ਕੜਾਕੇ ਦੀ ਠੰਢ ਨੇ ਵੱਜਣ ਲਾਇਆ ਦੰਦ ਕੜਿੱਕਾ

Fog Weather
ਬਠਿੰਡਾ : ਠੰਢ ਤੋਂ ਬਚਣ ਲਈ ਅੱਗ ਸੇਕਦੇ ਹੋਏ ਲੋਕ।

ਧੁੰਦ ਕਾਰਨ ਸੜਕਾਂ ’ਤੇ ਵਾਹਨ ਵੀ ਕੀੜੀ ਦੀ ਚਾਲ ਚੱਲਦੇ ਨਜ਼ਰ ਆਏ

(ਸੁਖਜੀਤ ਮਾਨ) ਬਠਿੰਡਾ। ਇਨ੍ਹੀਂ ਦਿਨੀਂ ਪੈ ਰਹੀ ਕੜਾਕੇ ਦੀ ਠੰਢ ਨੇ ਆਮ ਲੋਕਾਂ ਦੀ ਜ਼ਿੰਦਗੀ ਦੀ ਗੱਡੀ ਲੀਹੋਂ ਉਤਾਰ ਦਿੱਤੀ ਹੈ ਛੋਟੇ ਦਿਨ ਤੇ ਉੱਤੋਂ ਠੰਢ ਦਾ ਕਹਿਰ ਹੋਣ ਕਰਕੇ ਮਜ਼ਦੂਰਾਂ ਹੱਥੋਂ ਮਜ਼ਦੂਰੀ ਵੀ ਖੁੱਸ ਗਈ। ਸੰਘਣੀ ਧੁੰਦ ਕਾਰਨ ਸਵੇਰੇ ਕਰੀਬ 10-11 ਵਜੇ ਤੱਕ ਸੜਕਾਂ ’ਤੇ ਵਾਹਨ ਵੀ ਕੀੜੀ ਦੀ ਚਾਲ ਚੱਲਦੇ ਹਨ। ਪਿਛਲੇ ਕਰੀਬ ਇੱਕ ਹਫ਼ਤੇ ਤੋਂ ਅਜਿਹਾ ਹੀ ਮੌਸਮ ਬਣਿਆ ਹੋਇਆ ਹੈ ਤੇ ਮੌਸਮ ਵਿਭਾਗ ਵੱਲੋਂ ਹਾਲੇ ਆਉਂਦੇ ਕੁਝ ਦਿਨਾਂ ਤੱਕ ਹੋਰ ਜ਼ਿਆਦਾ ਠੰਢ ਅਤੇ ਧੁੰਦ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। Fog Weather

ਮੌਸਮ ਵਿਭਾਗ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਬਠਿੰਡਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ’ਚ ਘੱਟੋ-ਘੱਟ ਤਾਪਮਾਨ 7 ਡਿਗਰੀ ਰਿਹਾ ਇਸ ਤੋਂ ਇਲਾਵਾ ਸ੍ਰੀ ਅੰਮਿ੍ਰਤਸਰ ਸਾਹਿਬ 9.9 ਡਿਗਰੀ, ਫਿਰੋਜ਼ਪੁਰ 9.5 ਡਿਗਰੀ ਲੁਧਿਆਣਾ 9 ਡਿਗਰੀ, ਪਟਿਆਲਾ 9.5 , ਫਰੀਦਕੋਟ 10.6 ਡਿਗਰੀ ਅਤੇ ਬਰਨਾਲਾ 8.9 ਡਿਗਰੀ ਰਿਹਾ ਠੰਢ ਦੇ ਇਸ ਮੌਸਮ ’ਚ ਜ਼ਿਆਦਾਤਰ ਕੰਮ ਕਾਜ ਵੀ ਠੰਢੇ ਪੈ ਗਏ ਹਨ ਸਭ ਤੋਂ ਜ਼ਿਆਦਾ ਮਾਰ ਮਜ਼ਦੂਰਾਂ ਨੂੰ ਝੱਲਣੀ ਪੈ ਰਹੀ ਹੈ ਕਿਉਂਕਿ ਠੰਢ ਅਤੇ ਦਿਨ ਛੋਟੇ ਹੋਣ ਕਰਕੇ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਪਿੰਡਾਂ ਅਤੇ ਸ਼ਹਿਰਾਂ ’ਚ ਜ਼ਿਆਦਾਤਰ ਲੋਕ ਧੂੰਈਆਂ ਬਾਲ ਕੇ ਠੰਢ ਤੋਂ ਬਚਾਅ ’ਚ ਬੈਠੇ ਦਿਖਾਈ ਦਿੰਦੇ ਹਨ ਬੱਸਾਂ ’ਚ ਵੀ ਆਮ ਦਿਨਾਂ ਦੇ ਮੁਕਾਬਲੇ ਭੀੜ ਘੱਟ ਹੋਣ ਲੱਗੀ ਹੈ। Fog Weather

ਸੰਘਣੀ ਧੁੰਦ ਦੀ ਚਿਤਾਵਨੀ (Fog Weather)

ਮੌਸਮ ਵਿਭਾਗ ਨੇ ਮੌਸਮ ਦੀ ਜੋ ਅਗਾਊਂ ਜਾਣਕਾਰੀ ਦਿੱਤੀ ਹੈ, ਉਸ ਮੁਤਾਬਿਕ ਆਉਣ ਵਾਲੇ ਦੋ ਦਿਨਾਂ ’ਚ ਅੰਮਿ੍ਰਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ , ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ’ਚ ਬਹੁਤ ਜ਼ਿਆਦਾ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਮੌਸਮ ਮਾਹਿਰਾਂ ਨੇ ਇਹ ਵੀ ਦੱਸਿਆ ਹੈ ਕਿ 31 ਦਸੰਬਰ ਅਤੇ ਨਵ੍ਹੇਂ ਵਰ੍ਹੇ ਦੇ ਪਹਿਲੇ ਦਿਨ 1 ਜਨਵਰੀ ਨੂੰ ਕੁਝ ਜ਼ਿਲ੍ਹਿਆਂ ’ਚ ਧੁੰਦ ਘੱਟ ਹੋ ਸਕਦੀ ਹੈ