ਜ਼ਿਲਾ ਪ੍ਰਸ਼ਾਸਨ ਦਾ ਹਾਲ : ‘ਬੂਹੇ ਆਈ ਜੰਝ, ਵਿੰਨ੍ਹੋ ਕੁੜੀ ਦੀ ਕੰਨ’

Ludhiana News

ਹਾਲਾਤ ਬੇਕਾਬੂ ਹੋਣ ਪਿੱਛੋਂ ਬਚਾਅ ਕਾਰਜ ਸ਼ੁਰੂ, ਦਰਿਆ ਕਿਨਾਰੇ ਬੈਠੇ ਲੋਕਾਂ ਨੂੰ ਸੁਰੱਖਿਅਤ ਜਗਾ ਜਾਣ ਦਿੱਤੇ ਨਿਰਦੇਸ਼  | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਪ੍ਰਸ਼ਾਸਨ ਲੁਧਿਆਣਾ (Ludhiana News) ’ਤੇ ਪੰਜਾਬੀ ਦੀ ਕਹਾਵਤ ‘ਬੂਹੇ ਆਈ ਜੰਝ, ਵਿੰਨੋ ਕੁੜੀ ਦੇ ਕੰਨ’ ਹੂ- ਬ  ਹੂ ਫਿੱਟ ਬੈਠਦੀ ਹੈ ਜੋ ਸਮਾਂ ਰਹਿੰਦਿਆਂ ਹੱਲ ਕਰਨ ਦੀ ਬਜਾਇ ਸਥਿਤੀ ਬੇਕਾਬੂ ਹੋਣ ’ਤੇ ਬਚਾਅ ਕਾਰਜ਼ਾਂ ’ਚ ਜੁਟਿਆ ਹੈ। ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਲੁਧਿਆਣਾ ਤੇ ਇਸਦੇ ਆਸ ਪਾਸ ਦੇ ਖੇਤਰਾਂ ’ਚ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦਿਖਾਈ ਦੇ ਰਹੇ ਹਨ। ਬੁੱਢੇ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਜਿਸ ਕਾਰਨ ਖ਼ਤਰਾ ਲੁਧਿਆਣਾ ਵਾਸੀਆਂ ਦੇ ਸਿਰ ’ਤੇ ਮੰਡਰਾ ਰਿਹਾ ਹੈ।

ਹਰ ਸਾਲ ਦੀ ਤਰਾਂ ਮੈਨਚੈਸਟਰ ਵਜੋਂ ਜਾਣੇ ਜਾਂਦੇ ਲੁਧਿਆਣਾ ਵਿੱਚਦੀ ਲੰਘਦਾ ਬੁੱਢੇ ਦਰਿਆ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ’ਚ ਸਾਉਣ ਦੇ ਮੀਂਹ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਕੁੱਝ ਇਲਾਕਿਆਂ ’ਚ ਮੀਂਹ ਦਾ ਪਾਣੀ ਬੁੱਢੇ ਦਰਿਆ ਦੇ ਕਿਨਾਰਿਆ ਤੱਕ ਪਹੁੰਚ ਗਿਆ ਹੈ। ਬੇਸ਼ੱਕ ਸਥਾਨਕ ਜ਼ਿਲਾ ਪ੍ਰਸ਼ਾਸਨ ਦੁਆਰਾ ਬਰਸਾਤੀ ਮੌਸਮ ਦੇ ਮੱਦੇਨਜ਼ਰ ਢੁਕਵੇਂ ਪ੍ਰਬੰਧ ਕਰ ਲਏ ਜਾਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਸੀ ਪਰ ਸਾਉਣ ਦੇ ਮੀਂਹ ਦੇ ਪਾਣੀ ਦਾ ਵਰਸਣ ਅਤੇ ਸਤਲੁਜ਼ ਦਰਿਆ ’ਚ ਰੋਪੜ ਹੈੱਡਵਰਕਸ ਤੋਂ ਪਾਣੀ ਛੱਡੇ ਜਾਣ ਨਾਲ ‘ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ’।

ਪੰਜਾਬ ਸਰਕਾਰ ਵੱਲੋਂ ਫਲੱਡ ਕੰਟਰੋਲ ਲਈ ਸੂਬੇ ਭਰ ਵਾਸਤੇ ਹੈਲਪ ਲਾਇਨ ਨੰਬਰਾਂ ਦੀ ਲਿਸਟ ਜਾਰੀ

ਪ੍ਰਸ਼ਾਸਨ ਮੁਤਾਬਕ ਰੋਪੜ ਹੈੱਡਵਰਕਸ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ਼ ਦਰਿਆ ’ਚ ਪਾਣੀ ਦਾ ਪੱਧਰ ਤੇਜ਼ ਅਤੇ ਵਧ ਰਿਹਾ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਦਰਿਆ ਕਿਨਾਰਿਆ ’ਤੇ ਵਸਦੇ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ ’ਚ ਜਾਣ ਦੀ ਸਲਾਹ ਦਿੱਤੀ ਹੈ। ਪਾਣੀ ਦੀ ਨਿਕਾਸੀ ਲਈ ਲੁਧਿਆਣਾ ਸ਼ਹਿਰ ਦੇ ਢੋਕਾ ਮੁਹੱਲਾ ਟੀ ਪੁਆਇੰਟ ਪੁਲੀ ਵਿੱਚ ਦੋ ਪੰਪ ਲਗਾਏ ਗਏ ਹਨ। ਇਹਤਿਆਤ ਵਜੋਂ ਸਿੱਧਵਾਂ ਵਿਖੇ ਪਸੂਆਂ ਸਮੇਤ ਸਤਲੁਜ ਦਰਿਆ ਦੇ ਕੰਢੇ ਬੈਠੇ ਗੁੱਜਰਾਂ ਨੂੰ ਏਡੀਸੀ ਜਗਰਾਉਂ ਅਮਿਤ ਸਰੀਨ ਦੀ ਹਾਜਰੀ ਵਿੱਚ ਸੁਰੱਖਿਅਤ ਥਾਂ ’ਤੇ ਤਬਦੀਲ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਚਾਅ ਕਾਰਜ਼ਾਂ ਲਈ ਲੁਧਿਆਣਾ ਦੇ ਪਿੰਡ ਗੜੀ ਸੇਰੋ ਅਤੇ ਗੜੀ ਫਾਜ਼ਿਲ ਨੇੜੇ ਸਤਲੁਜ ਦਰਿਆ ’ਤੇ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਦੇ ਅਧਿਕਾਰੀ ਤਿੱਖੀ ਨਜਰ ਰੱਖ ਰਹੇ ਹਨ।

ਇਸ ਤੋਂ ਇਲਾਵਾ ਪ੍ਰਸ਼ਾਸਨ ਦੁਆਰਾ ਕੁੰਦਨਪੁਰੀ ਬਰੇਕ ਨੂੰ ਪਲੱਗ ਕੀਤਾ ਗਿਆ ਹੈ। ਦੱਸ ਦਈਏ ਕਿ ਕੁੱਝ ਦਿਨਾਂ ਪਹਿਲਾਂ ਨਿਕਾਸੀ ਨਾਲੇ ਦੇ ਓਵਰਫ਼ਲੋ ਹੋਣ ਕਾਰਨ ਤਾਜਪੁਰ ਰੋਡ ’ਤੇ ਹਰਿਜਤ ਕਲੋਨੀ ਨਜ਼ਦੀਕ 100 ਝੁੱਗੀਆਂ ਪਾਣੀ ’ਚ ਡੁੱਬ ਗਈਆਂ ਸਨ। ਇਸ ਤੋਂ ਇਲਾਵਾ ਸ਼ਹਿਰ ਅੰਦਰ ਕਈ ਥਾਵਾਂ ’ਤੇ ਸੜਕਾਂ ਅਤੇ ਸੀਵਰੇਜ ਵੀ ਧਰਤੀ ਹੇਠਾਂ ਧਸ ਚੁੱਕੇ ਹਨ। ਇਸ ਦੇ ਨਾਲ ਹੀ ਸਮੁੱਚੀਆਂ ਸੜਕਾਂ ’ਚ ਮੀਂਹ ਦੇ ਪਾਣੀ ਕਾਰਨ ਡੂੰਘੇ ਖੱਡੇ ਵੀ ਪੈ ਚੁੱਕੇ ਹਨ ਜੋ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ।  ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਸੂਬਾ ਸਰਕਾਰ ਵੱਲੋਂ ਹੜਾਂ ਵਰਗੀ ਸਥਿਤੀ ਦੇ ਨਾਲ ਨਿਪਟਣ ਲਈ ਸੂਬੇ ਭਰ ਦੇ ਲੋਕਾਂ ਵਾਸਤੇ ਫਲੱਡ ਕੰਟਰੋਲ ਰੂਮਾਂ ਦੇ ਨੰਬਰਾਂ ਦੀ ਲਿਸਟ ਵੀ ਜਾਰੀ ਕੀਤੀ ਹੈ। ਜਿੰਨਾਂ ’ਤੇ ਐਮਰਜੈਂਸੀ ਵੇਲੇ ਸਹਾਇਤਾ ਲਈ ਜਾ ਸਕਦੀ ਹੈ।

ਪ੍ਰਸੰਸਾਯੋਗ | Ludhiana News

ਜ਼ਿਲਾ ਪ੍ਰਸਾਸਨ ਲੁਧਿਆਣਾ ਨੇ ਜ਼ਿਲੇ ਦੇ ਮਾਛੀਵਾੜਾ ਨੇੜੇ ਪਿੰਡ ਸੈਂਸੋਵਾਲ ਖੁਰਦ ਤੋਂ 4 ਬੱਚਿਆਂ, 5 ਔਰਤਾਂ ਸਮੇਤ 22 ਵਿਅਕਤੀਆਂ ਨੂੰ ਬਚਾਇਆ ਹੈ ਜੋ ਐਸਬੀਐਸ ਨਗਰ ਵਿੱਚ ਨਦੀ ਦੇ ਦੂਜੇ ਪਾਸੇ ਖੇਤਾਂ ’ਚ ਝੋਨਾ ਬੀਜਣ ਗਏ ਸਨ। ਇਯ ਦੌਰਾਨ ਦਰਿਆ ’ਚ ਪਾਣੀ ਦਾ ਪੱਧਰ ਵਧ ਗਿਆ ਤੇ ਉਹ ਮਜ਼ਦੂਰ ਫਸ ਗਏ। ਪਤਾ ਲੱਗਦਿਆਂ ਹੀ ਐਸਡੀਐਮ ਕੁਲਦੀਪ ਬਾਵਾ ਮੌਕੇ ’ਤੇ ਪੁੱਜੇ ਅਤੇ ਵਿਸ਼ੇਸ਼ ਕਿਸਤੀ ਰਾਹੀਂ ਸੁਰੱਖਿਅਤ ਬਚਾ ਕੇ ਪਿੰਡ ਧੂਲੇਵਾਲ ਲਿਆਂਦਾ ਗਿਆ।

ਘਬਰਾਉਣ ਦੀ ਨਹੀਂ ਲੋੜ

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਹੜ ਵਰਗੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੋਣ ਦਾ ਦਾਅਵਾ ਕਰਦਿਆਂ ਇਲਾਕੇ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਦਰਿਆ ਦੇ ਕੰਢਿਆਂ ’ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਉਨਾਂ ਕਿਹਾ ਕਿ ਗਠਿਤ ਟੀਮਾਂ ਸਰਗਰਮ ਹਨ ਕਿਸੇ ਵੀ ਸਥਿਤੀ ’ਚ ਜ਼ਿਲਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ। ਰੋਪੜ ਹੈੱਡਵਰਕਸ ਤੋਂ ਪਾਣੀ ਛੱਡੇ ਜਾਣ ਦੀ ਪੁਸ਼ਟੀ ਕਰਦਿਆਂ ਮਲਿਕ ਨੇ ਨੇੜਲੀਆਂ ਪੰਚਾਇਤਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ। ਡੀਸੀ ਮੁਤਾਬਕ ਸਾਰੇ ਮਾਲ ਕਰਮਚਾਰੀ ਮੁਨਾਦੀ ਕਰਵਾਉਣ ਦੇ ਨਾਲ ਹੀ ਲੋੜ ਪੈਣ ’ਤੇ ਰਾਹਤ ਕੈਂਪਾਂ ਲਈ ਸੁਰੱਖਿਅਤ ਥਾਵਾਂ ਦੀ ਚੋਣ ਕਰ ਰਹੇ ਹਨ। ਇਸ ਤੋਂ ਇਲਾਵਾ ਐਨ.ਡੀ.ਆਰ.ਐਫ. ਵਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆਂ (ਐਨ.ਐਚ.ਏ.ਆਈ.) ਅਤੇ ਪੀ.ਡਬਲਿਊ.ਡੀ. ਦੇ ਸਟਾਫ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਤਾਂ ਜੋ ਹੜ ਵਰਗੀ ਸਥਿਤੀ ਨਾਲ ਨਜਿੱਠਿਆ ਜਾ ਸਕੇ।

Ludhiana News