ਬੇਕੀਮਤੀ ਰੁੱਖ

ਬੇਕੀਮਤੀ ਰੁੱਖ

ਮਾਸਟਰ ਸੁਖਵਿੰਦਰ ਆਪਣੇ ਖੇਤ ’ਚ ਕੁਝ-ਕੁ ਦਿਨ ਪਹਿਲਾਂ ਹੀ ਲਾਏ ਰੁੱਖਾਂ ਦੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਦੇ ਖੇਤ ਦਾ ਗੁਆਂਢੀ ਜਰਨੈਲ ਆ ਕੇ ਕਹਿਣ ਲੱਗਾ , ਵਾਹ ਮਾਸਟਰ ਜੀ! ਆਹ ਕਿਹੋ ਜਿਹੇ ਦਰੱਖਤ ਲਾਈ ਜਾਨਂੇ ਓ? ਮੈਂ ਤਾਂ ਪਹਿਲਾਂ ਕਦੇ ਦੇਖੇ ਨਹੀਂ ਇਹ ਕਿਤੇ ?

ਓਹ ਭਾਈ ਜਰਨੈਲ ! ਇਹ ਬਹੁਤ ਹੀ ਵਧੀਆ ਰੁੱਖ ਨੇ , ਆ ਤੈਨੂੰ ਦੱਸਾਂ ਇਨ੍ਹਾਂ ਬਾਰੇ ਇਹ ਆਖਦਿਆਂ ਮਾਸਟਰ ਸੁਖਵਿੰਦਰ ਰੁੱਖਾਂ ਬਾਰੇ ਦੱਸਣ ਲੱਗ ਪਿਆ। ਛੋਟੇ ਵੀਰ !! ਇਹ ਗੁਲਮੋਹਰ ਆ , ਓਹ ਅਮਲਤਾਸ਼ , ਚਕਰੇਸ਼ੀਆ ਅਤੇ ਸੁੰਹਾਜਣਾ ਨੇ , ਇੱਧਰ ਸਿਲਵਰਓਕ, ਸਿੰਬਲ ਅਤੇ ਅਰਜਨ ਦੇ ਪੌਦੇ ਨੇ

ਬੜੇ ਅਜੀਬ ਨਾਂਅ ਨੇ ! ਇਨ੍ਹਾਂ ਦੀ ਤਾਂ ਲੱਕੜ ਬਹੁਤ ਹੀ ਮਹਿੰਗੀ ਵਿਕਦੀ ਹੋਊ , ਜਰਨੈਲ ਹੈਰਾਨ ਹੁੰਦਿਆਂ ਬੋਲਿਆ ।
ਇਹ ਸੁਣਕੇ ਸੁਖਵਿੰਦਰ ਆਖਣ ਲੱਗਾ, ਓਹ ਵੀਰ ਮੇਰਿਆ! ਜਿਨ੍ਹਾਂ ਰੁੱਖਾਂ ਦੀ ਲੱਕੜ ਮਹਿੰਗੀ ਵਿਕਦੀ ਐ , ਓਹ ਕਿੱਥੇ ਛੱਡੇ ਆ ਲੋਕਾਂ ਨੇ , ਸਭ ਪੁਟਾ ਕੇ ਵੇਚ ਤੇ , ਹੁਣ ਦਿਸਦਾ ਕਿਤੇ ਕੋਈ ਰੁੱਖ ਤੈਨੂੰ ?

ਜਰਨੈਲ ਨੇ ਚਾਰੇ ਪਾਸੇ ਨਜ਼ਰ ਘੁਮਾਈ ਅਤੇ ਬੋਲਿਆ , ‘‘ਗੱਲ ਤਾਂ ਤੁਹਾਡੀ ਠੀਕ ਐ ਜੀ , ਕਿਸੇ ਵੇਲੇ ਬੜੀਆਂ ਟਾਹਲੀਆਂ , ਕਿੱਕਰਾਂ ਅਤੇ ਬੇਰੀਆਂ ਹੁੰਦੀਆਂ ਸੀ ਏਸ ਪਾਸੇ ਹੁਣ ਤਾਂ ਕੋਈ ਟਾਵਾਂ- ਟਾਵਾਂ ਦਰੱਖਤ ਹੀ ਦਿਸਦੈ’’ ਤਾਂ ਹੀ ਮੈਂ ਇਹ ਰੁੱਖ ਲਾਏ ਆ , ਅਸਲ ਵਿੱਚ ਇਹ ਫੁੱਲਾਂ ਆਲੇ ਅਤੇ ਸਜਾਵਟੀ ਰੁੱਖ ਨੇ , ਇਨ੍ਹਾਂ ਦੀ ਲੱਕੜ ਬਹੁਤੇ ਕੰਮ ਨਹੀਂ ਆਉਂਦੀ ’’ ਸੁਖਵਿੰਦਰ ਬੋਲਿਆ।
ਇਹ ਸੁਣਕੇ ਜਰਨੈਲ ਨੇ ਅਚੰਭੇ ਨਾਲ ਪੁੱਛਿਆ, ਫਿਰ ਕੀ ਫਾਇਦਾ ਮਾਸਟਰ ਜੀ ਇਹ ਲਾਓਣ ਦਾ , ਜਦੋਂ ਕਿਸੇ ਪਾਸੇ ਵਿਕਣੇ ਈ ਨਹੀਂ , ਐਵੀਂ ਫਸਲ ਨੂੰ ਮਾਰ ਪਾਉਣਗੇ ਇਹ ਸੁਣ ਕੇ ਸੁਖਵਿੰਦਰ ਕਹਿਣ ਲੱਗਾ,

ਓਹ ਭਾਈ ਜਰਨੈਲ ! ਜੇ ਨਹੀਂ ਵਿਕਣੇ ਤਾਂਹੀਓ ਤਾਂ ਮੈਂ ਲਾ ਰਿਹਾ , ਅਸਲ ਵਿੱਚ ਰੁੱਖਾਂ ਦਾ ਅਸਲੀ ਫਾਇਦਾ ਤਾਂ ਬਹੁਤ ਹੀ ਘੱਟ ਲੋਕ ਜਾਣਦੇ ਆ , ਇਹ ਸਾਨੂੰ ਸਾਹ ਦਿੰਦੇ ਆ , ਸਾਡਾ ਜੀਵਨ ਇਨ੍ਹਾਂ ਸਿਰ ’ਤੇ ਐ , ਮੈਂ ਇਹ ਰੁੱਖ ਲਾਏ ਈ ਇਸ ਕਰਕੇ ਆ ਕਿ ਮੇਰੀ ਆਉਣ ਆਲੀ ਪੀੜ੍ਹੀ ਇਨ੍ਹਾਂ ਨੂੰ ਪੈਸੇ ਦੇ ਲਾਲਚ ਪਿੱਛੇ ਲੱਗ ਕੇ ਕਿਤੇ ਪੁਟਾ ਕੇ ਵੇਚ ਹੀ ਨਾ ਦੇਵੇ

ਵਾਹ ਜੀ ! ਮੰਨ ਗਏ ਤੁਹਾਡੀ ਦੂਰ ਅੰਦੇਸ਼ੀ ਸੋਚ ਨੂੰ , ਮੈਨੂੰ ਵੀ ਸਮਝ ਆ ਗਈ ਕਿ ਇਹ ਓਹ ਬੇਕੀਮਤੀ ਰੁੱਖ ਨੇ ਜਿਨ੍ਹਾਂ ਦੀ ਕੀਮਤੀ ਦੇਣੀ ਸਾਡੇ ਵੱਸ ਨਹੀਂ ਐ , ਮੋਢੇ ਤੇ ਆਕਸੀਜਨ ਦਾ ਮਹਿੰਗਾ ਸਿਲੰਡਰ ਚੁੱਕਣ ਨਾਲੋਂ ਤਾਂ ਕਿਤੇ ਚੰਗਾ ਐ , ਅਸੀਂ ਆਪੋ- ਆਪਣੇ ਖੇਤ ਵੱਧ ਤੋਂ ਵੱਧ ਰੁੱਖ ਲਾਈਏ ਇਹ ਆਖ ਕੇ ਜਰਨੈਲ ਵੀ ਪਾਣੀ ਪਵਾਉਣ ਲੱਗ ਪਿਆ ।
ਮਾਸਟਰ ਸੁਖਵਿੰਦਰ ਦਾਨਗੜ੍ਹ
ਮੋ: 9417180205

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ