ਕੋਰੋਨਾ ਰਲੀਫ਼ ਫੰਡ: 5 ਦਿਨਾਂ ‘ਚ ਸਿਰਫ਼ ਪੁੱਜੇ 15 ਲੱਖ, ਵਿਧਾਇਕਾਂ ਨੇ ਵੀ ਨਹੀਂ ਭੇਜਿਆ ਪੈਸਾ

Fight with Corona

ਪੰਜਾਬ ਵਿੱਚ 15 ਲੱਖ ਤਾਂ ਹਰਿਆਣਾ ਪੁੱਜ ਚੁਕਿਐ 15 ਕਰੋੜ ਦੇ ਨੇੜੇ

ਚੰਡੀਗੜ (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਹਾਂਮਾਰੀ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਮਦਦ ਦੀ ਅਪੀਲ ਕਿਸੇ ਵੀ ਕੰਮ ਨਹੀਂ ਆ ਰਹੀ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬਣਾਏ ਗਏ ਕੋਰੋਨਾ ਰਲੀਫ਼ ਫੰਡ ਵਿੱਚ ਪਿਛਲੇ 5 ਦਿਨਾਂ ਵਿੱਚ ਸਿਰਫ਼ 15 ਲੱਖ ਰੁਪਏ ਹੀ ਪੁੱਜੇ ਹਨ, ਜਦੋਂ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਤੇਜੀ ਨਾਲ ਪੈਸਾ ਪਹੁੰਚ ਰਿਹਾ ਹੈ। ਹਰਿਆਣਾ ਮੁੱਖ ਮੰਤਰੀ ਕੋਰੋਨਾ ਰਲੀਫ਼ ਫੰਡ ਵਿੱਚ ਹੁਣ ਤੱਕ 15 ਕਰੋੜ ਰੁਪਏ ਦੇ ਨੇੜੇ ਤੱਕ ਪੁੱਜ ਗਏ ਹਨ। ਇੱਥੇ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਰੋਨਾ ਰਲੀਫ਼ ਫੰਡ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਸਾਰੇ ਕੈਬਨਿਟ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਵੱਲੋਂ ਵੀ ਇੱਕ-ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਨ੍ਹਾਂ ਵਿੱਚੋਂ ਕਿਸੇ ਵੀ ਕੈਬਨਿਟ ਮੰਤਰੀ ਜਾਂ ਫਿਰ ਵਿਧਾਇਕ ਦਾ ਕੋਈ ਵੀ ਪੈਸਾ ਹੁਣ ਤੱਕ ਕੋਰੋਨਾ ਰਲੀਫ਼ ਫੰਡ ਵਿੱਚ ਨਹੀਂ ਪੁੱਜਾ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਦੀ ਮਹਾਂਮਾਰੀ ਦੇ ਚਲਦੇ ਆਮ ਲੋਕਾਂ ਨੂੰ ਸਹੂਲਤ ਅਤੇ ਸਹਾਇਤਾ ਦੇਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਰਲੀਫ਼ ਫੰਡ ਤਿਆਰ ਕਰਦੇ ਹੋਏ ਪੰਜਾਬ ਭਰ ਦੇ ਉਦਯੋਗਪਤੀਆਂ ਅਤੇ ਧਨਾਢਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮੁਸੀਬਤ ਦੇ ਸਮੇਂ ਸਰਕਾਰ ਦਾ ਸਾਥ ਦਿੰਦੇ ਹੋਏ ਕੋਰੋਨਾ ਰਲੀਫ਼ ਫੰਡ ਵਿੱਚ ਜਿਆਦਾ ਤੋਂ ਜਿਆਦਾ ਪੈਸਾ ਦੇਣ ਤਾਂ ਕਿ ਹਰ ਜਰੂਰਤਮੰਦ ਕੋਲ ਸਹਾਇਤਾ ਪੁੱਜ ਸਕੇ।

ਇਸ ਕੋਰੋਨਾ ਰਲੀਫ਼ ਫੰਡ ਦਾ ਐਲਾਨ ਕਰਨ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖ਼ੁਦ ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਸਾਰੇ ਕੈਬਨਿਟ ਮੰਤਰੀਆਂ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵੀ ਕੋਰੋਨਾ ਰਲੀਫ਼ ਫੰਡ ਵਿੱਚ ਮੱਦਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਹੁਣ ਤੱਕ ਇਸ ਕੋਰੋਨਾ ਰਲੀਫ਼ ਫੰਡ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਕਿਸੇ ਵੀ ਕੈਬਨਿਟ ਮੰਤਰੀ ਜਾਂ ਫਿਰ ਵਿਧਾਇਕ ਵੱਲੋਂ ਕੀਤੇ ਗਏ ਐਲਾਨ ਦਾ ਪੈਸਾ ਨਹੀਂ ਪੁੱਜਾ ਹੈ।

ਸੂਤਰਾਂ ਰਾਹੀਂ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਤੱਕ ਕੋਰੋਨਾ ਰਲੀਫ਼ ਫੰਡ ਵਿੱਚ ਸਿਰਫ਼ 15 ਲੱਖ ਰੁਪਏ ਹੀ ਪੁੱਜੇ ਹਨ, ਜਦੋਂ ਕਿ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦੀ ਤਨਖ਼ਾਹ ਲਗਭਗ 8 ਲੱਖ 75 ਹਜ਼ਾਰ, 96 ਵਿਧਾਇਕਾਂ ਦੀ ਤਨਖ਼ਾਹ 24 ਲੱਖ ਅਤੇ ਵਿਰੋਧੀ ਧਿਰ ਦੇ ਲੀਡਰ ਸਣੇ ਸਪੀਕਰ ਤੇ ਡਿਪਟੀ ਸਪੀਕਰ ਦੀ ਤਨਖਾਹ ਦੇ ਲਗਭਗ 1 ਲੱਖ 50 ਹਜ਼ਾਰ ਰੁਪਏ ਪੁੱਜਣੇ ਸਨ। ਇਨ੍ਹਾਂ ਸਾਰਿਆਂ ਦੇ 35 ਲੱਖ ਰੁਪਏ ਇਸ ਰਲੀਫ਼ ਫੰਡ ਵਿੱਚ ਪਹੁੰਚਣੇ ਚਾਹੀਦੇ ਸਨ ਪਰ ਕਿਸੇ ਵੱਲੋਂ ਵੀ ਕੋਈ ਪੈਸਾ ਅਜੇ ਤੱਕ ਨਹੀਂ ਭੇਜੇ ਜਾਣ ਦੇ ਚਲਦੇ ਹੀ ਹੁਣ ਤੱਕ ਇਸ ਰਲੀਫ਼ ਫੰਡ ਵਿੱਚ 15 ਲੱਖ ਹੀ ਪਏ ਹਨ।

ਇੱਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਅਤੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਵੀ ਪੈਸਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਐਲਾਨ ਅਨੁਸਾਰ ਇਨ੍ਹਾਂ ਦੇ ਪੈਸੇ ਦਾ ਵੀ ਇੰਤਜਾਰ ਕੀਤਾ ਜਾ ਰਿਹਾ ਹੈ।

ਇੱਥੇ ਹੀ ਪੰਜਾਬ ਦੇ ਕਿਸੇ ਵੀ ਵੱਡੇ ਉਦਯੋਗਪਤੀ ਨੇ ਕੋਈ ਵੱਡੀ ਰਕਮ ਇਸ ਰਲੀਫ਼ ਫੰਡ ਵਿੱਚ ਜਮ੍ਹਾ ਨਹੀਂ ਕਰਵਾਈ ਹੈ। ਹੁਣ ਤੱਕ ਇਸ ਰਲੀਫ਼ ਫੰਡ ਵਿੱਚ ਛੋਟੀ ਛੋਟੀ ਐਂਟਰੀਆਂ ਹੀ ਆ ਰਹੀਆਂ ਹਨ, ਜਿਨ੍ਹਾਂ ਨਾਲ ਸਰਕਾਰ ਨੂੰ ਕੋਈ ਜਿਆਦਾ ਫਾਇਦਾ ਨਹੀਂ ਹੋਣ ਵਾਲਾ ਹੈ।
ਕੋਰੋਨਾ ਰਲੀਫ਼ ਫੰਡ ਵਿੱਚ ਜਿਆਦਾ ਤੋਂ ਜਿਆਦਾ ਪੈਸਾ ਇਕੱਠਾ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਸਾਰੇ ਕੈਬਨਿਟ ਮੰਤਰੀਆਂ ਨੂੰ ਖ਼ੁਦ ਅੱਗੇ ਆ ਕੇ ਉਦਯੋਗਪਤੀਆਂ ਨਾਲ ਸੰਪਰਕ ਕਰਨਾ ਪਏਗਾ, ਜਿਸ ਤੋਂ ਬਾਅਦ ਹੀ ਇਸ ਰਲੀਫ਼ ਫੰਡ ਵਿੱਚ ਕੁਝ ਕਰੋੜ ਰੁਪਏ ਆਉਣ ਦੀ ਉਮੀਦ ਲਗਾਈ ਜਾ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।