ਕੋਰੋਨਾ ਨੇ ਕਈ ਸਮਾਜਿਕ ਪੱਖ ਉਘਾੜੇ, ਸੋਚਣ ਲਈ ਕੀਤਾ ਮਜ਼ਬੂਰ

Corona India

ਕੋਰੋਨਾ ਨੇ ਕਈ ਸਮਾਜਿਕ ਪੱਖ ਉਘਾੜੇ, ਸੋਚਣ ਲਈ ਕੀਤਾ ਮਜ਼ਬੂਰ

ਅਜੋਕੇ ਸਮੇਂ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਮੁੱਚਾ ਸੰਸਾਰ ਭੈਅ-ਭੀਤ ਹੈ। ਇਸ ਜਾਨਲੇਵਾ ਵਾਇਰਸ ਖਿਲਾਫ ਸੰਸਾਰ ਹੀ ਜੰਗ ਲੜ ਰਿਹਾ ਹੈ। ਹਰੇਕ ਦੇਸ਼, ਪ੍ਰਾਂਤ/ ਸੂਬਾ ਆਪਣੇ ਨਾਗਰਿਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। ਉਨ੍ਹਾਂ ਦੀ ਸੁਰੱਖਿਆ ਲਈ ਹਰੇਕ ਲੋੜੀਂਦੇ ਅਤੇ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਜੋ ਅੱਤ ਜ਼ਰੂਰੀ ਵੀ ਹਨ ਅਤੇ ਵਰਤਮਾਨ ਨੂੰ ਬਚਾਉਣ, ਤੇ ਸੁਨਹਿਰੀ ਭਵਿੱਖ ਲਈ ਚੁੱਕੇ ਵੀ ਜਾਣੇ ਚਾਹੀਦੇ ਹਨ।

ਪ੍ਰੰਤੂ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ, ਸਾਡੇ ਅੰਦਰਲੇ ਭੇਦ ਵੀ ਸਾਹਮਣੇ ਆਏ ਹਨ। ਜਾਣੇ-ਅਣਜਾਣੇ ਵਿੱਚ, ਚਾਹੁੰਦੇ ਨਾ ਚਾਹੁੰਦੇ ਹੋਏ ਅੰਦਰ ਦੀਆਂ ਗੁੱਝੀਆਂ ਰਮਜ਼ਾਂ ਦੇ ਅਚਾਨਕ ਖੁੱਲ੍ਹ ਜਾਣ ਕਾਰਨ ਮਨੁੱਖਤਾ ਨੂੰ ਸ਼ਰਮਸਾਰ ਹੋਣ ਦੇ ਨਾਲ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ ਹੈ। ਅਰਥਾਤ ਲੋਕਾਂ ਨੂੰ ਸੱਚ ਸੁਣਨ ਦੀ ਥਾਂ, ਸੱਚ ਹੈ ਕੀ?

ਪ੍ਰਤੱਖ ਵੇਖਣ, ਮਹਿਸੂਸ ਕਰਨ ਅਤੇ ਠਰੰ੍ਹਮੇ ਨਾਲ ਸੱਚ ਦਾ ਸਾਹਮਣਾ ਕਰਨ ਦਾ ਮੌਕਾ ਵੀ ਮਿਲਿਆ ਹੈ। ਕੋਵਿਡ-19 ਨੇ ਜਿੱਥੇ ਸਰਕਾਰੀ ਤੰਤਰ ਦੀਆਂ ਚੂਲਾਂ ਹਿਲਾਉਣ ਦੇ ਨਾਲ-ਨਾਲ ਸਾਡੇ ਸਮਾਜਿਕ ਸਰੋਕਾਰਾਂ, ਮਨੁੱਖਤਾ ਦੀ ਸੇਵਾ ‘ਚ ਹਾਲ-ਦੁਹਾਈ ਪਾਉਣ ਵਾਲਿਆਂ ਬਾਬਤ, ਨੈਤਿਕ ਕਦਰਾਂ-ਕੀਮਤਾਂ ‘ਚ ਆਈ ਗਿਰਾਵਟ ਬਾਰੇ, ਸਾਡੇ ਮਨਾਂ ‘ਚ ਧੁਰ ਅੰਦਰ ਤੱਕ ਫੈਲੀਆਂ ਨਫ਼ਰਤਾਂ ਕਰਕੇ ਪਈਆਂ ਪਰਿਵਾਰਕ ਦੂਰੀਆਂ ਅਤੇ ਸਾਡੀ ਗਰਜ਼ਾਂ ਭਰੀ ਜੀਵਨਸ਼ੈਲੀ ਦੇ ਕੌੜੇ ਸੱਚ ਨੂੰ ਵੀ ਬਿਆਨ ਕੀਤਾ ਹੈ, ਉੱਥੇ ਹੀ ਸਾਡੀ ਲੋਭੀ ਮਾਨਸਿਕਤਾ ਦੇ ਨਾਲ ਮਨੁੱਖ ਵੱਲੋਂ ਮਨੁੱਖ ਦੀ ਨਿਰੰਤਰ ਹੁੰਦੀ/ ਕੀਤੀ ਜਾਂਦੀ ਲੁੱਟ-ਖਸੁੱਟ ਦੇ ਅਣ ਫਰੋਲੇ ਪੰਨਿਆਂ ਨੂੰ ਉਜਾਗਰ ਕਰਦਿਆਂ ਮੁੜ ਇੱਕ ਵਾਰ ਪੜ੍ਹ ਕੇ, ਸਮਝਣ ਲਈ ਬੇਵਸ ਕਰ ਦਿੱਤਾ ਹੈ।

ਆਖਰ ਅਸੀਂ ਤੇ ਸਾਡੀ ਸਮਝ, ਮਾਨਸਿਕਤਾ ਕਿੱਥੇ ਖੜ੍ਹੀ ਹੈ? ਕੀ ਵਾਕਿਆ ਅਸੀਂ 21ਵੀਂ ਸਦੀ, ਭਾਵ ਵਿਗਿਆਨਕ ਯੁੱਗ ਦੇ ਹਾਣੀ ਬਣ ਗਏ? ਜਾਂ ਫਿਰ ਅਜੇ ਬਹੁਤ ਪਿੱਛੇ ਹਾਂ? ਸਾਡੇ ਭਰਮ-ਭੁਲੇਖਿਆਂ, ਵਹਿਮਾਂ ਅਤੇ ਝੂਠੇ ਦਾਅਵਿਆਂ ਭਰੀ ਜ਼ਿੰਦਗੀ ਦੇ ਪਰਦੇ ਪਿਛਲੇ ਸੱਚ ਨੂੰ ਲੋਕ ਕਚਹਿਰੀ ‘ਚ ਪੇਸ਼ ਕਰਨ ਲਈ ਚਿਹਰਿਆਂ ‘ਤੇ ਪਾਏ ਮੁਖੌਟੇ ਨੂੰ ਹਟਾ ਦਿੱਤਾ ਹੈ। ਜਿੱਥੇ ਕਿ ਬਹੁਤ ਸਾਰੇ ਸਵਾਲ ਹੀ ਉਤਪੰਨ ਨਹੀਂ ਹੋਏ ਹਨ, ਉੱਥੇ ਸਵਾਲਾਂ ਦੇ ਉੱਤਰਾਂ ਦੀ ਜਗ੍ਹਾ ਸਵਾਲਾਂ ‘ਚੋਂ ਕਈ ਸੁਆਲ ਪੈਦਾ ਹੋਣ ਦੇ ਕਰਕੇ ਭਵਿੱਖ ਦੇ ਸਮਾਜ ਸਾਹਮਣੇ ਵੱਡੇ ਮੁੱਦਿਆਂ ਦੇ ਰੂਪ ‘ਚ ਮਣਾਂਮੂੰਹੀਂ ਸਾਹਮਣੇ ਸਮੱਸਿਆਵਾਂ ਬਣ ਕੇ ਮੂੰਹ ਅੱਡੀ ਖੜ੍ਹ ਗਈਆਂ ਹਨ।

ਇਨ੍ਹਾਂ ਚੁਣੌਤੀਆਂ ਭਰਪੂਰ ਮੁਸ਼ਕਲਾਂ ਦਾ ਟਾਕਰਾ ਕਰਨ ਲਈ ਸਾਡਾ ਜੰਤਰ-ਤੰਤਰ ਪਹਿਲਾਂ ਹੀ ਬਣਾਉਟੀ ਸਾਹਾਂ ਆਸਰੇ ਚੱਲਦਾ ਹੈ। ਭਾਵ ਆਪਣੇ ਪੈਰਾਂ ਸਿਰ ਨਹੀਂ ਹੈ। ਜਿਸ ਬਾਬਤ ਅਸੀਂ ਸਾਰੇ ਹੀ ਭਲੀਭਾਂਤ ਜਾਣੂ ਹਾਂ। ਜਿਸ ਕਰਕੇ ਲੋਕਾਂ ਨੂੰ ਅਣਗਿਣਤ ਮਜ਼ਬੂਰੀਆਂ, ਕਈ ਦੁਸ਼ਵਾਰੀਆਂ, ਭੁੱਖਮਰੀ ਅਤੇ ਸਮਾਜਿਕ ਹੇਠੀ ਭਰੇ ਕਾਲੇ ਦੌਰ ‘ਚੋਂ ਗੁਜ਼ਰਨਾ ਪੈਣਾ ਹੈ/ਪਵੇਗਾ। ਜਿਸ ਦਾ ਲਾਭ ਹਾਲੇ ਵੀ ਕੁਝ ਇੱਕ ਸਵਾਰਥੀ ਲੋਕ ਚੁੱਕਣੋਂ ਬਾਜ ਨਹੀਂ ਆ ਰਹੇ।

ਕੋਈ ਅਜਿਹਾ ਖੇਤਰ ਨਹੀਂ ਬਚ ਸਕਿਆ ਜਿਹੜਾ ਇਸ ਮਾਇਆ ਰੂਪੀ ਜਾਲ ‘ਚ ਨਾ ਫਸਿਆ ਨਜ਼ਰ ਆਉਂਦਾ ਹੋਵੇ।  ਇਸ ਭਿਆਨਕ ਅਤੇ ਕਾਲੇ ਦੌਰ ‘ਚ ਘੱਟੋ-ਘੱਟ ਸਰਕਾਰਾਂ ਤਾਂ ਬਚ ਜਾਂਦੀਆਂ। ਜਿਹੜੀਆਂ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਲਈ ਲੋਕਾਂ ਦੁਆਰਾ ਹੀ ਚੁਣੀਆਂ ਗਈਆਂ ਸਨ। ਜਿਹੜੇ ਅੱਜ ਸਰਕਾਰ ਰੂਪੀ ਰੌਸ਼ਨੀ ਦੀ ਕਿਰਨ ਸਹਾਰੇ ਆਸ ਲਾਈ ਜੀਅ ਰਹੇ ਹਨ। ਫਿਰ ਆਪਣੇ ਦੁਆਰਾ ਚੁਣੀਆਂ ਸਰਕਾਰਾਂ ਦੇ ਹੁੰਦਿਆਂ, ਇੰਨੇ ਬੇਬਸ ਕਿਉਂ ਹਨ? ਉਨ੍ਹਾਂ ‘ਚ ਅਸੁਰੱਖਿਆ ਦੀ ਭਾਵਨਾ ਕਿਉਂ ਪਾਈ ਜਾ ਰਹੀ ਹੈ? ਜਿਸ ਦਾ ਸਹੀ ਜਵਾਬ ਵੀ ਸ਼ਾਇਦ ਇਨ੍ਹਾਂ ਲੋਕਾਂ ਕੋਲ ਹੈ।

ਪਰ ਇਸ ਦੌਰਾਨ ਬਹੁਤ ਸਾਰੇ ਫਿਕਰਮੰਦ/ ਗੈਰਤਮੰਦ ਲੋਕ ਸੇਵਾ ਨੂੰ ਸਮਰਪਿਤ ਦਿੱਖ ਅਤੇ ਆਦਿ ਸੰਸਥਾਵਾਂ ਅਤੇ ਸੇਵਕਜਨ ਸੇਵਾ ਲਈ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਦੇ ਮੈਦਾਨ ‘ਚ ਲੋਕਾਂ ਲਈ ਆਪ-ਮੁਹਾਰੇ ਨਿੱਤਰੇ ਹਨ। ਜੋ ਭਰਪੂਰ ਪ੍ਰਸੰਸਾ ਦੇ ਪਾਤਰ ਹਨ। ਕਿਉਂਕਿ ਸ਼ਲਾਘਾਯੋਗ ਇਸ ਕਾਰਜਸ਼ੈਲੀ ਲਈ ਨਿੱਜ ਭਰੇ ਦੌਰ ‘ਚ ਪਰਿਵਾਰਾਂ ਅਤੇ ਆਪਣੀ ਕੀਮਤੀ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਪਾਏ ਵਡਮੁੱਲੇ ਯੋਗਦਾਨ ਲਈ ਲੋਕ ਮਨਾਂ ‘ਚ ਹਮੇਸ਼ਾਂ ਵੱਸਦੇ ਰਹਿਣਗੇ। ਉਹ ਵੀ ਲੋਕ ਚੇਤਿਆਂ ‘ਚ ਜ਼ਰੂਰ ਉੱਕਰੇ ਰਹਿਣਗੇ ਜਿਹੜੇ ਲੋਕ ਸੇਵਾ ਦੇ ਨਾਂ ‘ਤੇ ਮਹਿਜ ਫੋਕੀਆਂ ਡੀਂਗਾਂ ਮਾਰਦੇ/ਝੂਠੇ ਲਾਰਿਆਂ ‘ਚ ਵੀ ਸੇਵਾਦਾਰ ਹੋਣ ਦੀ ਦੁਹਾਈ ਦਿੰਦੇ ਨਹੀਂ ਥੱਕਦੇ ਹਨ।

ਘਾਤਕ ਜਾਨਲੇਵਾ ਕੋਰੋਨਾ ਵਾਇਰਸ ਦੇ ਭਿਆਨਕ ਸਮੇਂ ਮੌਕੇ ਬਚਾਅ ‘ਚ ਹੀ ਬਚਾਅ ਹੈ। ਪਰਿਵਾਰਾਂ ਸਮੇਤ ਆਪਣੇ ਘਰਾਂ ਅੰਦਰ ਹੀ ਰਹਿਣਾ ਸਭ ਤੋਂ ਵੱਡੀ ਕੌਮੀ, ਮਨੁੱਖੀ ਸੇਵਾ ਹੈ। ਸ਼ਾਸਨ ਅਤੇ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ/ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਸੰਸਾਰ ਭਰ ਦੀ ਅਤੇ ਨੱਗਰ ਖੇੜੇ, ਆਂਢ-ਗੁਆਂਢ ਦੀ ਸੁੱਖ ਮੰਗਣੀ ਚਾਹੀਦੀ ਹੈ। ਇਹ ਔਖਾ ਦੌਰ ਵੀ ਲੰਘ ਜਾਣਾ। ਜ਼ਰਾ ਕੁ ਹੌਂਸਲੇ ਦੀ ਲੋੜ ਹੈ। ਹਾਲੇ ਫਿਰ ਵੀ ਸਾਨੂੰ ਸੰਭਲਣ ਦੀ ਲੋੜ ਤਾਂ ਹੈ ਹੀ।

ਜੇ ਇਹ ਹਾਲ ਬਾ-ਦਸਤੂਰ ਜਾਰੀ ਰਿਹਾ ਤਾਂ ਭਵਿੱਖ ‘ਚ ਜੀਣਾ ਔਖਾ ਹੋ ਜਾਏਗਾ। ਸ਼ਾਇਦ ਕੁਦਰਤ ਸਾਨੂੰ ਸੰਭਲਣ ਅਤੇ ਸੰਭਾਲਣ ਦਾ ਮੌਕਾ ਪ੍ਰਦਾਨ ਕੀਤਾ ਹੈ। ਬਹੁਤੇ ਵੀ ਬੇਫ਼ਿਕਰੇ, ਨਿੱਜ ਸੁਆਰਥੀ ਬਣ ਕੇ ਅਤੇ ਕੂੜ ਦਾ ਪ੍ਰਚਾਰ ਤੇ ਪ੍ਰਸਾਰ ਹੀ ਨਾ ਕਰੀਏ। ਕੁਝ ਅਸਲੀਅਤ ਵਾਲੇ ਪਾਸੇ ਵੀ ਆਈਏ। ਅਸਲ ਸੱਚ ਬਾਰੇ ਸਿਰਫ ਜਾਣੀਏ ਹੀ ਨਾ, ਜ਼ਿੰਦਗੀ ‘ਚ ਅਮਲੀ ਜਾਮਾ ਵੀ ਪਹਿਨਾਈਏ। ਜਿੰਨਾ ਹੋ ਸਕੇ, ਉਨਾਂ ਹੀ ਸਹੀ ਪਰ ਕੁਝ ਕਰੀਏ ਤਾਂ ਜ਼ਰੂਰ।

ਬਿਲਕੁਲ ਹੀ ਕੁਝ ਕਰਨ ਤੋਂ ਪਹਿਲਾਂ ਹੀ ਸਾਹ, ਸਤਹੀਣ ਨਾ ਹੋਈਏ। ਲੋਕ ਸਮੂਹਾਂ ਸਾਹਮਣੇ ਸਭ ਸੰਭਵ ਹੈ। ਅਸੰਭਵ ਕੁਝ ਵੀ ਨਹੀਂ ਹੈ। ਆਪਣੀਆਂ ਜਾਗਦੀਆਂ ਜ਼ਮੀਰਾਂ ਨੂੰ ਇੰਜ ਮਰਨ ਨਾ ਦੇਈਏ, ਕਿ ਭਿਖਾਰੀਆਂ ਵਾਂਗ ਹੀ ਮੰਗਦੇ ਆਪਣੇ ਹੱਕਾਂ ਤੋਂ ਵਾਂਝੇ ਗੁਰਬਤ ਭਰਿਆ, ਮੁੱਢਲੀ ਤੇ ਉਚੇਰੀ ਸਿੱਖਿਆ ਗ੍ਰਹਿਣ ਕੀਤੇ ਬਿਨਾਂ, ਸਿਹਤ ਸਹੂਲਤਾਂ ਤੋਂ ਸੱਖਣੇ ਜੀਵਨ ਬਤੀਤ ਕਰੀਏ। ਅਰਥਾਤ ਮਰਨ ਤੋਂ ਪਹਿਲਾਂ ਹੀ ਅਣਿਆਈ ਮੌਤੇ ਮਰ ਜਾਈਏ। ਕਿਉਂਕਿ ਜੇ ਹਾਲੇ ਵੀ ਅਸੀਂ ਨਾ ਸਮਝੇ ਤਾਂ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ ਨਹੀਂ ਕਰਨਾ। ਉਹ ਸਵਾਲ ਜ਼ਰੂਰ ਸਾਨੂੰ ਕਰਨਗੇ ਕਿ ਜਦੋਂ ਸਭ ਕੁਝ ਤਹਿਸ-ਨਹਿਸ, ਉੱਜੜ-ਪੁੱਜੜ ਰਿਹਾ ਸੀ। ਤਦ ਤੁਸੀਂ ਕਿੱਥੇ ਸੀ? ਜੋ ਕੁਝ ਤੁਹਾਨੂੰ ਆਪਣੇ ਵੱਡ- ਵਡੇਰਿਆਂ ਪਾਸੋਂ ਵਿਰਾਸਤ ‘ਚ ਮਿਲਿਆ ਸੀ।

ਜ਼ਿਆਦਾ ਨਹੀਂ ਤਾਂ ਉਨਾਂ ਹੀ ਸਾਡੇ ਲਈ ਬਚਾ ਕੇ ਛੱਡ ਦਿੰਦੇ। ਤਦ ਕੁਝ ਦੱਸਣ ਲਈ ਸ਼ਾਇਦ, ਅਸੀਂ ਮੌਜੂਦ ਨਹੀਂ ਹੋਵਾਂਗੇ। ਉਨ੍ਹਾਂ ਕੋਲ ਵੀ ਕੇਵਲ ਪਛਤਾਵਾ ਹੋਵੇਗਾ। ਕਾਸ਼! ਉਦੋਂ ਕਿਤੇ ਸਾਡੇ ਵੱਡ-ਵਡੇਰੇ ਸਮਝ ਗਏ ਹੁੰਦੇ। ਜਦੋਂ ਕੁਦਰਤ ਸਮੇਂ-ਸਮੇਂ ਇੱਕ ਕਰੋਪੀ ਦੇ ਰੂਪ ‘ਚ ਸਮਝਾਉਣ ਦੇ ਸੰਕੇਤ ਕਰਦੀ ਸੀ। ਮਨੁੱਖ ਤੋਂ ਮਨੁੱਖਤਾ/ ਇਨਸਾਨ ਤੋਂ ਇਨਸਾਨੀਅਤ ਨੂੰ ਅਪਣਾਉਣ ਦਾ ਹੋਕਾ ਦਿੰਦੀ ਹੋਵੇਗੀ। ਉਸ ਵਕਤ ਆਪਣੀ ਹੈਂਕੜਬਾਜ਼ੀ, ਚੌਧਰਪੁਣੇ, ਫੋਕੀ ਸ਼ੌਹਰਤ ਪ੍ਰਾਪਤੀ ਲਈ ਅਤੇ ਹਉਮੈ ਨੂੰ ਚਮਕਾਉਣ ਲੱਗ ਕੇ ਸਿਰਫ ਲੁੱਟ-ਖਸੁੱਟ ਕਰਨ ਵੱਲ ਹੀ ਲੱਗੇ ਰਹੇ।

ਉਹ ਭੁੱਲ ਹੀ ਗਏ ਕਿ ਇਸ ਫਾਨੀ ਸੰਸਾਰ ਨੂੰ ਇੱਕ ਦਿਨ ਅਲਵਿਦਾ ਵੀ ਕਹਿਣਾ ਪਵੇਗਾ। ਜੋ ਕੁਦਰਤੀ ਨਿਯਮ/ ਸਿਧਾਂਤ ਹੈ। ਇਹ ਕੁਝ ਸੱਚ ਹੈ, ਜੋ ਰਹਿ ਜਾਵੇਗਾ। ਹਾਲੇ ਵੀ ਕੁਝ ਇੱਕ ਵਪਾਰਕ ਬਿਰਤੀ ਵਾਲੇ ਮਨੁੱਖ ਸਮਝ ਤੋਂ ਸੱਖਣੇ ਜਿਹੇ ਪ੍ਰਤੀਤ ਨਜ਼ਰ ਆਉਂਦੇ ਹਨ। ਜਿਹੜੇ ਦੁੱਗਣੇ-ਤਿੱਗਣੇ ਭਾਅ ‘ਤੇ ਜ਼ਰੂਰੀ ਲੋੜੀਂਦੀਆਂ ਵਸਤਾਂ ਵੇਚਦੇ ਹੋਏ, ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਵੀ ਟਿੱਚ ਹੀ ਜਾਣਦੇ ਹਨ। ਘੱਟੋ-ਘੱਟ ਅਜਿਹੇ ਮੌਕੇ ਤਾਂ ਸਾਨੂੰ ਮਨੁੱਖ ਹੋਣ ਦਾ ਸਬੂਤ ਦੇਣਾ ਚਾਹੀਦਾ ਸੀ।

ਬਹੁਤ ਕੁਝ ਸੋਚ-ਸਮਝ ਕੇ ਚੱਲਣ ਦਾ ਸਮਾਂ ਹੈ। ਸਾਨੂੰ ਬੜੇ ਠਰ੍ਹੰਮੇ ਅਤੇ ਸਹਿਣਸ਼ੀਲਤਾ ਤੋਂ ਕੰਮ ਲੈਂਦਿਆਂ ਜਾਨਲੇਵਾ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਜਿੱਤਣੀ ਹੈ। ਜਿਸ ਲਈ ਇੱਕ-ਦੂਜੇ ਦਾ ਸਹਿਯੋਗ ਕਰਨਾ, ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝ ਕੇ ਮਹਿਸੂਸ ਕਰਨਾ ਪਵੇਗਾ। ਅਜਿਹੀ ਵਕਤੀ ਝੂਠੀ ਚੌਧਰ ਤੇ ਸ਼ੋਹਰਤ ਛੱਡਣੀ ਪਵੇਗੀ ਅਤੇ ਆਪੇ ਦਾ ਤਿਆਗ ਕਰਨਾ ਪੈਣਾ ਹੈ। ਤਦ ਫਿਰ ਮਨੁੱਖਤਾ ਜ਼ਿੰਦਾਬਾਦ ਹੈ!
ਕੋਟਲਾ ਖੁਰਦ (ਖੁਸ਼ੀਪੁਰ), ਅੰਮ੍ਰਿਤਸਰ।
ਮੋ. 98881- 45991

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।