ਘੱਟ ਤਨਖਾਹ ਤੋਂ ਦੁਖੀ ਠੇਕਾ ਮੁਲਾਜ਼ਮ ਨੇ ਛੱਡੀ ਨੌਕਰੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਅਸਤੀਫਾ

sunam-2

ਇੱਕ ਨਹੀਂ ਅਨੇਕਾਂ ਹੋਰ ਮੁਲਾਜ਼ਮ ਅਸਤੀਫਾ ਦੇਣ ਨੂੰ ਹੋਣਗੇ ਮਜ਼ਬੂਰ : ਵਾਈਸ ਪ੍ਰਧਾਨ ਪੰਜਾਬ

  • ਕਿਹਾ, ਨਿਗੂਣੀਆਂ ਤਨਖਾਹਾਂ ਨਾਲ ਆਪਣੇ ਪਰਿਵਾਰ ਚਲਾਣੇ ਸੁਖਾਲੇ ਨਹੀਂ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪਿਛਲੇ ਦਿਨੀਂ ਇੱਕ ਫਾਰਮਾਸਿਸਟ ਠੇਕਾ ਮੁਲਾਜ਼ਮ ਵੱਲੋਂ ਨੌਕਰੀ ਤੋਂ ਆਪਣਾ ਅਸਤੀਫਾ ਦੇਣ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਭਖਿਆ ਪਿਆ ਹੈ। ਉਸ ਅਸਤੀਫੇ ਦੀ ਕਾਪੀ ਮੁਤਾਬਕ ਠੇਕਾ ਮੁਲਾਜ਼ਮ ਨੇ ਲਿਖਿਆ ਹੈ ਕਿ ਉਹ ਜ਼ਿਲ੍ਹਾ ਕਪੂਰਥਲਾ ਦੇ ਢਿਲਵਾਂ ਦੇ ਪੀਐਚਸੀ ਅਧੀਨ ਸੀਐਚਸੀ ਬੇਗੋਵਾਲ ਵਿਖੇ ਆਪਣੀ ਡਿਊਟੀ ਕਰਦਾ ਹੈ ਉਸ ਨੂੰ ਸਿਰਫ਼ 11 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਦੀ ਹੈ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਨਹੀਂ ਚਲਦਾ, ਵਿੱਤੀ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਉਹ ਨੌਕਰੀ ਤੋਂ ਅਸਤੀਫਾ ਦੇ ਰਿਹਾ ਹੈ। ਉਸ ਦੇ ਅਸਤੀਫੇ ਦੀ ਕਾਪੀ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਫੈਲ ਰਹੀ ਹੈ। (Contract Employee Resigns )

ਇਸੇ ਤਰ੍ਹਾਂ ਹੀ ਘੱਟ ਤਨਖਾਹਾਂ ’ਤੇ ਕੰਮ ਕਰਨ ਵਾਲੇ ਸੂਬੇ ਅੰਦਰ ਹੋਰ ਬਹੁਤ ਸਾਰੇ ਫਾਰਮਾਸਿਸਟ ਠੇਕਾ ਮੁਲਾਜ਼ਮ ਵੀ ਆਪਣੇ ਵਿੱਤੀ ਹਾਲਾਤਾਂ ਨਾਲ ਜੂਝ ਰਹੇ ਹਨ। ਆਪਣੀਆਂ ਤਨਖਾਹਾਂ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਪੱਕੇ ਕਰਨ ਲਈ ਉਹ ਪਿਛਲੇ ਸਮੇਂ ਸੂਬੇ ਅੰਦਰ ਕਈ ਵਾਰ ਹੜਤਾਲਾਂ ਵੀ ਕਰ ਚੁੱਕੇ ਹਨ ਪ੍ਰੰਤੂ ਉਨ੍ਹਾਂ ਦੀਆਂ ਮੰਗਾਂ ਨੂੰ ਹਾਲੇ ਤੱਕ ਬੂਰ ਨਹੀਂ ਪਿਆ।

ਇਸੇ ਸਬੰਧੀ ਅੱਜ ਪਿ੍ਰੰਸ ਭਰਤ ਵਾਈਸ ਪ੍ਰਧਾਨ ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ, ਗੁਰਬਰਿੰਦਰ ਸਿੰਘ ਰੂਰਲ ਫਾਰਮੇਸੀ ਅਫ਼ਸਰ, ਨਵੀਨ ਕਾਲੜਾ ਫਾਰਮੇਸੀ ਅਫ਼ਸਰ, ਅਮਰੀਕ ਸਿੰਘ ਫਾਰਮੇਸੀ ਅਫ਼ਸਰ ਅਤੇ ਦੀਪਕ ਬਾਂਸਲ ਫਾਰਮੇਸੀ ਅਫ਼ਸਰ ਆਦਿ ਨੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ 2006 ਦੇ ਭਰਤੀ ਹਨ ਅਤੇ ਉਨ੍ਹਾਂ ਨੂੰ 11 ਹਜ਼ਾਰ ਰੁਪਏ ਹੀ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹਾਲੇ ਵੀ ਉਨ੍ਹਾਂ ਨੂੰ ਠੇਕੇਦਾਰੀ ਸਿਸਟਮ ਵਿੱਚ ਹੀ ਰੱਖਿਆ ਹੋਇਆ ਹੈ, ਉਹ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਪੱਕੇ ਕਰਨ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਜੂਝਦੇ ਆ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਹਾਲੇ ਤੱਕ ਕਿਸੇ ਸਰਕਾਰ ਨੇ ਬਾਂਹ ਨਹੀਂ ਫੜੀ, ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੇ ਸਮੇਂ ਵਿੱਚ ਬਹੁਤ ਸਾਰੇ ਮਹਿਕਮੇ ਛੁੱਟੀਆਂ ’ਤੇ ਚਲੇ ਗਏ ਸਨ ਪਰੰਤੂ ਪੁਲਿਸ ਮਹਿਕਮਾਂ ਅਤੇ ਡਾਕਟਰਾਂ ਦੇ ਨਾਲ ਸਿਰਫ਼ ਫਾਰਮਾਸਿਸਟ ਅਤੇ ਹੋਰ ਮੈਡੀਕਲ ਸਟਾਫ਼ ਹੀ ਆਪਣੀਆਂ ਜਾਨਾਂ ਤਲੀ ’ਤੇ ਧਰ ਕੇ ਕੰਮ ਕਰ ਰਿਹਾ ਸੀ।

sunam-3ਉਨ੍ਹਾਂ ਅੱਗੇ ਕਿਹਾ ਕਿ ਉਸ ਸਮੇਂ ਸਰਕਾਰ ਨੇ ਸਾਨੂੰ ਕੋਰੋਨਾ ਯੋਧਾ ਦੇ ਨਾਂਅ ਨਾਲ ਵੀ ਨਵਾਜਿਆ ਅਤੇ ਸਾਨੂੰ ਇਹ ਸੀ ਕਿ ਹੁਣ ਜਿਸ ਤਰ੍ਹਾਂ ਦੀ ਡਿਊਟੀ ਉਹ ਕਰ ਰਹੇ ਹਨ ਸ਼ਾਇਦ ਉਨ੍ਹਾਂ ਨੂੰ ਸਰਕਾਰ ਪੱਕੇ ਵੀ ਜ਼ਰੂਰ ਕਰ ਦੇਵੇਗੀ। ਪ੍ਰੰਤੂ ਉਨ੍ਹਾਂ ਨੂੰ ਨਾਂ ਤਾਂ ਪੱਕੇ ਕੀਤਾ ਗਿਆ ਹੈ ਨਾਂ ਹੀ ਉਨ੍ਹਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਗੂਣੀਆਂ ਤਨਖਾਹਾਂ ਨਾਲ ਇਸ ਮਹਿੰਗਾਈ ਦੇ ਦੌਰ ਅੰਦਰ ਉਨ੍ਹਾਂ ਨੂੰ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਜਿਵੇਂ ਪਿਛਲੇ ਦਿਨੀਂ ਉਨ੍ਹਾਂ ਦੇ ਸਾਥੀ ਫਾਰਮਾਸਿਸਟ ਵੱਲੋਂ ਇਸ ਘੱਟ ਤਨਖ਼ਾਹ ਕਾਰਨ ਵਿੱਤੀ ਹਾਲਾਤਾਂ ਨਾਲ ਜੂਝਦੇ ਹੋਏ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਹੈ ਉਸੇ ਤਰ੍ਹਾਂ ਹੋਰ ਅਨੇਕਾਂ ਹੀ ਫਾਰਮਾਸਿਸਟ ਠੇਕਾ ਮੁਲਾਜ਼ਮ ਅਸਤੀਫੇ
ਦੇਣ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸ਼ਾਇਦ ਉਨ੍ਹਾਂ ਦੀ ਗੁਹਾਰ ਨਵੀਂ ਸਰਕਾਰ ਜ਼ਰੂਰ ਸੁਣੇਗੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਨ ਕਿ ਜਲਦ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਤਾਂ ਜੋ ਉਹ ਇਸ ਮਹਿੰਗਾਈ ਦੇ ਜ਼ਮਾਨੇ ਅੰਦਰ ਆਪਣੇ ਪਰਿਵਾਰਾਂ ਨੂੰ ਸੁਖਾਲਾ ਚਲਾ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ