ਮਹਾਂਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਦਾ ਯੋਗਦਾਨ ਬਨਾਮ ਉਨ੍ਹਾਂ ਦਾ ਸ਼ੋਸ਼ਣ

ਮਹਾਂਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਦਾ ਯੋਗਦਾਨ ਬਨਾਮ ਉਨ੍ਹਾਂ ਦਾ ਸ਼ੋਸ਼ਣ

ਪਿਛਲੇ ਲਗਭਗ 6 ਮਹੀਨਿਆਂ ਤੋਂ ਕਰੋਨਾ ਵਾਇਰਸ ਦਾ ਕਹਿਰ ਸਾਰੇ ਸੰਸਾਰ ਵਿੱਚ ਚੱਲ ਰਿਹਾ ਹੈ। ਪੰਜਾਬ ਵਿੱਚ ਹੁਣ ਇਸਦੇ ਰੋਜ਼ਾਨਾ ਸੈਂਕੜੇ ਕੇਸ ਆ ਰਹੇ ਹਨ ਤੇ ਹਰ ਰੋਜ਼ ਹੀ ਮੌਤਾਂ ਹੋ ਰਹੀਆਂ ਹਨ। ਲਾਕ ਡਾਊਨ ਦੌਰਾਨ ਜਦੋਂ ਕੋਈ ਡਰਦਾ ਬਾਹਰ ਨਹੀਂ ਸੀ ਨਿੱਕਲਦਾ ਉਦੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਜਾਨ ਤਲੀ ‘ਤੇ ਰੱਖ ਕੇ ਬਿਨਾਂ ਕਿਸੇ ਸੁਰੱਖਿਆ ਦੇ ਦਿਨ-ਰਾਤ ਡਿਊਟੀਆਂ ਕੀਤੀਆਂ। ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਟ੍ਰੇਸ ਕਰਕੇ ਉਨ੍ਹਾਂ ਦੀ ਹਿਸਟਰੀ ਲੈ ਕੇ ਉਨ੍ਹਾਂ ਨੂੰ ਘਰਾਂ ਵਿੱਚ ਏਕਾਂਤਵਾਸ ਕਰ ਕੇ ਉਨ੍ਹਾਂ ਦਾ ਰੋਜ਼ਾਨਾ ਫਾਲੋਅੱਪ ਕੀਤਾ ਜਾਂਦਾ ਸੀ। ਆਈਸੋਲੇਸ਼ਨ ਵਾਰਡਾਂ ‘ਚ ਬਿਨਾਂ ਪੀ ਪੀ ਈ ਕਿੱਟ ਦੇ ਡਿਊਟੀਆਂ ਕੀਤੀਆਂ ਤੇ ਲੋਕਾਂ ਨੂੰ ਘਰ-ਘਰ ਜਾ ਕੇ ਕਰੋਨਾ ਬਾਰੇ ਜਾਗਰੂਕ ਵੀ ਕੀਤਾ ਗਿਆ। ਅੱਜ ਤੱਕ ਵੀ ਇਹ ਡਿਊਟੀਆਂ ਜਾਰੀ ਹਨ। ਅੰਤਰਰਾਜੀ ਨਾਕਿਆਂ ‘ਤੇ ਵੀ ਦਿਨ-ਰਾਤ ਸਿਹਤ ਮੁਲਾਜ਼ਮਾਂ ਵੱਲੋਂ ਡਿਊਟੀਆਂ ਕੀਤੀਆਂ ਜਾ ਰਹੀਆਂ ਹਨ।

ਜਦੋਂ ਕੋਈ ਵਿਅਕਤੀ ਕਰੋਨਾ ਪਾਜ਼ਿਟਿਵ ਆ ਜਾਂਦਾ ਹੈ ਤਾਂ ਉਸਨੂੰ ਸਿਹਤ ਮੁਲਾਜ਼ਮਾਂ ਦੁਆਰਾ ਆਈਸੋਲੇਸ਼ਨ ਵਾਰਡਾਂ ਤੱਕ ਪਹੁੰਚਾਇਆ ਤੇ ਫਿਰ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਸਰਵੇ ਕੀਤਾ ਜਾਂਦਾ ਹੈ।

ਉੁਪਰੰਤ ਉਨ੍ਹਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਸੈਂਪਲਿੰਗ ਕਰਵਾਈ ਜਾਂਦੀ ਹੈ। ਇਹਨਾਂ ਡਿਊਟੀਆਂ ਤੋਂ ਇਲਾਵਾ ਅਪਣੀਆਂ ਹੋਰ ਡਿਊਟੀਆਂ ਜਿਵੇਂ ਡੇਂਗੂ ਮਲੇਰੀਆ ਬਾਰੇ ਜਾਗਰੂਕਤਾ, ਟੀਕਾਕਰਨ, ਜਨਮ-ਮੌਤ ਰਜਿਸਟ੍ਰੇਸ਼ਨ, ਬੀ ਐੱਲ ਓ ਡਿਊਟੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਡਿਊਟੀਆਂ ਦੌਰਾਨ ਸਿਹਤ ਵਿਭਾਗ ਦੇ ਬਹੁਤ ਸਾਰੇ ਮੁਲਾਜ਼ਮ ਇਸ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਕੁਝ ਮੁਲਾਜ਼ਮਾਂ ਨੂੰ ਇਸ ਵਾਇਰਸ ਕਾਰਨ ਜਾਨ ਤੋਂ ਹੱਥ ਵੀ ਧੋਣੇ ਪਏ ਹਨ। ਕਿਉਂਕਿ ਡਿਊਟੀ ਦੌਰਾਨ ਕੁਝ ਪਤਾ ਨਹੀਂ ਚੱਲਦਾ ਕਦੋਂ ਕੌਣ ਪਾਜ਼ਿਟਿਵ ਇਨ੍ਹਾਂ ਦੇ ਸੰਪਰਕ ਵਿੱਚ ਆ ਜਾਵੇ।

ਏਨੀਆਂ ਮੁਸ਼ਕਿਲ  ਡਿਊਟੀਆਂ ਦੇ ਬਾਵਜੂਦ ਵੀ ਇਨ੍ਹਾਂ ਸਿਰੜੀ ਯੋਧਿਆਂ ਨੇ  ਸਿਦਕ ਨਹੀਂ ਹਾਰਿਆ। ਨਿਗੂਣੀਆਂ ਤਨਖ਼ਾਹਾਂ ਦੇ ਬਾਵਜੂਦ ਵੀ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ। ਪਰ  ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ।12-13 ਸਾਲਾਂ ਤੋਂ ਐੱਨ ਐੱਚ ਐੱਮ ਵਿੱਚ 2211 ਤੇ ਪੇਂਡੂ ਡਿਸਪੈਂਸਰੀਆਂ ਦੇ ਮੁਲਾਜ਼ਮ ਠੇਕੇ ‘ਤੇ ਚੱਲ ਰਹੇ ਹਨ। ਨਵ ਨਿਯੁਕਤ 1263 ਹੈਲਥ ਵਰਕਰ ਮੇਲ ਤਿੰਨ ਸਾਲ ਦੇ ਪਰੋਬੇਸ਼ਨ ਪੀਰੀਅਡ ‘ਤੇ ਚੱਲ ਰਹੇ ਹਨ। ਇਹ ਸਾਰੇ ਮੁਲਾਜ਼ਮ ਨਿਗੂਣੀਆਂ ਤਨਖ਼ਾਹਾਂ ‘ਤੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਡਿਊਟੀਆਂ ਕਰ ਰਹੇ ਹਨ। ਸਮੇਂ-ਸਮੇਂ ਸਿਰ ਇਨ੍ਹਾਂ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਮੰਤਰੀਆਂ, ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਪਰ ਸਰਕਾਰ ਦੇ ਕੰਨਾਂ ‘ਤੇ ਜੂੰ  ਵੀ ਨਹੀਂ ਸਰਕੀ।

ਅੱਜ ਜਦੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਰੀਅਰਜ਼ ਨਾਲ ਸੰਬੋਧਨ ਕੀਤਾ ਜਾ ਰਿਹਾ ਉਦੋਂ ਪੰਜਾਬ ਸਰਕਾਰ ਇਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਕਰੋਨਾ ਵਾਇਰਸ ਵਿਰੁੱਧ ਫਰੰਟ ਲਾਈਨ ‘ਤੇ ਜੰਗ ਲੜ ਰਹੇ ਇਹ ਸਾਰੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਜਦੋਂ ਏਨੀ ਮਹਿੰਗਾਈ ਦਾ ਦੌਰ ਚੱਲ ਰਿਹਾ ਹੋਵੇ ਤਾਂ 10-12 ਹਜ਼ਾਰ ਰੁਪਏ ਨਾਲ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ ਇਹ ਸੋਚਣਾ ਵੀ ਮੁਸ਼ਕਲ ਹੈ।

ਏਨੀਆਂ ਤਨਖਾਹਾਂ ਨਾਲ ਘਰ ਦਾ ਗੁਜ਼ਾਰਾ, ਬੱਚਿਆਂ ਦੀ ਪੜ੍ਹਾਈ, ਹੋਰ ਘਰੇਲੂ ਖਰਚੇ ਪੂਰੇ ਹੋਣੇ ਤਾਂ ਦੂਰ ਪੈਟਰੋਲ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ ਹੈ। ਹੈਲਥ ਇੰਪਲਾਈਜ ਯੂਨੀਅਨ ਦੀ ਅਗਵਾਈ ਹੇਠ ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਵੱਲੋਂ ਹਰ ਰੋਜ਼ ਪੰਜ ਜਣਿਆਂ ਵੱਲੋਂ ਸਿਵਲ ਸਰਜਨ ਦਫ਼ਤਰਾਂ ਵਿਖੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਪੇਂਡੂ ਡਿਸਪੈਂਸਰੀਆਂ ਦੇ ਮੁਲਾਜ਼ਮ ਵੀ ਲਗਭਗ 40 ਦਿਨਾਂ ਤੋਂ ਧਰਨੇ ‘ਤੇ ਬੈਠੇ ਹਨ।

ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹੁਣ ਸਰਕਾਰ ਨੇ ਮੋਬਾਈਲ ਫੋਨ ਭੱਤਾ ਵੀ ਘਟਾ ਦਿੱਤਾ ਹੈ। ਮੁਲਾਜ਼ਮਾਂ ਦਾ 250 ਰੁਪਏ ਫੋਨ ਭੱਤਾ ਵੀ ਸਰਕਾਰ ਨੂੰ ਜ਼ਿਆਦਾ ਲੱਗਿਆ ਜਦੋਂ ਕਿ ਆਪ ਮੰਤਰੀ ਤੇ ਵਿਧਾਇਕ ਹਰ ਮਹੀਨੇ 15000 ਫੋਨ ਭੱਤਾ ਲੈ ਰਹੇ ਹਨ। ਅੱਜ ਜਦੋਂ ਸਾਰੀਆਂ ਕੰਪਨੀਆਂ 200 ਰੁਪਏ ਮਹੀਨੇ ਵਿੱਚ ਅਨਲਿਮਟਿਡ ਕਾਲਿੰਗ ਤੇ 2 ਜੀਬੀ ਡਾਟਾ ਦੇ ਰਹੀਆਂ ਹਨ ਤਾਂ ਫਿਰ ਕਿਉਂ ਇਨ੍ਹਾਂ ਨੂੰ 15000 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ? ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕਰੋਨਾ ਯੋਧਿਆਂ ਨੂੰ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਧਰਨੇ ਮੁਜ਼ਾਹਰੇ ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ।

Corona

ਸਰਕਾਰ ਨੂੰ ਚਾਹੀਦੈ ਕਿ ਉਹ ਕੋਵਿਡ 19 ਦੌਰਾਨ ਜੋਖ਼ਮ ਭਰੀਆਂ ਸੇਵਾਵਾਂ ਦੇਣ ਬਦਲੇ ਸਾਲਾਂ ਤੋਂ ਠੇਕੇ ‘ਤੇ ਚੱਲੇ ਆ ਰਹੇ ਮੁਲਾਜ਼ਮਾਂ ਨੂੰ ਪੱਕਾ ਕਰੇ। ਤਾਂ ਕਿ ਸਾਰੇ ਮੁਲਾਜ਼ਮ ਆਪਣੀ ਡਿਊਟੀ ਹੋਰ ਤਨਦੇਹੀ ਨਾਲ ਕਰ ਸਕਣ। ਕਿਉਂਕਿ ਜਦੋਂ ਬੰਦੇ ਦੀਆਂ ਨਿਗੂਣੀਆਂ ਤਨਖ਼ਾਹਾਂ ਕਾਰਨ ਆਰਥਿਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਲਗਭਗ ਸਾਰੇ ਪ੍ਰਾਈਵੇਟ ਹਸਪਤਾਲਾਂ ਨੇ ਆਪਣੇ ਦਰਵਾਜ਼ੇ ਮਰੀਜ਼ਾਂ ਲਈ ਬੰਦ ਕਰ ਦਿੱਤੇ ਸਨ ਤਾਂ ਉਦੋਂ ਸਿਹਤ ਵਿਭਾਗ ਦੇ ਇਨ੍ਹਾਂ ਮੁਲਾਜ਼ਮਾਂ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਗਈਆਂ। ਏ ਸੀ ਦਫ਼ਤਰਾਂ ਵਿੱਚ ਬੈਠ ਕੇ ਸਕੀਮਾਂ ਬਣਾਉਣੀਆਂ ਬਹੁਤ ਹੀ ਸੌਖੀਆਂ ਹਨ। ਇੱਕ ਪਾਸੇ ਕਰੋਨਾ ਵਾਇਰਸ ਤੇ ਹੋਰ ਮੌਸਮੀ ਬਿਮਾਰੀਆਂ ਨਾਲ ਦੂਜੇ ਪਾਸੇ ਅਪਣੀਆਂ ਮੰਗਾਂ ਲਈ ਸਰਕਾਰ ਨਾਲ ਸਿਹਤ ਮੁਲਾਜ਼ਮਾਂ ਨੂੰ ਦੂਹਰੇ ਮੁਹਾਜ਼ ‘ਤੇ ਲੜਨਾ ਪੈ ਰਿਹਾ ਹੈ।
ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ।

ਸਰਕਾਰ ਨੂੰ ਚਾਹੀਦਾ ਸੀ ਕਿ ਉਹ ਮਹਾਂਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਦੇ ਬਦਲੇ ਇਨ੍ਹਾਂ ਦੀਆਂ ਮੰਗਾਂ ਨੂੰ ਮੰਨਦੀ। ਪਰ ਸਿਹਤ ਮੰਤਰੀ ਪੰਜਾਬ ਵੱਲੋਂ ਵਾਰ-ਵਾਰ ਮੰਗ ਪੱਤਰ ਲੈਣ ਦੇ ਬਾਵਜੂਦ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਸਰਕਾਰ ਨੂੰ ਸੋਚਣਾ ਚਾਹੀਦੈ ਕਿ ਜੇਕਰ ਇਨ੍ਹਾਂ ਨੇ ਆਪਣੀਆਂ ਸੇਵਾਵਾਂ ਦੇਣੀਆਂ ਬੰਦ ਕਰ ਦਿੱਤੀਆਂ ਤਾਂ ਕੋਵਿਡ-19 ਦੌਰਾਨ ਕੀ ਹਾਲਾਤ ਬਣਨਗੇ। ਇਸ ਲਈ ਬੁਰੇ ਹਾਲਾਤਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਬਣਦੇ ਹੱਕ ਦੇਵੇ ਤਾਂ ਕਿ ਮੁਲਾਜ਼ਮ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਸਕਣ।
ਰਾਜਿੰਦਰ ਸਿੰਘ ਝੁਨੀਰ
ਮੋ. 97791-98462

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ