ਕਾਂਗਰਸੀ ਵਿਧਾਇਕ ਨਾਗਰਾ ਬੋਲੇ, ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣਾ ਗਲਤ ਫੈਸਲਾ, ਮੁੱਖ ਮੰਤਰੀ ਵਾਪਸ ਲੈਣ ਫੈਸਲਾ

ਵਿਰੋਧੀ ਧਿਰਾਂ ਤੋਂ ਬਾਅਦ ਵਿਧਾਇਕ ਨਾਗਰਾ ਨੇ ਚੁੱਕੀ ਕੈਬਨਿਟ ਦੇ ਫੈਸਲੇ ‘ਤੇ ਉਂਗਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ 2 ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਫੈਸਲੇ ਨੂੰ ਵਿਰੋਧੀ ਧਿਰਾਂ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕਾਂ ਨੇ ਵੀ ਗਲਤ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਸ ਫੈਸਲੇ ‘ਤੇ ਉਂਗਲ ਚੁਕਦੇ ਹੋਏ ਇਸ ਫੈਸਲੇ ਨੂੰ ਵਾਪਸ ਲੈਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ।

ਕੁਲਜੀਤ ਨਾਗਰਾ ਨੇ ਕਿਹਾ ਕਿ ਬੀਤੇ ਦਿਨ ਕੈਬਨਿਟ ਮੀਟਿੰਗ ਵਿੱਚ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਜਿਹੜੀ ਨੌਕਰੀਆਂ ਦਿੱਤੀ ਗਈਆ ਹਨ, ਉਸ ਫੈਸਲੇ ‘ਤੇ ਹਕ ਵਿੱਚ ਉਹ ਨਹੀਂ ਹਨ। ਉਹ ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਇਹ ਫੈਸਲਾ ਅੱਜ ਦੀ ਨੌਜਵਾਨ ਪੀੜੀ ਨੂੰ ਦੇਖਦੇ ਹੋਏ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਇਸ ਲਈ ਜੇਕਰ ਕੈਬਨਿਟ ਮੀਟਿੰਗ ਦੋਬਾਰਾ ਸੱਦਣੀ ਵੀ ਪਏ ਤਾਂ ਕੈਬਨਿਟ ਮੀਟਿੰਗ ਨੂੰ ਸੱਦ ਕੇ ਫੈਸਲਾ ਵਾਪਸ ਲਿਆ ਜਾਵੇ। ਕੁਲਜੀਤ ਨਾਗਰਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਲੋਕ ਹਿੱਤ ਦੇ ਮੁੱਦੇ ਨੂੰ ਚੁੱਕਿਆ ਹੈ ਤਾਂ ਜੇਕਰ ਕੋਈ ਗਲਤ ਫੈਸਲਾ ਲਿਆ ਗਿਆ ਹੋਵੇ ਤਾਂ ਉਸ ਦੇ ਖ਼ਿਲਾਫ਼ ਵੀ ਖੜੇ ਹੋਏ ਹਨ।

ਕੁਲਜੀਤ ਨਾਗਰਾ ਵਲੋਂ ਇਹ ਬਿਆਨ ਆਉਣ ਤੋਂ ਬਾਅਦ ਹੁਣ ਕਾਂਗਰਸ ਸਰਕਾਰ ਲਈ ਵੱਡਾ ਸੰਕਟ ਖੜਾ ਹੋ ਸਕਦਾ ਹੈ, ਕਿਉਂਕਿ ਵਿਧਾਇਕਾਂ ਨੇ ਹੁਣ ਕੈਬਨਿਟ ਦੇ ਫੈਸਲੇ ਨੂੰ ਗਲਤ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਸ ਨਾਲ ਕਾਂਗਰਸ ਪਾਰਟੀ ਦੇ ਨਾਲ ਹੀ ਸਰਕਾਰ ਵਿੱਚ ਵੀ ਕਾਫ਼ੀ ਅਸਰ ਪੈਂਦਾ ਨਜ਼ਰ ਆਏਗਾ। ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਸ ਫੈਸਲੇ ਨੂੰ ਜਾਇਜ ਕਰਾਰ ਦਿੰਦੇ ਹੋਏ ਵਿਰੋਧੀ ਪਾਰਟੀਆ ਨੂੰ ਇਸ ਮੁੱਦੇ ‘ਤੇ ਸਿਆਸਤ ਨਹੀਂ ਕਰਨ ਦੀ ਨਸੀਹਤ ਦਿੱਤੀ ਹੈ ਪਰ ਹੁਣ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੇ ਹੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।