ਕ੍ਰਿਕਟ ਟੂਰਨਾਮੈਂਟ ਮੌਕੇ ਹੋਏ ਝਗੜੇ ‘ਚ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ

ਕ੍ਰਿਕਟ ਟੂਰਨਾਮੈਂਟ ਮੌਕੇ ਹੋਏ ਝਗੜੇ ‘ਚ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ

ਮੌੜ ਮੰਡੀ (ਰਾਕੇਸ਼ ਗਰਗ) ਹਲਕਾ ਮੌੜ ਦੇ ਪਿੰਡ ਥੰਮਣਗੜ੍ਹ ਵਿਖੇ ਕ੍ਰਿਕਟ ਟੂਰਨਾਮੈਂਟ ਮੌਕੇ ਹੋਈ ਤਕਰਾਰ ਦੌਰਾਨ ਦੋਵੇਂ ਪਾਸੇ ਤੋਂ ਚੱਲੀਆਂ ਗੋਲੀਆਂ ਦੌਰਾਨ ਕਾਂਗਰਸੀ ਆਗੂ ਤਰਨਪਾਲ ਸਿੰਘ ਢਿੱਲੋਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਥੰਮਣਗੜ੍ਹ ਦੇ ਨੌਜਵਾਨਾਂ ਵੱਲੋਂ ਕਰਵਾਏ ਜਾ ਰਹੇ ਛੇਵੇਂ ਕਾਸਕੋ ਕ੍ਰਿਕਟ ਟੂਰਨਾਮੈਂਟ ਦਾ ਅੱਜ ਅਖੀਰਲਾ ਦਿਨ ਸੀ ਟੂਰਨਾਮੈਂਟ ‘ਚ ਇਸੇ ਪਿੰਡ ਦਾ ਹੀ ਕਾਂਗਰਸੀ ਆਗੂ ਤਰਨਪਾਲ ਸਿੰਘ ਢਿੱਲੋਂ ਪੁੱਤਰ ਗੁਰਜੰਟ ਸਿੰਘ ਬਤੌਰ ਮੁੱਖ ਮਹਿਮਾਨ ਸੀ ਅਤੇ ਤਰਨਪਾਲ ਸਿੰਘ ਢਿੱਲੋਂ ਦੇ ਚਾਚੇ ਦਾ ਪੁੱਤਰ ਗੁਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵੀ ਟੂਰਨਾਂਮੈਂਟ ‘ਚ ਆਇਆ ਹੋਇਆ ਸੀ ਇਸ ਦੌਰਾਨ ਤਰਨਪਾਲ ਸਿੰਘ ਢਿੱਲੋਂ ਅਤੇ ਗੁਰਜੀਤ ਸਿੰਘ ਵਿਚਕਾਰ ਕਿਸੇ ਗੱਲ ਤੋਂ ਗਾਲੀ ਗਲੋਚ ਹੋ ਗਿਆ

ਜਿਸ ਦੇ ਚਲਦਿਆਂ ਦੋਵਾਂ ਨੇ ਇਕ ਦੂਸਰੇ ਉਪਰ ਗੋਲੀਆਂ ਚਲਾ ਦਿੱਤੀਆਂ ਤਰਨਪਾਲ ਵੱਲੋਂ ਚਲਾਈ ਗੋਲੀ ਨਾਲ ਗੁਰਜੀਤ ਸਿੰਘ ਦਾ ਹੱਥ ਜਖਮੀ ਹੋ ਗਿਆ ਜਦਕਿ ਗੁਰਜੀਤ ਸਿੰਘ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਜਿਹਨਾਂ ਵਿੱਚੋ ਇੱਕ ਗੋਲੀ ਤਰਨਪਾਲ ਸਿੰਘ ਢਿੱਲੋਂ ਦੀ ਛਾਤੀ ਵਿੱਚ ਲੱਗੀ ਜਿਸ ਕਾਰਨ ਉਹ ਧਰਤੀ ਉੱਪਰ ਡਿੱਗ ਪਿਆ ਅਤੇ ਗੁਰਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਗੋਲੀਆਂ ਦੀ ਅਵਾਜ਼ ਨਾਲ ਇੱਕ ਵਾਰ ਕ੍ਰਿਕਟ ਟੂਰਨਾਮੈਂਟ ਦੇਖ ਰਹੇ ਪਿੰਡ ਵਾਸੀਆਂ ਵਿੱਚ ਭਗਦੜ ਮੱਚ ਗਈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਚੁੱਕ ਕੇ ਆਦੇਸ਼ ਹਸਪਤਾਲ ਭੁੱਚੋ ਵਿਖੇ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ

ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇਹ ਦੋਵੇਂ ਆਪਸ ਵਿਚ ਚਚੇਰੇ ਭਰਾ ਸਨ ਪ੍ਰੰਤੂ ਦੋਵਾਂ ਦੀ ਕਿਸੇ ਜ਼ਮੀਨੀ ਝਗੜੇ ਕਾਰਨ ਆਪਸ ਵਿੱਚ ਖਹਿਬਾਜ਼ੀ ਚਲਦੀ ਸੀ ਜਿਕਰਯੋਗ ਹੈ ਕਿ ਤਰਨਪਾਲ ਸਿੰਘ ਢਿੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀ । ਇਸ ਮਾਮਲੇ ਸੰਬੰਧੀ ਮੌੜ ਦੇ ਡੀ.ਐਸ.ਪੀ. ਮਨੋਜ ਗੋਰਸੀ ਨੇ ਦੱਸਿਆ ਕਿ ਧਾਰਾ 302 ਅਤੇ ਆਰਮਜ਼ ਐਕਟ ਤਹਿਤ ਮ੍ਰਿਤਕ ਦੇ ਚਚੇਰੇ ਭਰਾ ਗੁਰਜੀਤ ਸਿੰਘ ਖਿਲਾਫ ਮਾਮਲਾ ਦਰਜ਼ ਕਰਕੇ ਮੁਲਜਮ ਦੀ ਭਾਲ ਆਰੰਭ ਕਰ ਦਿੱਤੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।