ਵਾਰਡ ਨੰਬਰ 1 ਸਾਂਈ ਮਾਰਕੀਟ ਕਾਲੌਨੀ ’ਚ ਖੜੇ ਗੰਦੇ ਪਾਣੀ ਦੀ ਕਰਵਾਈ ਗਈ ਨਿਕਾਸੀ
Swachh Bharat: (ਅਨਿਲ ਲੁਟਾਵਾ) ਅਮਲੋਹ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਪ੍ਰਮੁੱਖ ਸੜਕਾਂ ਦੀ ਸਾਫ-ਸਫਾਈ ਲਈ ਮਨਾਏ ਗਏ ਸਵੱਛਤਾ ਦੀ ਲਹਿਰ ਪੰਦਰਵਾੜੇ ਅਧੀਨ ਅਮਲੋਹ ਸ਼ਹਿਰ ਦੇ ਵਾਰਡਾਂ ਦੀ ਮੁਕੰਮਲ ਸਾਫ-ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਗੰਦਗੀ ਫੈਲਣ ਕਾਰਨ ਕੋਈ ਬਿਮਾਰੀ ਨਾ ਫੈਲ ਸਕੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਸਵੱਛਤਾ ਦੀ ਲਹਿਰ ਪੰਦਰਵਾੜੇ ਬਾਰੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਫਾਈ ਸਬੰਧੀ ਸਮਰਪਣ ਦੀ ਭਾਵਨਾ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਇਹ ਵੀ ਪੜ੍ਹੋ: Stubble Burning: ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਟੀਮਾਂ ਪਿੰਡਾਂ ’ਚ ਲਗਾਤਾਰ ਡਟੀਆਂ
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਵਾਰਡ ਨੰਬਰ 1 ਸਾਂਈ ਮਾਰਕੀਟ ਵਿੱਚ ਖੜੇ ਸੀਵਰੇਜ਼ ਦੇ ਪਾਣੀ ਦਾ ਮਾਮਲਾ ਧਿਆਨ ਵਿੱਚ ਆਉਣ ’ਤੇ ਉਨ੍ਹਾਂ ਫੌਰੀ ਨਗਰ ਕੌਂਸਲ ਦੀ ਟੀਮ ਭੇਜ ਕੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕੁਝ ਮੁਹੱਲਾ ਵਾਸੀ ਪਲਾਸਟਿਕ ਤੋਂ ਬਣੇ ਲਿਫਾਫੇ ਨਾਲੀਆਂ ਵਿੱਚ ਸੁੱਟ ਦਿੰਦੇ ਹਨ ਜੋ ਕਿ ਗਟਰ ਵਿੱਚ ਜਾ ਕੇ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਪੈਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਾਫ ਸਫਾਈ ਵਿੱਚ ਕਿਸੇ ਕਿਸਮ ਦੀ ਅਣ-ਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਆਪਣੇ ਘਰਾਂ ਦਾ ਕੂੜਾ ਗਲੀਆਂ ਨਾਲੀਆਂ ਵਿੱਚ ਸੁੱਟਣ ਵਾਲਿਆਂ ਦੇ ਚਲਾਨ ਕਰਕੇ ਜੁਰਮਾਨੇ ਵਸੂਲੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਾਰਡ ਨੰਬਰ 13 ਵਿੱਚ 2 ਚਲਾਨ ਵੀ ਕੀਤੇ ਗਏ ਹਨ ਜੋ ਕਿ ਪਸ਼ੂਆਂ ਦੀ ਗੋਹਾ ਗਲੀਆਂ ਵਿੱਚ ਸੁੱਟਦੇ ਸਨ ਅਤੇ ਉਹ ਅੱਗੇ ਜਾ ਕੇ ਸੀਵਰੇਜ ਵਿੱਚ ਜਾ ਕੇ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਪਾਉਂਦਾ ਸੀ। Swachh Bharat
ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਚਲਾਈ ਸਵੱਛਤਾ ਦੀ ਲਹਿਰ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ ਡੋਰ-ਟੂ-ਡੋਰ ਕੂੜਾ ਲੈਣ ਲਈ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਟੀਮਾਂ ਨੂੰ ਘਰਾਂ ਦਾ ਗਿੱਲ੍ਹਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਵੱਛਤਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ, ਇਸ ਲਈ ਸਮੂਹ ਨਾਗਰਿਕਾਂ ਨੂੰ ਇਸ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।