸ ਨਾਲ ਕਰੀਬ 3000 ਕਰੋੜ ਦਾ ਨੁਕਸਾਨ ਵੀ ਸੂਬੇ ਨੂੰ ਭੁਗਤਣਾ ਪਿਆ ਹੈ ਆਵਾਜਾਈ ਮੰਤਰੀ ਕੋਲ ਸਮਾਂ ਥੋੜ੍ਹਾ ਹੈ , ਚੋਣਾਂ ਨੇੜੇ ਆ ਰਹੀਆਂ ਹਨ ਸੁਧਾਰ ਲਈ ਹੋਰ ਕਾਫੀ ਕੁਝ ਕਰਨਾ ਪਵੇਗਾ ਪਰ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਵੱਡੀਆਂ ਮੱਛੀਆਂ ਵੱਡੀ ਚੁਣੌਤੀ ਹੁੰਦੀਆਂ ਹਨ ਪਰ ਭਵਿੱਖ ’ਚ ਇਸ ਮੁਹਿੰਮ ਨੂੰ ਜਾਰੀ ਰੱਖਣ ਦੀ ਵੀ ਚੁਣੌਤੀ ਹੁੰਦੀ ਹੈ ਅਕਸਰ ਇਹ ਹੁੰਦਾ ਆਇਆ ਹੈ ਕਿ ਕੋਈ ਵਿਰਲਾ ਸਰਕਾਰੀ ਅਫ਼ਸਰ ਇਮਾਨਦਾਰ ਹੋਵੇ ਤਾਂ ਉਸ ਨੂੰ ਬਦਲੀਆਂ ਦੇ ਚੱਕਰਵਿਊ ’ਚ ਘੁੰਮਾਇਆ ਜਾਂਦਾ ਹੈ ਜਾਂ ਫ਼ਿਰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ

ਜਿੱਥੋਂ ਤੱਕ ਰਾਜਾ ਵੜਿੰਗ ਦੀਆਂ ਸਰਗਰਮੀਆਂ ਤੇ ਸਖ਼ਤ ਕਾਰਵਾਈਆਂ ਦਾ ਸਬੰਧ ਹੈ, ਇਸ ਨਾਲ ਭ੍ਰਿਸ਼ਟ ਢਾਂਚੇ ਨੂੰ ਸੱਟ ਜ਼ਰੂਰ ਵੱਜੀ ਹੈ ਭ੍ਰਿਸ਼ਟਾਚਾਰ ਦੇ ਨੈਟਵਰਕ ਨਾਲ ਜੁੜੇ ਲੋਕਾਂ ਨੂੰ ਜਾਂ ਤਾਂ ਇਮਾਨਦਾਰ ਬਣਨਾ ਪਵੇਗਾ ਜਾਂ ਇਹ ਅਜਿਹੇ ਲੋਕ ਇਕੱਠੇ ਹੋ ਕੇ ਕੋਈ ਨਾ ਕੋਈ ਤਿਕੜਮ ਲੜਾਉਣ ਦੀ ਕੋਸ਼ਿਸ਼ ਕਰਨਗੇ ਇਹ ਤਾਂ ਸਿਰਫ਼ ਇੱਕ ਵਿਭਾਗ ਦਾ ਹੀ ਲੇਖਾ-ਜੋਖਾ ਹੈ ਬਾਕੀ ਵਿਭਾਗਾਂ ਦਾ ਕੀ ਹਾਲ ਹੈ ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਸਿਸਟਮ ’ਤੇ ਭ੍ਰਿਸ਼ਟਾਚਾਰ ਦੀ ਗਰਦ ਏਨੀ ਚੜ੍ਹ ਜਾਂਦੀ ਹੈ ਕਿ ਸਿਸਟਮ ਨਜ਼ਰ ਨਹੀਂ ਆਉਂਦਾ ਤਾਹੀਂ ਤਾਂ ਇੱਕ ਕਿਸਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ ਕੁਰਲਾਉਂਦਿਆਂ ਆਖਿਆ ਸੀ ਕਿ ‘‘ਤੁਸੀਂ (ਸਰਕਾਰ) ਤਾਂ ਫਸਲ ਦਾ ਮੁਆਵਜ਼ੇ ਦੇ ਦਿਓਗੇ,

ਅੱਗੇ ਜਿਹੜੇ ਚੋਰ (ਅਫ਼ਸਰਸ਼ਾਹੀ) ਬੈਠੇ ਹਨ ਉਹਨਾਂ ਸਹੀ ਮੁਆਵਜ਼ਾ ਕਿਸਾਨ ਤੱਕ ਨਹੀਂ ਪਹੁੰਚਣ ਦੇਣਾ’’ ਛੋਟੇ ਛੋਟੇ ਕੰਮਾਂ ਲਈ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਗੱਲ ਸਿਰਫ਼ ਬੱਸਾਂ ਜਾਂ ਮੁਆਵਜੇ ਦੀ ਨਹੀਂ ਸਗੋਂ ਕਾਨੂੰਨ ਪ੍ਰਬੰਧ ਦੀ ਵੀ ਹੈ ਚੋਰੀਆਂ, ਡਕੈਤੀਆਂ, ਧੋਖਾਧੜੀਆਂ, ਵਰਗੀਆਂ ਬੁਰਾਈਆਂ ਨੇ ਵੀ ਸਿਸਟਮ ਨੂੰ ਕਮਜ਼ੋਰ ਕੀਤਾ ਹੋਇਆ ਹੈ ਸਮੁੱਚੇ ਸਿਸਟਮ ’ਚ ਸੁਧਾਰ ਜ਼ਰੂਰੀ ਹੈ ਇੱਕ ਮੰਤਰੀ ਨੇ ਹਿੰਮਤ ਵਿਖਾਈ ਹੈ ਹੁਣ ਵੇਖਣਾ ਇਹ ਹੈ ਕਿ ਬਾਕੀ ਮੰਤਰੀ ਸਮੁੱਚੇ ਸਿਸਟਮ ’ਚ ਆਈਆਂ ਖਰਾਬੀਆਂ ਨੂੰ ਦੂਰ ਕਰਨ ਲਈ ਕਦੋਂ ਹਿੰਮਤ ਕਰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ